Today’s Hukamnama from Gurdwara Sri Ber Sahib Sultanpur Lodhi

57

ਮੰਗਲਵਾਰ 30 ਅਪ੍ਰੈਲ 2019 (17 ਵੈਸਾਖ ਸੰਮਤ 551 ਨਾਨਕਸ਼ਾਹੀ)

ਸੋਰਠਿ ਮਹਲਾ ੫ ॥ ਗੁਰਿ ਪੂਰੈ ਚਰਨੀ ਲਾਇਆ ॥ ਹਰਿ ਸੰਗਿ ਸਹਾਈ ਪਾਇਆ ॥ ਜਹ ਜਾਈਐ ਤਹਾ ਸੁਹੇਲੇ ॥ ਕਰਿ ਕਿਰਪਾ ਪ੍ਰਭਿ ਮੇਲੇ ॥੧॥ ਹਰਿ ਗੁਣ ਗਾਵਹੁ ਸਦਾ ਸੁਭਾਈ ॥ ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥੧॥ ਰਹਾਉ ॥ ਨਾਰਾਇਣ ਪ੍ਰਾਣ ਅਧਾਰਾ ॥ ਹਮ ਸੰਤ ਜਨਾਂ ਰੇਨਾਰਾ ॥ ਪਤਿਤ ਪੁਨੀਤ ਕਰਿ ਲੀਨੇ ॥ ਕਰਿ ਕਿਰਪਾ ਹਰਿ ਜਸੁ ਦੀਨੇ ॥੨॥ ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥ ਸਦ ਜੀਅ ਸੰਗਿ ਰਖਵਾਲਾ ॥ ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥ ਬਹੁੜਿ ਨ ਜੋਨੀ ਪਾਈਐ ॥੩॥ ਜਿਸੁ ਦੇਵੈ ਪੁਰਖੁ ਬਿਧਾਤਾ ॥ ਹਰਿ ਰਸੁ ਤਿਨ ਹੀ ਜਾਤਾ ॥ ਜਮਕੰਕਰੁ ਨੇੜਿ ਨ ਆਇਆ ॥ ਸੁਖੁ ਨਾਨਕ ਸਰਣੀ ਪਾਇਆ ॥੪॥੯॥੫੯॥ {ਪੰਨਾ 623}

ਪਦਅਰਥ: ਗੁਰਿ ਪੂਰੈ = ਪੂਰੇ ਗੁਰੂ ਨੇ। ਸੰਗਿ = (ਆਪਣੇ) ਨਾਲ। ਸਹਾਈ = ਮਦਦਗਾਰ, ਸਾਥੀ। ਜਹ = ਜਿੱਥੇ। ਸੁਹੇਲੇ = ਸੁਖੀ। ਪ੍ਰਭਿ = ਪ੍ਰਭੂ ਨੇ।੧।ਸੁਭਾਈ = ਸੁਭਾਇ, ਪਿਆਰ ਨਾਲ। ਮਨਚਿੰਦੇ = ਮਨ = ਇੱਛਤ, ਮਨ = ਮੰਗੇ। ਸਗਲੇ = ਸਾਰੇ। ਜੀਅ ਕੈ ਸੰਗਿ = ਜਿੰਦ ਦੇ ਨਾਲ।੧।ਰਹਾਉ।ਹਮ = ਅਸੀ, ਮੈਂ। ਰੇਨਾਰਾ = ਰੇਣ, ਚਰਨ = ਧੂੜ। ਅਧਾਰਾ = ਆਸਰਾ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤ = ਪਵਿਤ੍ਰ। ਜਸੁ = ਸਿਫ਼ਤਿ-ਸਾਲਾਹ।੨।ਸਦ = ਸਦਾ। ਰੈਨਿ = ਰਾਤ। ਬਹੁੜਿ = ਮੁੜ।੩।ਬਿਧਾਤਾ = ਕਰਤਾਰ, ਰਚਨਹਾਰ। ਰਸੁ = ਸੁਆਦ। ਤਿਨ ਹੀ = ਤਿਨਿ ਹੀ, ਉਸ ਮਨੁੱਖ ਨੇ ਹੀ {ਲਫ਼ਜ਼ ‘ਤਿਨਿ’ ਦੀ ‘ਿ’ ਕ੍ਰਿਆ ਵਿਸ਼ਸ਼ੇਣ ‘ਹੀ’ ਦੇ ਕਾਰਨ ਉੱਡ ਗਈ ਹੈ}। ਜਮ ਕੰਕਰੁ = {ਕਿੰਕਰੁ = किंकर} ਜਮ ਦਾ ਸੇਵਕ, ਜਮ = ਦੂਤ।੪।

ਅਰਥ: ਹੇ ਭਾਈ! ਸਦਾ ਪਿਆਰ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਿਹਾ ਕਰੋ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮਨ-ਮੰਗੇ ਫਲ (ਪ੍ਰਭੂ ਦੇ ਦਰ ਤੋਂ) ਪ੍ਰਾਪਤ ਕਰਦੇ ਰਹੋਗੇ, ਪਰਮਾਤਮਾ ਜਿੰਦ ਦੇ ਨਾਲ (ਵੱਸਦਾ) ਸਾਥੀ (ਪ੍ਰਤੀਤ ਹੁੰਦਾ ਰਹੇਗਾ) ।੧।ਰਹਾਉ।

(ਹੇ ਭਾਈ! ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਪਰਮਾਤਮਾ ਦੇ) ਚਰਨਾਂ ਵਿਚ ਜੋੜ ਦਿੱਤਾ, ਉਸ ਨੇ ਉਹ ਪਰਮਾਤਮਾ ਲੱਭ ਲਿਆ ਜੋ ਹਰ ਵੇਲੇ ਅੰਗ-ਸੰਗ ਵੱਸਦਾ ਹੈ, ਤੇ, (ਜਿੰਦ ਦਾ) ਮਦਦਗਾਰ ਹੈ। (ਜੇ ਪ੍ਰਭੂ-ਚਰਨਾਂ ਵਿਚ ਜੁੜੇ ਰਹੀਏ, ਤਾਂ) ਜਿੱਥੇ ਭੀ ਜਾਈਏ, ਉਥੇ ਹੀ ਸੁਖੀ ਰਹਿ ਸਕੀਦਾ ਹੈ (ਪਰ ਜਿਨ੍ਹਾਂ ਨੂੰ ਚਰਨਾਂ ਵਿਚ ਮਿਲਾਇਆ ਹੈ) ਪ੍ਰਭੂ ਨੇ (ਆਪ ਹੀ) ਕਿਰਪਾ ਕਰ ਕੇ ਮਿਲਾਇਆ ਹੈ।੧।

ਹੇ ਭਾਈ! ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹਾਂ, (ਸੰਤ ਜਨਾਂ ਦੀ ਕਿਰਪਾ ਨਾਲ) ਪਰਮਾਤਮਾ ਜਿੰਦ ਦਾ ਆਸਰਾ (ਪ੍ਰਤੀਤ ਹੁੰਦਾ ਰਹਿੰਦਾ ਹੈ) । ਸੰਤ ਜਨ ਕਿਰਪਾ ਕਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਦਾਤਿ ਦੇਂਦੇ ਹਨ, (ਅਤੇ ਇਸ ਤਰ੍ਹਾਂ) ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਭੀ) ਪਵਿਤ੍ਰ ਜੀਵਨ ਵਾਲਾ ਬਣਾ ਲੈਂਦੇ ਹਨ।੨।

ਹੇ ਭਾਈ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ, (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪਈਦਾ। ਪਰਮਾਤਮਾ ਆਪ (ਸਿਫ਼ਤਿ-ਸਾਲਾਹ ਕਰਨ ਵਾਲਿਆਂ ਦੀ) ਰਾਖੀ ਕਰਦਾ ਹੈ, ਸਦਾ ਉਹਨਾਂ ਦੀ ਜਿੰਦ ਦੇ ਨਾਲ ਰਾਖਾ ਬਣਿਆ ਰਹਿੰਦਾ ਹੈ।੩।

(ਪਰ,) ਹੇ ਨਾਨਕ! ਉਸ ਮਨੁੱਖ ਨੇ ਹੀ ਪਰਮਾਤਮਾ ਦੇ ਨਾਮ ਦਾ ਸੁਆਦ ਸਮਝਿਆ ਹੈ (ਕਦਰ ਜਾਣੀ ਹੈ) , ਜਿਸ ਨੂੰ ਸਿਰਜਣਹਾਰ ਸਰਬ-ਵਿਆਪਕ ਪ੍ਰਭੂ ਆਪ (ਇਹ ਦਾਤਿ) ਦੇਂਦਾ ਹੈ। ਪਰਮਾਤਮਾ ਦੀ ਸ਼ਰਨ ਪਿਆ ਰਹਿ ਕੇ ਉਹ ਆਤਮਕ ਆਨੰਦ ਮਾਣਦਾ ਰਹਿੰਦਾ ਹੈ। ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ।੪।੯।੫੯।