ਵੀਰਵਾਰ 24 ਜਨਵਰੀ 2019 (11 ਮਾਘ ਸੰਮਤ 550 ਨਾਨਕਸ਼ਾਹੀ)
ਤਿਲੰਗ ਮਹਲਾ ੧ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥ ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥ ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥ ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥ ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥ ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥ ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥ ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥ ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥੩॥ ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ॥ ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ ॥੪॥੧॥੩॥ {ਅੰਗ 721-722}
ਪਦਅਰਥ: ਮਾਇਆ ਪਾਹਿਆ = ਮਾਇਆ ਨਾਲ ਪਾਹਿਆ ਗਿਆ ਹੈ। ਪਾਹਿਆ = ਪਾਹ ਲੱਗੀ ਹੋਈ ਹੈ। ਪਾਹ = ਲਾਗ। {ਨੋਟ:ਕਪੜੇ ਨੂੰ ਕੋਈ ਪੱਕਾ ਰੰਗ ਚਾੜ੍ਹਨ ਤੋਂ ਪਹਿਲਾਂ ਲੂਣ ਫਟਕੜੀ ਜਾਂ ਸੋਡੇ ਦੀ ਲਾਗ ਦੇਈਦੀ ਹੈ। ਸੋਡਾ, ਲੂਣ ਜਾਂ ਫਟਕੜੀ ਪਾਣੀ ਵਿਚ ਰਿੰਨ੍ਹ ਕੇ ਕੱਪੜਾ ਉਸ ਵਿਚ ਡੋਬਿਆ ਜਾਂਦਾ ਹੈ; ਫਿਰ ਰੰਗ ਪਾਣੀ ਵਿਚ ਰਿੰਨ੍ਹ ਕੇ ਉਹ ਲਾਗ ਵਾਲਾ ਕੱਪੜਾ ਉਸ ਵਿਚ ਪਾ ਦੇਈਦਾ ਹੈ}। ਲਬਿ = ਲੱਬ ਨਾਲ, ਜੀਭ ਦੇ ਚਸਕੇ ਨਾਲ। ਲਬੁ = ਜੀਭ ਦਾ ਚਸਕਾ। ਰੰਗਾਏ ਲੀਤੜਾ = ਰੰਗਾਇ ਲਿਆ ਹੈ। ਚੋਲਾ = ਜਿੰਦ ਦਾ ਚੋਲਾ, ਸਰੀਰ। ਚੋਲੜਾ = ਕੋਝਾ ਚੋਲਾ। ਮੇਰੈ ਕੰਤ = ਮੇਰੇ ਖਸਮ ਨੂੰ। ਭਾਵੈ = ਚੰਗਾ ਲੱਗਦਾ। ਧਨ = ਇਸਤ੍ਰੀ, ਜੀਵ = ਇਸਤ੍ਰੀ। ਸੇਜੈ = (ਪ੍ਰਭੂ ਦੀ) ਸੇਜ ਉਤੇ, ਪ੍ਰਭੂ ਦੇ ਚਰਨਾਂ ਵਿਚ। ਜਾਏ = ਪਹੁੰਚੇ।੧।
ਮਿਹਰਵਾਨਾ = ਹੇ ਮਿਹਰਵਾਨ ਪ੍ਰਭੂ! ਹੰਉ = ਮੈਂ। ਤਿਨਾ ਕੈ = ਉਹਨਾਂ ਤੋਂ। ਲੈਨਿ = ਲੈਂਦੇ ਹਨ। ਸਦ = ਸਦਾ।੧।ਰਹਾਉ।
ਕਾਇਆ = ਸਰੀਰ। ਰੰਙਣਿ = ਉਹ ਖੁਲ੍ਹਾ ਭਾਂਡਾ ਜਿਸ ਵਿਚ ਨੀਲਾਰੀ ਕੱਪੜੇ ਰੰਗਦਾ ਹੈ, ਮੱਟ, ਮੱਟੀ। ਥੀਐ = ਬਣ ਜਾਏ। ਮਜੀਠ = {ਨੋਟ: ਲੋਕ ਮਜੀਠ ਰਿੰਨ੍ਹ ਕੇ ਕੱਪੜੇ ਰੰਗਦੇ ਸਨ। ਇਹ ਰੰਗ ਪੱਕਾ ਹੁੰਦਾ ਸੀ}। ਸਾਹਿਬੁ = ਮਾਲਿਕ = ਪ੍ਰਭੂ।੨।
ਰਤੜੇ = ਰੰਗੇ ਹੋਏ। ਕਹੁ = ਆਖ। ਅਰਦਾਸਿ = ਬੇਨਤੀ।੩।
ਸਾਜੇ = ਸਵਾਰਦਾ ਹੈ। ਨਦਰਿ = ਮਿਹਰ ਦੀ ਨਜ਼ਰ। ਕਰੇਇ = ਕਰਦਾ ਹੈ, ਕਰੈ। ਕਾਮਣਿ = ਇਸਤ੍ਰੀ, ਜੀਵ = ਇਸਤ੍ਰੀ। ਰਾਵੇਇ = ਮਾਣਦਾ ਹੈ, ਆਪਣੇ ਨਾਲ ਮਿਲਾਂਦਾ ਹੈ।੪।
ਨੋਟ: ਅੰਕ ੪ ਤੋਂ ਅਗਲਾ ਅੰਕ ੧ ਦੱਸਦਾ ਹੈ ਕਿ ‘ਘਰੁ ੩‘ ਦਾ ਇਹ ਪਹਿਲਾ ਸ਼ਬਦ ਹੈ।
ਅਰਥ: ਹੇ ਮਿਹਰਬਾਨ ਪ੍ਰਭੂ! ਮੈਂ ਕੁਰਬਾਨ ਜਾਂਦਾ ਹਾਂ ਮੈਂ ਸਦਕੇ ਜਾਂਦਾ ਹਾਂ, ਮੈਂ ਵਰਨੇ ਜਾਂਦਾ ਹਾਂ ਉਹਨਾਂ ਤੋਂ ਜੋ ਤੇਰਾ ਨਾਮ ਸਿਮਰਦੇ ਹਨ। ਜੋ ਬੰਦੇ ਤੇਰਾ ਨਾਮ ਲੈਂਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ।੧।ਰਹਾਉ।
ਜਿਸ ਜੀਵ-ਇਸਤ੍ਰੀ ਦੇ ਇਸ ਸਰੀਰ ਨੂੰ ਮਾਇਆ (ਦੇ ਮੋਹ) ਦੀ ਪਾਹ ਲੱਗੀ ਹੋਵੇ, ਤੇ ਫਿਰ ਉਸ ਨੇ ਇਸ ਨੂੰ ਲੱਬ ਨਾਲ ਰੰਗਾ ਲਿਆ ਹੋਵੇ, ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਦੇ ਚਰਨਾਂ ਵਿਚ ਨਹੀਂ ਪਹੁੰਚ ਸਕਦੀ, ਕਿਉਂਕਿ (ਜਿੰਦ ਦਾ) ਇਹ ਚੋਲਾ (ਇਹ ਸਰੀਰ, ਇਹ ਜੀਵਨ) ਖਸਮ-ਪ੍ਰਭੂ ਨੂੰ ਪਸੰਦ ਨਹੀਂ ਆਉਂਦਾ।੧।
(ਪਰ, ਹਾਂ!) ਜੇ ਇਹ ਸਰੀਰ (ਨੀਲਾਰੀ ਦੀ) ਮੱਟੀ ਬਣ ਜਾਏ, ਤੇ ਹੇ ਸੱਜਣ! ਜੇ ਇਸ ਵਿਚ ਮਜੀਠ ਵਰਗੇ ਪੱਕੇ ਰੰਗ ਵਾਲਾ ਪ੍ਰਭੂ ਦਾ ਨਾਮ-ਰੰਗ ਪਾਇਆ ਜਾਏ, ਫਿਰ ਮਾਲਿਕ-ਪ੍ਰਭੂ ਆਪ ਨੀਲਾਰੀ (ਬਣ ਕੇ ਜੀਵ-ਇਸਤ੍ਰੀ ਦੇ ਮਨ ਨੂੰ) ਰੰਗ (ਦਾ ਡੋਬਾ) ਦੇਵੇ, ਤਾਂ ਅਜੇਹਾ ਰੰਗ ਚੜ੍ਹਦਾ ਹੈ ਜੋ ਕਦੇ ਪਹਿਲਾਂ ਵੇਖਿਆ ਨਾਹ ਹੋਵੇ।੨।
ਹੇ ਪਿਆਰੇ (ਸੱਜਣ!) ਜਿਨ੍ਹਾਂ ਜੀਵ-ਇਸਤ੍ਰੀਆਂ ਦੇ (ਸਰੀਰ-) ਚੋਲੇ (ਜੀਵਨ ਨਾਮ-ਰੰਗ ਨਾਲ) ਰੰਗੇ ਗਏ ਹਨ, ਖਸਮ-ਪ੍ਰਭੂ (ਸਦਾ) ਉਹਨਾਂ ਦੇ ਕੋਲ (ਵੱਸਦਾ) ਹੈ। ਹੇ ਸੱਜਣ! ਨਾਨਕ ਵਲੋਂ ਉਹਨਾਂ ਪਾਸ ਬੇਨਤੀ ਕਰ, ਭਲਾ ਕਿਤੇ ਨਾਨਕ ਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ।੩।
ਹੇ ਨਾਨਕ! ਜਿਸ ਜੀਵ-ਇਸਤ੍ਰੀ ਉਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਉਹ ਆਪ ਹੀ ਸੰਵਾਰਦਾ ਹੈ ਆਪ ਹੀ (ਨਾਮ ਦਾ) ਰੰਗ ਚਾੜ੍ਹਦਾ ਹੈ, ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਉਸ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ।੪।੧।੩।