ਸੋਮਵਾਰ 12 ਮਈ 2025 (30 ਵੈਸਾਖਿ ਸੰਮਤ 557 ਨਾਨਕਸ਼ਾਹੀ)

ਵਡਹੰਸੁ ਮਹਲਾ ੪ ॥ ਦੇਹ ਤੇਜਨੜੀ ਹਰਿ ਨਵ ਰੰਗੀਆ ਰਾਮ ॥ ਗੁਰ ਗਿਆਨੁ ਗੁਰੂ ਹਰਿ ਮੰਗੀਆ ਰਾਮ ॥ ਗਿਆਨ ਮੰਗੀ ਹਰਿ ਕਥਾ ਚੰਗੀ ਹਰਿ ਨਾਮੁ ਗਤਿ ਮਿਤਿ ਜਾਣੀਆ ॥ ਸਭੁ ਜਨਮੁ ਸਫਲਿਉ ਕੀਆ ਕਰਤੈ ਹਰਿ ਰਾਮ ਨਾਮਿ ਵਖਾਣੀਆ ॥ ਹਰਿ ਰਾਮ ਨਾਮੁ ਸਲਾਹਿ ਹਰਿ ਪ੍ਰਭ ਹਰਿ ਭਗਤਿ ਹਰਿ ਜਨ ਮੰਗੀਆ ॥ ਜਨੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਭਗਤਿ ਗੋਵਿੰਦ ਚੰਗੀਆ ॥੧॥ {ਪੰਨਾ 575-576}

ਪਦਅਰਥ: ਤੇਜਨੜੀ = ਸੋਹਣੀ ਤੇਜਣਿ, ਸੋਹਣੀ ਘੋੜੀ। ਨਵ ਰੰਗੀਆ = ਨਵੇਂ ਰੰਗ ਵਾਲੀ। ਚੰਗੀ = ਸੁੰਦਰ। ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਮਰਯਾਦਾ, ਮਾਪ। ਕਰਤੈ = ਕਰਤਾਰ ਨੇ। ਨਾਮਿ = ਨਾਮ ਵਿਚ। ਵਖਾਣੀਆ = ਉਚਾਰੀ। ਸਲਾਹਿ = ਸਲਾਹ ਕੇ। ਹਰਿ ਜਨ = ਹਰੀ ਦੇ ਭਗਤ।੧।

ਅਰਥ: ਹੇ ਭਾਈ ਉਹ ਕਾਂਇਆਂ ਸੋਹਣੀ ਘੋੜੀ ਹੈ (ਜੀਵ-ਰਾਹੀ ਦੇ ਜੀਵਨ-ਸਫਰ ਵਾਸਤੇ ਚੰਗੀ ਘੋੜੀ ਹੈ) ਜੋ ਪਰਮਾਤਮਾ ਦੇ ਪ੍ਰੇਮ ਦੇ ਨਵੇਂ ਰੰਗ ਵਿਚ ਰੰਗੀ ਰਹਿੰਦੀ ਹੈ, ਜੋ ਗੁਰੂ ਪਾਸੋਂ ਆਤਮਕ ਜੀਵਨ ਦੀ ਸ੍ਰੇਸ਼ਟ ਸੂਝ ਮੰਗਦੀ ਰਹਿੰਦੀ ਹੈ, ਜੋ (ਗੁਰੂ ਪਾਸੋਂ) ਆਤਮਕ ਜੀਵਨ ਦੀ ਸੂਝ ਮੰਗਦੀ ਹੈ, ਪਰਮਾਤਮਾ ਦੀ ਸੋਹਣੀ ਸਿਫ਼ਤਿ-ਸਾਲਾਹ ਕਰਦੀ ਹੈ, ਪਰਮਾਤਮਾ ਦਾ ਨਾਮ ਜਪਦੀ ਹੈ, ਜੋ ਇਹ ਸਮਝਣ ਦਾ ਜਤਨ ਕਰਦੀ ਹੈ ਕਿ ਪਰਮਾਤਮਾ ਕਿਹੋ ਜਿਹਾ ਤੇ ਕੇਡਾ ਵੱਡਾ ਹੈ। ਕਰਤਾਰ ਨੇ (ਅਜੇਹੀ ਕਾਂਇਆਂ-ਘੋੜੀ ਦਾ) ਸਾਰਾ ਜਨਮ ਸਫਲ ਕਰ ਦਿੱਤਾ ਹੈ, ਕਿਉਂਕਿ ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੀ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਚਾਰਦੀ ਰਹਿੰਦੀ ਹੈ।

ਹੇ ਭਾਈ! ਪਰਮਾਤਮਾ ਦੇ ਭਗਤ ਪਰਮਾਤਮਾ ਦੇ ਨਾਮ ਦੀ ਵਡਿਆਈ ਕਰ ਕੇ ਪਰਮਾਤਮਾ ਦੀ ਭਗਤੀ (ਦੀ ਦਾਤਿ) ਮੰਗਦੇ ਰਹਿੰਦੇ ਹਨ। ਦਾਸ ਨਾਨਕ ਆਖਦਾ ਹੈ-ਹੇ ਸੰਤ ਜਨੋ! ਇਹ ਸੋਹਣੀ ਕਾਂਇਆਂ ਘੋੜੀ ਪ੍ਰਾਪਤ ਕਰ ਕੇ) ਪਰਮਾਤਮਾ ਦੀ ਸੋਹਣੀ ਭਗਤੀ (ਕਰਦੇ ਰਹੋ) ।੧।

ਦੇਹ ਕੰਚਨ ਜੀਨੁ ਸੁਵਿਨਾ ਰਾਮ ॥ ਜੜਿ ਹਰਿ ਹਰਿ ਨਾਮੁ ਰਤੰਨਾ ਰਾਮ ॥ ਜੜਿ ਨਾਮ ਰਤਨੁ ਗੋਵਿੰਦ ਪਾਇਆ ਹਰਿ ਮਿਲੇ ਹਰਿ ਗੁਣ ਸੁਖ ਘਣੇ ॥ ਗੁਰ ਸਬਦੁ ਪਾਇਆ ਹਰਿ ਨਾਮੁ ਧਿਆਇਆ ਵਡਭਾਗੀ ਹਰਿ ਰੰਗ ਹਰਿ ਬਣੇ ॥ ਹਰਿ ਮਿਲੇ ਸੁਆਮੀ ਅੰਤਰਜਾਮੀ ਹਰਿ ਨਵਤਨ ਹਰਿ ਨਵ ਰੰਗੀਆ ॥ ਨਾਨਕੁ ਵਖਾਣੈ ਨਾਮੁ ਜਾਣੈ ਹਰਿ ਨਾਮੁ ਹਰਿ ਪ੍ਰਭ ਮੰਗੀਆ ॥੨॥ {ਪੰਨਾ 576}

ਪਦਅਰਥ: ਦੇਹ = ਸਰੀਰ, ਕਾਂਇਆਂ (-ਘੋੜੀ) । ਜੀਨੁ = ਕਾਠੀ। ਸੁਵਿਨਾ = ਸੋਨੇ ਦੀ। ਜੜਿ = ਜੜ ਕੇ। ਘਣੇ = ਬਹੁਤ। ਨਵ ਤਨ = ਨਵਾਂ। ਨਵ ਰੰਗੀਆ = ਨਵ = ਰੰਗੀ, ਨਵੇਂ ਰੰਗ ਵਾਲਾ।੨।

ਅਰਥ: ਉਹ ਕਾਂਇਆਂ (-ਘੋੜੀ, ਮਾਨੋ,) ਸੋਨੇ ਦੀ ਹੈ (ਬਹੁਤ ਕੀਮਤ ਵਾਲੀ ਬਣ ਜਾਂਦੀ ਹੈ, ਜਿਸ ਉਤੇ) ਪਰਮਾਤਮਾ ਦਾ ਨਾਮ-ਰਤਨ ਜੜ ਕੇ ਸੋਨੇ ਦੀ ਕਾਠੀ ਪਾਈ ਜਾਂਦੀ ਹੈ (ਜਿਸ ਉਤੇ ਪਰਮਾਤਮਾ ਦੇ ਨਾਮ ਨਾਲ ਭਰਪੂਰ ਗੁਰ-ਸ਼ਬਦ ਦੀ ਕਾਠੀ ਪਾਈ ਜਾਂਦੀ ਹੈ) ।

(ਹੇ ਭਾਈ! ਜਿਸ ਮਨੁੱਖ ਨੇ) ਪਰਮਾਤਮਾ ਦਾ ਨਾਮ-ਰਤਨ ਜੜ ਕੇ ਗੁਰ-ਸ਼ਬਦ ਦੀ ਕਾਠੀ ਪਾ ਦਿੱਤੀ, ਉਸ ਨੂੰ ਪਰਮਾਤਮਾ ਮਿਲ ਪਿਆ, ਉਸ ਨੇ ਪਰਮਾਤਮਾ ਦੇ ਗੁਣ (ਆਪਣੇ ਅੰਦਰ ਵਸਾ ਲਏ) , ਉਸ ਨੂੰ ਸੁਖ ਹੀ ਸੁਖ ਪ੍ਰਾਪਤ ਹੋ ਗਏ। ਹੇ ਭਾਈ! ਜਿਸ ਮਨੁੱਖ ਨੇ ਗੁਰੂ ਦਾ ਸ਼ਬਦ ਹਾਸਲ ਕਰ ਲਿਆ, ਜਿਸ ਨੇ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿਤਾ, ਉਹ ਵੱਡੇ ਭਾਗਾਂ ਵਾਲਾ ਬਣ ਗਿਆ, ਉਸ ਦੇ ਅੰਦਰ ਪਰਮਾਤਮਾ ਦਾ ਪ੍ਰੇਮ ਉਘੜ ਪਿਆ।

ਨਾਨਕ ਆਖਦਾ ਹੈ-(ਹੇ ਭਾਈ! ਜੇਹੜਾ ਮਨੁੱਖ) ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ, ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦਾ ਨਾਮ ਮੰਗਦਾ ਹੈ, ਉਸ ਨੂੰ ਉਹ ਮਾਲਕ-ਹਰੀ ਮਿਲ ਪੈਂਦਾ ਹੈ ਜੋ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਜੋ ਸਦਾ ਹੀ ਨਵਾਂ-ਨਰੋਆ ਰਹਿਣ ਵਾਲਾ ਹੈ, ਜੋ ਸਦਾ ਨਵੇਂ ਚੋਜਾਂ ਦਾ ਮਾਲਕ ਹੈ।੨।

ਕੜੀਆਲੁ ਮੁਖੇ ਗੁਰਿ ਅੰਕਸੁ ਪਾਇਆ ਰਾਮ ॥ ਮਨੁ ਮੈਗਲੁ ਗੁਰ ਸਬਦਿ ਵਸਿ ਆਇਆ ਰਾਮ ॥ ਮਨੁ ਵਸਗਤਿ ਆਇਆ ਪਰਮ ਪਦੁ ਪਾਇਆ ਸਾ ਧਨ ਕੰਤਿ ਪਿਆਰੀ ॥ ਅੰਤਰਿ ਪ੍ਰੇਮੁ ਲਗਾ ਹਰਿ ਸੇਤੀ ਘਰਿ ਸੋਹੈ ਹਰਿ ਪ੍ਰਭ ਨਾਰੀ ॥ ਹਰਿ ਰੰਗਿ ਰਾਤੀ ਸਹਜੇ ਮਾਤੀ ਹਰਿ ਪ੍ਰਭੁ ਹਰਿ ਹਰਿ ਪਾਇਆ ॥ ਨਾਨਕ ਜਨੁ ਹਰਿ ਦਾਸੁ ਕਹਤੁ ਹੈ ਵਡਭਾਗੀ ਹਰਿ ਹਰਿ ਧਿਆਇਆ ॥੩॥ {ਪੰਨਾ 576}

ਪਦਅਰਥ: ਕੜੀਆਲੁ = ਲਗਾਮ। ਮੁਖੇ = ਮੁਖਿ, (ਕਾਂਇਆਂ = ਘੋੜੀ ਦੇ) ਮੂੰਹ ਵਿਚ। ਗੁਰਿ = ਗੁਰੂ ਨੇ। ਅੰਕਸੁ = ਹਾਥੀ ਨੂੰ ਚਲਾਣ ਵਾਸਤੇ ਵਰਤੀਦਾ ਲੋਹੇ ਦਾ ਕੁੰਡਾ। ਮੈਗਲੁ = ਹਾਥੀ {मदकल}। ਸਬਦਿ = ਸ਼ਬਦ ਦੀ ਰਾਹੀਂ। ਵਸਿ = ਵੱਸ ਵਿਚ। ਵਸਗਤਿ = ਵੱਸ ਵਿਚ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਸਾ ਧਨ = ਜੀਵ = ਇਸਤ੍ਰੀ। ਕੰਤਿ = ਕੰਤ ਨੇ। ਅੰਤਰਿ = ਅੰਦਰ, ਹਿਰਦੇ ਵਿਚ। ਹਰਿ ਸੇਤੀ = ਹਰੀ ਦੇ ਨਾਲ। ਘਰਿ = ਘਰ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਸੋਹੈ– ਸੋਹਣੀ ਲੱਗਦੀ ਹੈ। ਰੰਗਿ = ਪ੍ਰੇਮ = ਰੰਗਿ ਵਿਚ। ਰਾਤੀ = ਰੰਗੀ ਹੋਈ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਮਾਤੀ = ਮਸਤ। ਹਰਿ ਦਾਸੁ = ਹਰਿ ਦਾ ਸੇਵਕ। ਜਨੁ = ਦਾਸ।੩।

ਅਰਥ: ਹੇ ਭਾਈ! ਗੁਰੂ ਨੇ (ਜਿਸ ਮਨੁੱਖ ਦੀ ਕਾਂਇਆਂ-ਘੋੜੀ ਦੇ) ਮੂੰਹ ਵਿਚ ਲਗਾਮ ਦੇ ਦਿੱਤੀ, ਕੁੰਡਾ ਰੱਖ ਦਿੱਤਾ, ਉਸ ਦਾ ਮਨ-ਹਾਥੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਵੱਸ ਵਿਚ ਆ ਗਿਆ।

ਜਿਸ ਜੀਵ-ਇਸਤ੍ਰੀ ਦਾ ਮਨ ਵੱਸ ਵਿਚ ਆ ਗਿਆ, ਉਸ ਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ, ਪ੍ਰਭੂ-ਕੰਤ ਨੇ ਉਸ ਜੀਵ-ਇਸਤ੍ਰੀ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੱਤਾ, ਉਸ ਦੇ ਹਿਰਦੇ ਵਿਚ ਪਰਮਾਤਮਾ ਨਾਲ ਪ੍ਰੇਮ ਪੈਦਾ ਹੋ ਗਿਆ, ਉਹ ਜੀਵ-ਇਸਤ੍ਰੀ ਪ੍ਰਭੂ ਦੀ ਹਜ਼ੂਰੀ ਵਿਚ ਸੋਹਣੀ ਲੱਗਦੀ ਹੈ। ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ, ਜੋ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ, ਉਹ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ।

ਹਰੀ ਦਾ ਸੇਵਕ ਨਾਨਕ-ਦਾਸ ਆਖਦਾ ਹੈ-ਹੇ ਭਾਈ! ਵੱਡੇ ਭਾਗਾਂ ਵਾਲੇ ਜੀਵ ਹੀ ਪਰਮਾਤਮਾ ਦਾ ਨਾਮ ਸਿਮਰਦੇ ਹਨ।੩।

ਦੇਹ ਘੋੜੀ ਜੀ ਜਿਤੁ ਹਰਿ ਪਾਇਆ ਰਾਮ ॥ ਮਿਲਿ ਸਤਿਗੁਰ ਜੀ ਮੰਗਲੁ ਗਾਇਆ ਰਾਮ ॥ ਹਰਿ ਗਾਇ ਮੰਗਲੁ ਰਾਮ ਨਾਮਾ ਹਰਿ ਸੇਵ ਸੇਵਕ ਸੇਵਕੀ ॥ ਪ੍ਰਭ ਜਾਇ ਪਾਵੈ ਰੰਗ ਮਹਲੀ ਹਰਿ ਰੰਗੁ ਮਾਣੈ ਰੰਗ ਕੀ ॥ ਗੁਣ ਰਾਮ ਗਾਏ ਮਨਿ ਸੁਭਾਏ ਹਰਿ ਗੁਰਮਤੀ ਮਨਿ ਧਿਆਇਆ ॥ ਜਨ ਨਾਨਕ ਹਰਿ ਕਿਰਪਾ ਧਾਰੀ ਦੇਹ ਘੋੜੀ ਚੜਿ ਹਰਿ ਪਾਇਆ ॥੪॥੨॥੬॥ {ਪੰਨਾ 576}

ਪਦਅਰਥ: ਦੇਹ = ਕਾਂਇਆਂ, ਸਰੀਰ। ਜੀ = ਹੇ ਭਾਈ! ਜਿਤੁ = ਜਿਸ (ਕਾਂਇਆਂ = ਘੋੜੀ) ਦੀ ਰਾਹੀਂ। ਮਿਲਿ ਸਤਿਗੁਰੁ = ਗੁਰੂ ਨੂੰ ਮਿਲ ਕੇ। ਮੰਗਲੁ = ਆਤਮਕ ਆਨੰਦ ਦੇਣ ਵਾਲਾ ਗੀਤ। ਸੇਵਕੀ = ਸੇਵਕ = ਭਾਵਨਾ ਨਾਲ। ਜਾਇ = ਜਾ ਕੇ। ਪ੍ਰਭ ਰੰਗ ਮਹਲੀ = ਪਰਮਾਤਮਾ ਦੀ ਆਨੰਦ = ਭਰੀ ਹਜ਼ੂਰੀ ਵਿਚ। ਮਨਿ = ਮਨ ਵਿਚ। ਸੁਭਾਏ = ਸੁਭਾਇ, ਪ੍ਰੇਮ ਨਾਲ। ਚੜਿ = ਚੜ੍ਹ ਕੇ।੪।

ਅਰਥ: ਹੇ ਭਾਈ! ਉਹ ਕਾਂਇਆਂ (ਮਨੁੱਖ ਦੇ ਜੀਵਨ-ਸਫ਼ਰ ਵਿਚ, ਮਾਨੋ,) ਘੋੜੀ ਹੈ ਜਿਸ (ਕਾਂਇਆਂ) ਦੀ ਰਾਹੀਂ ਮਨੁੱਖ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ, ਅਤੇ, ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ। ਸੇਵਕ-ਭਾਵ ਨਾਲ ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾ ਕੇ ਪਰਮਾਤਮਾ ਦੀ ਸੇਵਾ ਭਗਤੀ ਕਰਦਾ ਹੈ ਉਹ ਪਰਮਾਤਮਾ ਦੀ ਆਨੰਦ-ਭਰੀ ਹਜ਼ੂਰੀ ਵਿਚ ਜਾ ਪਹੁੰਚਦਾ ਹੈ ਅਤੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦਾ ਹੈ। ਉਹ ਮਨੁੱਖ ਪ੍ਰੇਮ ਨਾਲ ਆਪਣੇ ਮਨ ਵਿਚ ਪਰਮਾਤਮਾ ਦੇ ਗੁਣ ਗਾਂਦਾ ਹੈ, ਗੁਰੂ ਦੀ ਮਤਿ ਉਤੇ ਤੁਰ ਕੇ ਮਨ ਵਿਚ ਪਰਮਾਤਮਾ ਦਾ ਧਿਆਨ ਧਰਦਾ ਹੈ।

ਹੇ ਨਾਨਕ! ਜਿਸ ਦਾਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ ਉਹ ਆਪਣੀ ਕਾਂਇਆਂ-ਘੋੜੀ ਉਤੇ ਚੜ੍ਹ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ।੪।੨।੬।