ਮੰਗਲਵਾਰ 12 ਫਰਵਰੀ 2019 (30 ਮਾਘ ਸੰਮਤ 550 ਨਾਨਕਸ਼ਾਹੀ)
ਸਲੋਕੁ ਮਃ ੩ ॥ ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥ ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥ ਹਰਿ ਸੇਤੀ ਮਨੁ ਰਵਿ ਰਹਿਆ ਸਚੇ ਰਹਿਆ ਸਮਾਇ ॥ {ਅੰਗ 651}
ਅਰਥ: ਸਤਿਗੁਰੂ ਦੀ ਸੇਵਾ ਤੋਂ (ਮਨੁੱਖ) ਨੂੰ ਸੁਖ ਪ੍ਰਾਪਤ ਹੁੰਦਾ ਹੈ, ਫਿਰ ਕਦੇ ਕਲੇਸ਼ ਨਹੀਂ ਹੁੰਦਾ, ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ ਤੇ ਜਮਕਾਲ ਦਾ ਕੁਝ ਵੱਸ ਨਹੀਂ ਚੱਲਦਾ; ਹਰੀ ਨਾਲ ਉਸ ਦਾ ਮਨ ਮਿਲਿਆ ਰਹਿੰਦਾ ਹੈ ਤੇ ਉਹ ਸੱਚੇ ਵਿਚ ਸਮਾਇਆ ਰਹਿੰਦਾ ਹੈ।
ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚਲਨਿ ਸਤਿਗੁਰ ਭਾਇ ॥੧॥ {ਪੰਨਾ 651}
ਅਰਥ: ਹੇ ਨਾਨਕ! ਮੈਂ ਉਹਨਾਂ ਤੋਂ ਸਦਕੇ ਹਾਂ, ਜੋ ਸਤਿਗੁਰੂ ਦੇ ਪਿਆਰ ਵਿਚ ਤੁਰਦੇ ਹਨ।੧।
ਮਃ ੩ ॥ ਬਿਨੁ ਸਬਦੈ ਸੁਧੁ ਨ ਹੋਵਈ ਜੇ ਅਨੇਕ ਕਰੈ ਸੀਗਾਰ ॥ ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰੁ ॥ ਸਾ ਕੁਸੁਧ ਸਾ ਕੁਲਖਣੀ ਨਾਨਕ ਨਾਰੀ ਵਿਚਿ ਕੁਨਾਰਿ ॥੨॥ {ਪੰਨਾ 651-652}
ਪਦਅਰਥ: ਸਾਰ = ਕਦਰ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ।
ਅਰਥ: ਸਤਿਗੁਰੂ ਦੇ ਸ਼ਬਦ ਤੋਂ ਬਿਨਾ (ਜੀਵ-ਇਸਤ੍ਰੀ) ਭਾਵੇਂ ਬਿਅੰਤ ਸ਼ਿੰਗਾਰ ਕਰੇ ਸੁੱਧ ਨਹੀਂ ਹੋ ਸਕਦੀ, (ਕਿਉਂਕਿ) ਉਹ ਪਤੀ ਦੀ ਕਦਰ ਨਹੀਂ ਜਾਣਦੀ ਤੇ ਉਸ ਦੀ ਮਾਇਆ ਦੇ ਵਿਚ ਸੁਰਤਿ ਹੁੰਦੀ ਹੈ। ਹੇ ਨਾਨਕ! ਇਹੋ ਜਹੀ ਇਸਤ੍ਰੀ ਮਨੋਂ ਖੋਟੀ ਤੇ ਭੈੜੇ ਲੱਛਣਾਂ ਵਾਲੀ ਹੁੰਦੀ ਹੈ ਤੇ ਨਾਰੀਆਂ ਵਿਚ ਉਹ ਭੈੜੀ ਨਾਰਿ (ਕਹਾਉਂਦੀ ਹੈ) ।੨।
ਪਉੜੀ ॥ ਹਰਿ ਹਰਿ ਅਪਣੀ ਦਇਆ ਕਰਿ ਹਰਿ ਬੋਲੀ ਬੈਣੀ ॥ ਹਰਿ ਨਾਮੁ ਧਿਆਈ ਹਰਿ ਉਚਰਾ ਹਰਿ ਲਾਹਾ ਲੈਣੀ ॥ {ਪੰਨਾ 652}
ਅਰਥ: ਹੇ ਹਰੀ! ਆਪਣੀ ਮੇਹਰ ਕਰ, ਮੈਂ ਤੇਰੀ ਬਾਣੀ (ਭਾਵ, ਤੇਰਾ ਜੱਸ) ਉਚਾਰਾਂ, ਹਰੀ-ਨਾਮ ਸਿਮਰਾਂ, ਹਰੀ-ਨਾਮ ਦਾ ਉਚਾਰਨ ਕਰਾਂ ਤੇ ਇਹੀ ਲਾਭ ਖੱਟਾਂ।
ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ ॥ ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ॥ {ਪੰਨਾ 652}
ਅਰਥ: ਮੈਂ ਉਹਨਾਂ ਤੋਂ ਕੁਰਬਾਨ ਹਾਂ, ਜੋ ਦਿਨ ਰਾਤ ਹਰੀ-ਨਾਮ ਜਪਦੇ ਹਨ, ਉਹਨਾਂ ਨੂੰ ਮੈਂ ਅੱਖੀਂ ਵੇਖਾਂ ਜੋ ਪਿਆਰੇ ਸਤਿਗੁਰੂ ਦੀ ਸੇਵਾ ਕਰਦੇ ਹਨ।
ਹਉ ਵਾਰਿਆ ਅਪਣੇ ਗੁਰੂ ਕਉ ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥੨੪॥ {ਪੰਨਾ 652}
ਪਦਅਰਥ: ਸੈਣੀ = ਰਿਸ਼ਤੇਦਾਰ।
ਅਰਥ: ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ, ਜਿਸ ਨੇ ਮੈਨੂੰ ਪਿਆਰਾ ਸੱਜਣ ਪ੍ਰਭੂ ਸਾਥੀ ਮਿਲਾ ਦਿੱਤਾ ਹੈ।੨੪।