562201_10151196932354689_482955747_n

ਉਹ ਅਕਸਰ ਮੇਰੇ ਨਾਲ ਕਿੰਨੀ ਕਿੰਨੀ ਦੇਰ ਬੈਠਾ ਗੱਲਾਂ ਕਰਦਾ ਰਹਿੰਦਾ। ਮੈਂ ਉਸ ਵਕਤ ਲਾਇਬਰੇਰੀ ਵਿਚ ਕੰਮ ਕਰਦੀ ਸਾਂ। ਪਹਿਲੀ ਵਾਰ ਉਹ ਮੈਨੂੰ ਲਾਇਬਰੇਰੀ ਵਿਚ ਹੀ ਮਿਲਿਆ ਸੀ। ਸਰੂ ਵਰਗਾ ਲੰਮਾ ਕੱਦ, ਪਤਲਾ ਸਰੀਰ ਤੇ ਅੱਤ ਮਾਸੂਮ ਚਿਹਰੇ ਵਾਲਾ ਰਵੀ। ਉਹ ਤਕਰੀਬਨ ਹਫ਼ਤੇ ਵਿਚ ਦੋ ਤਿੰਨ ਵਾਰ ਲਾਇਬਰੇਰੀ ਆਉਂਦਾ ਤੇ ਕਿੰਨੀ ਕਿੰਨੀ ਦੇਰ ਇੱਕ ਕੋਨੇ ਵਿਚ ਬੈਠਾ ਪੜ੍ਹਦਾ ਰਹਿੰਦਾ। ਪਹਿਲਾਂ ਪਹਿਲਾਂ ਉਹ ਆਉਂਦਾ, ਮੁਸਕਰਾ ਕੇ ਹੈਲੋ ਕਹਿੰਦਾ ਤੇ ਚੁੱਪ ਚਾਪ ਲਾਇਬਰੇਰੀ ਦੇ ਉਸੇ ਕੋਨੇ ਵਿਚ ਬੈਠ ਕੇ ਪੜ੍ਹਨ ਜਾ ਲੱਗਦਾ, ਜਿੱਥੇ ਉਹ ਹਮੇਸ਼ਾਂ ਬੈਠਿਆ ਕਰਦਾ ਸੀ। ਜਿਵੇਂ ਇਹ ਕੋਨਾ ਉਸ ਨੇ ਆਪਣੇ ਲਈ ਸੁਰਖਿਅਤ ਕਰਵਾਇਆ ਹੋਵੇ ਜਾਂ ਉਹ ਇਕੋ ਕੋਨੇ ਵਿਚੋਂ ਹੀ ਸਭ ਕੁੱਝ ਭਾਲਦਾ ਹੋਵੇ ਤੇ ਚਾਰੇ ਕੋਨੇ ਭਟਕਣ ਦਾ ਆਦੀ ਨਾ ਹੋਵੇ। ਹੁਣ ਉਹ ਹੌਲੀ ਹੌਲੀ ਹੈਲੋ ਕਹਿਣ ਤੋਂ ਅੱਗੇ ਮੇਰੇ ਨਾਲ ਇੱਕ ਦੋ ਗੱਲਾਂ ਵੀ ਕਰਨ ਲੱਗ ਪਿਆ ਸੀ। “ਕੀ ਹਾਲ ਹੈ ਤੁਹਾਡਾ? ਅੱਜ ਸਰਦੀ ਬਹੁਤ ਹੈ, ਹੈ ਨਾ! ਇਹ ਨਿੱਘੇ ਦਿੱਨ ਕਦੋਂ ਪਰਤਣਗੇ?” ਆਦਿ। ਕਦੀ ਕਦੀ ਉਹ ਮੈਨੂੰ ਬਹੁਤ ਹੀ ਉਦਾਸ ਜਾਪਦਾ। ਇਸ ਤਰ੍ਹਾਂ ਲੱਗਦਾ ਜਿਵੇਂ ਕਿ ਉਹ ਕੋਈ ਗਹਿਰਾ ਗਮ ਆਪਣੇ ਅੰਦਰ ਛੁਪਾਈ ਬੈਠਾ ਹੋਵੇ ਪਰ ਹੋ ਸਕਦਾ ਹੈ ਮੇਰਾ ਇਹ ਭੁਲੇਖਾ ਹੀ ਹੋਵੇ। ਨਾਲੇ ਕਿਸੇ ਦੇ ਮਨ ਨੂੰ ਪੂਰੀ ਤਰ੍ਹਾਂ ਸਮਝ ਲੈਣਾ ਇਤਨਾ ਸਰਲ ਵੀ ਤੇ ਨਹੀਂ ਨਾ ਹੁੰਦਾ। ਤੇ ਮੈਂ ਉਨ੍ਹਾਂ ‘ਚੋਂ ਨਹੀਂ ਹਾਂ ਜੋ ਕਹਿੰਦੇ ਹਨ ਕਿ ਕਿਤਾਬ ਦੇਖ ਕੇ ਹੀ ਉਸ ਦਾ ਵਿਸ਼ਾ ਪੜ੍ਹ ਲੈਂਦੇ ਨੇ ਜਾਂ ਲਿਫਾਫਾ ਦੇਖ ਕੇ ਹੀ ਚਿੱਠੀ ਵਾਚ ਲੈਂਦੇ ਹਨ। ਇਕ ਦਿਨ ਜਦੋਂ ਉਹ ਲਾਇਬਰੇਰੀ ਆਇਆ ਤਾਂ ਚੁੱਪਚਾਪ ਮੇਰੇ ਕੋਲ ਦੀ ਲੰਘ ਕੇ ਉਸੇ ਆਪਣੇ ਜਾਣੇ ਪਹਿਚਾਣੇ ਕੋਨੇ ਵਿਚ ਜਾ ਬੈਠਾ। ਉਸ ਦੀਆਂ ਅੱਖਾਂ ਦੀ ਲਾਲੀ ਦੇਖ ਕੇ ਮੈਨੂੰ ਇਹੋ ਹੀ ਜਾਪਿਆ ਕਿ ਜਿਵੇਂ ਉਹ ਸਾਰੀ ਰਾਤ ਸੁੱਤਾ ਨਾ ਹੋਵੇ। ਸਾਡੇ ਵਿਚਕਾਰ ਹੁਣ ਤੀਕਰ ਕੋਈ ਬਹੁਤੀ ਗੱਲਬਾਤ ਤੇ ਨਹੀਂ ਸੀ ਹੋਈ, ਫ਼ਿਰ ਵੀ ਮੈਨੂੰ ਇੰਝ ਜਾਪਦਾ ਜਿਵੇਂ ਕੋਈ ਅੰਤਰੀਵੀ ਸਾਂਝ ਜਿਹੀ ਸਾਡੇ ਵਿਚ ਉਸਰ ਚੁੱਕੀ ਹੋਵੇ। ਮੇਰੇ ਕੋਲੋਂ ਰਿਹਾ ਨਾ ਗਿਆ ਤੇ ਮੈਂ ਉਸ ਦੇ ਕੋਲ ਜਾ ਕੇ ਪੁੱਛਿਆ, “ਕੀ ਗੱਲ ਹੈ ਰਵੀ ਅੱਜ? ਬੜਾ ਉਦਾਸ ਲੱਗ ਰਿਹਾ ਹੈਂ, ਤੇਰੀ ਤਬੀਅਤ ਤਾਂ ਠੀਕ ਹੈ?” ਕੁਝ ਦੇਰ ਤਾਂ ਉਹ ਉਸੇ ਤਰ੍ਹਾਂ ਹੀ ਚੁੱਪ ਬੈਠਾ ਰਿਹਾ। ਫਿਰ ਮੇਰੇ ਵੱਲ ਦੇਖਦਾ ਹੋਇਆ ਆਖਣ ਲੱਗਾ, “ਪਤਾ ਨਹੀਂ ਕਿਓਂ ਅੱੱਜ ਮੈਨੂੰ ਮੰਮੀ-ਡੈਡੀ ਬਹੁਤ ਯਾਦ ਆ ਰਹੇ ਨੇ।” “ਕੀ ਤੇਰੇ ਮੰਮੀ-ਡੈਡੀ ਤੇਰੇ ਨਾਲ ਨਹੀਂ ਰਹਿੰਦੇ?” ਮੈਂ ਹੈਰਾਨ ਹੋ ਕੇ ਪੁੱਛਿਆ। “ਨਹੀਂ।” ਆਖਦਿਆਂ ਉਸ ਦੀਆਂ ਅੱਖਾਂ ਵਿਚ ਹੰਝੂ ਆਪ ਮੁਹਾਰੇ ਛਲਕ ਉਠੇ। ਉਸ ਦਿਨ ਰਵੀ ਦੀ ਹਾਲਤ ਕੁਝ ਇਸ ਤਰ੍ਹਾਂ ਦੀ ਸੀ ਕਿ ਮੈਂ ਇਸ ਤੋਂ ਅੱਗੇ ਕੁਝ ਵੀ ਨਾ ਪੁੱਛ ਸਕੀ। ਜੇ ਕੁਝ ਪੁੱਛਦੀ ਵੀ ਤਾਂ ਸ਼ਾਇਦ ਉਹ ਹੋਰ ਕੁਝ ਵੀ ਨਾ ਦੱਸ ਸਕਦਾ। ਉਸ ਨੂੰ ਉਸੇ ਹਾਲ ਵਿਚ ਛੱਡ, ਇਹ ਸੋਚਦੀ ਹੋਈ ਕਿ ਕਦੀ ਫ਼ਿਰ ਉਸ ਨਾਲ ਗੱਲ ਕਰਾਂਗੀ, ਮੈਂ ਮੁੜ ਆਪਣੀ ਸੀਟ ‘ਤੇ ਆ ਗਈ। ਅਗਲੇ ਕਈ ਦਿਨ ਉਹ ਲਾਇਬਰੇਰੀ ਹੀ ਨਾ ਆਇਆ। ਮੈਂ ਉਸ ਬਾਰੇ ਸੋਚਦੀ ਤਾਂ ਚਿੰਤਾ ਦੀ ਕਟਾਰ ਜਿਹੀ ਮੇਰੇ ਮੱਥੇ ਵਿਚ ਫ਼ਿਰ ਜਾਂਦੀ। ਮਨਾਂ! ਬੰਦੇ ਦੇ ਮਨ ਦਾ ਕੀ ਪਤੈ? ਉਸ ਨੇ ਕੁਝ ਕਰ ਹੀ ਨਾ ਲਿਆ ਹੋਵੇ? ਉਪਰੋਂ ਦਿਸਦੇ ਸ਼ਾਂਤ ਚਿੱਤ ਵਿਚ ਖਬਰੇ ਨੀਲੇ ਸਾਗਰ ਵਾਂਗ ਕੀ ਕੀ ਝੱਖੜ ਝੁੱਲਦੇ ਹੋਣ? ਨਹੀਂ! ਨਹੀਂ!! ਉਸ ਨਾਲ ਮਾੜਾ ਕੁਝ ਨਹੀਂ ਵਾਪਰ ਸਕਦਾ। ਇਹ ਸਾਰਾ ਮੇਰੇ ਆਪਣੇ ਹੀ ਮਨ ਦਾ ਡਰ ਹੈ। ਅੰਤ, ਇੱਕ ਦਿਨ ਫੇਰ ਉਹ ਕਿੰਨੀਆਂ ਸਾਰੀਆਂ ਕਿਤਾਬਾਂ ਚੁੱਕੀ ਲਇਬਰੇਰੀ ਵਿਚ ਆ ਗਿਆ। ਉਸ ਦਿਨ ਰਵੀ ਦੇ ਚਿਹਰੇ ‘ਤੇ ਕੁਝ ਸਕੂਨ ਜਿਹਾ ਸੀ। ਉਹ ਸਿੱਧਾ ਮੇਰੇ ਕੋਲ ਆਇਆ। ਹਮੇਸ਼ਾਂ ਹੈਲੋ ਕਹਿਣ ਵਾਲੇ ਰਵੀ ਨੇ ਪਹਿਲੇ ਦਿਨ ਮੈਨੂੰ ‘ਸਤਿ ਸ੍ਰੀ ਅਕਾਲ’ ਬੁਲਾਈ। ਮੈਨੂੰ ਅਨੁਭਵ ਹੋਇਆ ਜਿਵੇਂ ਮੇਰੇ ਕੰਨਾਂ ਵਿਚ ਕੋਈ ਮਿਸ਼ਰੀ ਜਿਹੀ ਘੁਲ ਗਈ ਹੋਵੇ ਤੇ ਉਹ ਆਪਣੇ ਉਸੇ ਕੋਨੇ ਵਿਚ ਜਾ ਬੈਠਾ। ਬਰੇਕ ਸਮੇਂ ਮੈਂ ਉਸ ਕੋਲ ਜਾ ਕੇ ਪੁੱਛਿਆ, “ਰਵੀ ਚਾਹ ਪੀਵੇਂਗਾ?” ਉਹ ਚੁੱਪਚਾਪ ਮੇਰੇ ਵੱਲ ਦੇਖਣ ਲੱਗਾ ਜਿਵੇਂ ਬਿਨ ਮੰਗੇ ਹੀ ਮਿਲ ਰਹੇ ਅੰਮ੍ਰਿਤ ਬਾਟੇ ਵੱਲ ਕੋਈ ਦੇਖਦਾ ਹੋਵੇ। “ਚੱਲ ਆ, ਸਟਾਫ ਰੂਮ ਵਿਚ ਚੱਲ ਕੇ ਚਾਹ ਪੀਂਦੇ ਹਾਂ।” ਮੈਂ ਆਖਿਆ। ਤੇ ਰਵੀ ਚੁੱਪ-ਚੁਪੀਤਾ ਜਿਹਾ ਮੇਰੇ ਪਿੱਛੇ ਪਿੱਛੇ ਇਓਂ ਹੋ ਤੁਰਿਆ, ਜਿਵੇਂ ਜਨਮਾਂ ਜਨਮਾਂਤਰਾਂ ਤੋਂ ਉਹ ਕੇਵਲ ਪਿੱਛੇ ਹੀ ਤੁਰਦਾ ਆ ਰਿਹਾ ਹੋਵੇ। ਸਟਾਫ ਰੂਮ ਵਿਚ ਪਹੁੰਚ ਕੇ ਮੈਂ ਚਾਹ ਦੇ ਦੋ ਕੱਪ ਬਣਾਏ। ਇੱਕ ਉਸ ਨੂੰ ਫੜ੍ਹਾ ਕੇ ਤੇ ਦੂਜਾ ਆਪ ਲੈ ਕੇ ਮੈਂ ਉਸ ਦੇ ਕੋਲ ਹੀ ਸੋਫੇ ‘ਤੇ ਬੈਠ ਗਈ। ਕੁਝ ਦੇਰ ਦੀ ਚੁੱਪ ਪਿਛੋਂ ਰਵੀ ਅਚਾਨਕ ਬੋਲਿਆ, “ਕੀ ਮੈਂ ਤੁਹਾਨੂੰ ਦੀਦੀ ਕਹਿ ਸਕਦਾ ਹਾਂ?” ਉਸ ਦਾ ਇਹ ਸੁਆਲ ਸੁਣ ਕੇ ਮੈਂ ਕੁੱਝ ਪਲ ਉਸ ਦੇ ਚਿਹਰੇ ਵੱਲ ਹੈਰਾਨ ਹੋਈ ਦੇਖਦੀ ਰਹੀ ਕਿਉਂਕਿ ‘ਦੀਦੀ’ ਸ਼æਬਦ ਕਹਿਣਾ ਅਸਾਨ ਵੀ ਹੈ ਤੇ ਇੱਕ ਛਲਾਵਾ ਵੀ ਪਰ ਇਸ ਨੂੰ ਆਪਣੇ ਸੁਪਨਿਆਂ ਵਿਚ ਪਾਲਦਾ ਕੋਈ ਕੋਈ ਹੀ ਹੈ ਪਰ ਉਸ ਦੀ ਨਿਰਛਲ ਮੁਸਕਾਨ, ਚਿਹਰੇ ਦੀ ਮਾਸੂਮੀਅਤ ਅਤੇ ਪਵਿਤਰ ਜਿਹੀ ਸੋਚ ਨੂੰ ਦੇਖ, ਮੇਰੇ ਮੂੰਹੋਂ ਆਪ ਮੁਹਾਰੇ ਹੀ ਕਿਰ ਗਿਆ, “ਕਿਓਂ ਨਹੀਂ ਰਵੀ ਤੂੰ ਬੜੀ ਖੁਸ਼ੀ ਨਾਲ ਮੈਨੂੰ ਦੀਦੀ ਕਹਿ ਵੀ ਸਕਦਾ ਹੈਂ ਤੇ ਦੀਦੀ ਸਮਝ ਵੀ ਸਕਦਾ ਏਂ।” ਤੇ ਉਸ ਦਿਨ ਪਿੱਛੋਂ ਉਹ ਮੈਨੂੰ ਦੀਦੀ ਹੀ ਕਹਿਣ ਲੱਗ ਪਿਆ। ਰਵੀ ਦੇ ਮਾਮਾ ਜੀ ਖੁਸ਼ਹਾਲ ਸਿੰਘ ਕਾਫ਼ੀ ਸਮੇਂ ਤੋਂ ਕੈਨੇਡਾ ਰਹਿੰਦੇ ਸਨ। ਉਹ ਜਦੋਂ ਵੀ ਇੰਡੀਆ ਆਉਂਦੇ, ਬੜੇ ਹੀ ਗਿਫ਼ਟ ਲੈ ਕੇ ਆਉਂਦੇ। ਕੈਨੇਡਾ ਦੀਆਂ ਚੰਗਿਆਈਆਂ ਦੀਆਂ ਵਧਾ ਵਧਾ ਕੇ ਗੱਲਾਂ ਕਰਦੇ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਰੇ ਹੀ ਹੈਰਾਨ ਹੋਈ ਜਾਂਦੇ। ਜਦੋਂ ਉਹ ਰਵੀ ਨੂੰ ਢੇਰ ਸਾਰੇ ਖਿਡਾਉਣੇ ਲਿਆ ਕੇ ਦਿੰਦੇ ਤਾਂ ਰਵੀ ਦੇ ਡੈਡੀ ਨੇ ਕਹਿਣਾ, “ਭਰਾ ਜੀ ਇਹ ਸਮਾਨ ਤੇ ਭਾਵੇਂ ਤੁਸੀਂ ਅਸਾਡੇ ਵਾਸਤੇ ਨਾ ਹੀ ਲੈ ਕੇ ਆਇਆ ਕਰੋ, ਕਿਸੇ ਨਾ ਕਿਸੇ ਤਰ੍ਹਾਂ ਰਵੀ ਨੂੰ ਕੈਨੇਡਾ ਲੈ ਜਾਵੋ ਤਾਂ ਕਿ ਸਾਡੀ ਵੀ ਉਥੇ ਕੋਈ ਧਿਰ ਬਣ ਜਾਵੇ। ਮੈਂ ਤੁਹਾਡਾ ਅਹਿਸਾਨ ਜਿੰæਦਗੀ ਭਰ ਨਹੀਂ ਭੁਲਾਵਾਂਗਾ।” “ਜੇ ਉਥੇ ਜਾ ਕੇ ਰਵੀ ਨੇ ਹੀ ਤੁਹਾਨੂੰ ਭੁਲਾ ਦਿਤਾ?” ਖੁਸ਼ਹਾਲ ਸਿੰਘ ਨੇ ਆਪਣੀਆਂ ਮਜ਼ਬੂਰੀਆਂ ਵਿਚੋਂ ਨਵਾਂ ਹੀ ਪ੍ਰਸ਼æਨ ਚਿੰਨ੍ਹ ਉਗਾ ਲਿਆ ਸੀ। “ਵੀਰ ਜੀ! ਰਵੀ ਪੁੱਤਰ ਤਾਂ ਮੇਰਾ ਹੀ ਹੈ ਨਾ। ਉਸ ਨੇ ਮੇਰਾ ਦੁੱਧ ਪੀਤਾ ਹੈ। ਸਾਰੀ ਦੁਨੀਆਂ ਬਦਲ ਸਕਦੀ ਹੈ ਪਰ ਇਹ ਨਹੀਂ ਹੋ ਸਕਦਾ।” ਰਵੀ ਦੀ ਮੰਮੀ ਨੇ ਆਪਣੇ ਦਿਲ ‘ਤੇ ਹੱਥ ਰੱਖ ਕੇ ਕਿਹਾ ਸੀ। “ਭੈਣ ਜੀ ਤੁਹਾਡੀ ਗੱਲ ਠੀਕ ਹੈ ਪਰ ਕੋਈ ਵੀ ਬੱਚਾ ਸਾਰੀ ਉਮਰ ਮਾਂ ਦੇ ਹੀ ਦੁੱਧ ‘ਤੇ ਨਹੀਂ ਬੈਠਾ ਰਹਿੰਦਾ। ਨਾਲੇ ਫ਼ਿਰ ਕੈਨੇਡਾ ਦੀ ਤਾਂ ਧਰਤੀ ਹੀ ਇਹੋ ਜਿਹੀ ਹੈ ਜਿੱਥੇ ਜਾ ਕੇ ਦੁੱਧ ਤੇ ਬੁੱਧ ਤਾਂ ਕਿਸ ਦੇ ਪਾਣੀ ਹਾਰੇ ਨੇ, ਉਥੇ ਤਾਂ ਸਾਰੇ ਹੀ ਰਿਸ਼ਤੇ ਉਲਟੇ-ਪੁਲਟੇ ਹੋ ਜਾਂਦੇ ਨੇ। ਤੇ ਕੇਵਲ ਡਾਲਰਾਂ ਦਾ ਹੀ ਇੱਕ ਰਿਸ਼ਤਾ ਬਾਕੀ ਰਹਿ ਜਾਂਦਾ ਹੈ।” “ਭਰਾ ਜੀ, ਜਿਵੇਂ ਤੁਹਾਡੀ ਮਰਜ਼ੀ। ਮੈਂ ਤੁਹਾਨੂੰ ਜੀਵਨ ਵਿਚ ਇਕੋ ਹੀ ਕੰਮ ਕਿਹਾ ਹੈ ਦੇਖ ਲੈਣਾ, ਜੇ ਕਰ ਹੋ ਸਕੇ ਤਾਂ?” ਰਵੀ ਦੇ ਡੈਡੀ ਨੇ ਆਪਣੇ ਸੱਭਿਆਚਾਰਕ ਜ਼ੋਰ ਨਾਲ ਅਖ਼ੀਰਲਾ ਫ਼ਾਰਮੂਲਾ ਵਰਤਿਆ। ਘਰ ਦੇ ਜੰਮਿਆਂ ਦੀ ਕੋਈ ਉਮਰ ਨਹੀਂ ਪੁੱਛਿਆ ਕਰਦਾ। ਖੁਸ਼ਹਾਲ ਸਿੰਘ ਨੂੰ ਆਪਣੀ ਪਤਨੀ ਦੇ ਸੁਭਾਅ ਦਾ ਪਤਾ ਸੀ। ਇੱਕ ਦਿਨ ਉਸ ਦਾ ਚੰਗਾ ਜਿਹਾ ਰੌਂਅ ਦੇਖ ਕੇ ਉਸ ਨੇ ਤੇਜ ਕੌਰ ਨੂੰ ਪੁੱਛਿਆ ਸੀ, “ਇਸ ਵੇਰ ਜਦੋਂ ਮੈਂ ਇੰਡੀਆ ਗਿਆ ਸੀ ਤਾਂ ਭੈਣ ਜੀ ਰਵੀ ਨੂੰ ਕੈਨੇਡਾ ਲਿਆਉਣ ਬਾਰੇ ਬਹੁਤਾ ਹੀ ਜ਼ੋਰ ਦੇ ਰਹੇ ਸਨ।” “ਜ਼ੋਰ ਤਾਂ ਸਾਰੇ ਰਿਸ਼ਤੇਦਾਰ ਹੀ ਲਾ ਰਹੇ ਹਨ। ਇਧਰ ਮੇਰੀ ਭੈਣ ਵੀ ਮੇਰੇ ਵੱਡੇ ਭਾਣਜੇ ਮਨਜੀਤ ਨੂੰ ਕੈਨੇਡਾ ਲਿਆਉਣ ਲਈ ਕਹਿ ਰਹੀ ਹੈ। ਉਸ ਦਾ ਕਈ ਵਾਰ ਫੋਨ ਆ ਚੁੱਕਿਆ ਹੈ। ਨਾਲੇ ਸਾਡੇ ਆਪਣੇ ਹੀ ਦੋ ਬੱਚੀਆਂ ਹਨ। ਅਸਾਨੂੰ ਔਲਾਦ ਪੱਖੋਂ ਕਿਸ ਚੀਜ਼ ਦੀ ਘਾਟ ਹੈ। ਕੈਨੇਡਾ ਵਿਚ ਤਾਂ ਬੇਟਾ ਵੀ ਉਹੋ ਜਿਹਾ ਤੇ ਬੇਟੀਆਂ ਵੀ ਉਹੋ ਜਿਹੀਆਂ। ਅਸੀਂ ਇਨ੍ਹਾਂ ਦੇ ਹੀ ਫਰਜ਼ ਪੂਰੇ ਕਰ ਲਈਏ, ਉਹੋ ਹੀ ਬਹੁਤ ਹਨ। ਕਿਉਂ ਵਾਧੂ ਦੇ ਝੰਜਟ ਸਹੇੜੀਏ।” ਤੇਜ਼ ਕੌਰ ਨੇ ਵਿਰੋਧ ਵਿਚ ਦਲੀਲਾਂ ਦੀ ਇੱਕ ਲੰਬੀ ਝੜੀ ਲਾ ਦਿੱਤੀ। “ਚਲ ਇੱਕ ਪੰਥ ਦੋ ਕਾਜ਼। ਦੋਵੇਂ ਹੀ ਕੰਮ ਕਰ ਲੈਨੇ ਆਂ।” ਖੁਸ਼ਹਾਲ ਸਿੰਘ ਨੇ ਪਹਿਲੋਂ ਹੀ ਸੋਚੀ ਵਿਚਾਰੀ ਚਾਲ ਚੱæਲੀ। “ਪਹਿਲੋਂ ਰਵੀ ਨੂੰ ਬੁਲਾ ਲੈਨੇ ਆਂ। ਫਿਰ ਤੇਰੀ ਭਾਣਜੀ ਉਸ ਨਾਲ ਵਿਆਹ ਕੇ ਲੈ ਆਵਾਂਗੇ।” “ਤੁਸੀਂ ਤਾਂ ਉਹ ਗੱਲ ਕਰਦੇ ਓ, ਅਖੇ ‘ਕਣਕ ਖੇਤ, ਕੁੜੀ ਪੇਟ, ਆ ਜਵਾਈਆ ਮੰਡੇ ਖਾਹ’ ਏਨੀਆਂ ਲੰਮੀਆਂ ਸਕੀਮਾਂ ‘ਤੇ ਮੈਂ ਨਹੀਂ ਭਰੋਸਾ ਕਰਦੀ। ਇੱਥੋਂ ਦੇ ਬੱਚੇ ਵੱਡੇ ਹੋ ਕੇ ਕਦ ਕਿਸੇ ਦੀ ਮੰਨਦੇ ਆ। ਕੀਹਦੀ ਕੁੜੀ ਤੇ ਕੀਹਦਾ ਵਿਆਹ?” ਉਸ ਦੀ ਚਾਲ ਉੁਤੇ ਤੇਜ ਕੌਰ ਨੇ ਸਿੱਧਾ ਹੀ ਕਾਟਾ ਫੇਰ ਦਿਤਾ। ਖੈਰ, ਇਹ ਘੈਂਸ ਘੈਂਸ ਘਰ ਵਿਚ ਕਈ ਵਾਰ ਹੋਈ। ਕਈ ਕਈ ਗੁੱਸੇ ਗਿਲੇ ਦੇ, ਅਤੇ ਮੰਨ-ਮੰਨੌਤਾਂ ਦੇ ਦੌਰ ਚੱਲੇ। ਜਿਵੇਂ ਕਿਵੇਂ ਵੀ ਹੋਇਆ ਰਵੀ ਖੁਸ਼ਹਾਲ ਸਿੰਘ ਅਤੇ ਤੇਜ ਕੌਰ ਦਾ ਗੋਦ ਲਿਆ ਪੁੱਤਰ ਬਣ ਕੇ ਕੈਨੇਡਾ ਪਹੁੰਚ ਗਿਆ। ਪਹੁੰਚ ਤੇ ਗਿਆ ਰਵੀ ਕੈਨੇਡਾ ਪਰ ਉਸ ਦੀ ਧਰਮ ਮਾਂ ਨੇ ਮਾਂ ਦਾ ਤੇ ਕੀ ਕਦੀ ਰਵੀ ਨੂੰ ਬਣਦਾ ਮਾਮੀ ਵਾਲਾ ਵੀ ਪਿਆਰ ਨਾ ਦਿਤਾ। ਮਾਮੇ ਦੇ ਘਰ ਪੁੱਤਰ ਬਣ ਕੇ ਆਇਆ ਰਵੀ ਬੱਸ ਇੱਕ ਅਜਨਬੀ ਬਣ ਕੇ ਰਹਿ ਗਿਆ। ਘਰ ਦੇ ਵਿਚ ਉਸ ਨੂੰ ਕੋਈ ਵੀ ਸਤਿਕਾਰ ਨਾ ਮਿਲਦਾ। ਉਸ ਨੂੰ ਕੋਈ ਵੀ ਆਪਣਾ ਨਾ ਸਮਝਦਾ। ਮਾਮੇ ਦੀਆਂ ਧੀਆਂ ਵੀ, ਆਪਣੀ ਮਾਂ ਦੀ ਅੱਖ ਦੇਖ, ਉਸ ਨੂੰ ਚੰਗੀ ਤਰ੍ਹਾਂ ਨਾ ਬੁਲਾਉਂਦੀਆਂ। ਇੱਕ ਉਸ ਦਾ ਮਾਮਾ ਹੀ ਸੀ ਜੋ ਉਸ ਨੂੰ ਦਿਲੋਂ ਪਿਆਰ ਕਰਦਾ ਸੀ। ਉਹ ਰਵੀ ਦੀ ਹਰ ਛੋਟੀ ਮੋਟੀ ਜ਼ਰੂਰਤ ਦਾ ਖਿਆਲ ਰੱਖਦਾ। ਵਕਤ ਲੰਘਦਾ ਗਿਆ ਤੇ ਰੁੱਤਾਂ ਵੀ ਬਦਲਦੀਆਂ ਗਈਆਂ ਪਰ ਰਵੀ ਦੇ ਪਰਿਵਾਰਕ ਵਾਤਾਵਰਨ ਵਿਚ ਕੋਈ ਅੰਤਰ ਨਾ ਆਇਆ। ਬਾਰਾਂ ਕੁ ਸਾਲਾਂ ਦਾ ਰਵੀ ਹੁਣ 18-19 ਵਰ੍ਹਿਆਂ ਦਾ ਨੌਜਵਾਨ ਬਣ ਗਿਆ ਸੀ। ਪੜ੍ਹਨ ਵਿਚ ਹੁਸ਼ਿਆਰ, ਜਦੋਂ ਉਹ ਆਪਣੀਆਂ ਭੈਣਾਂ ਨਾਲੋਂ ਕਿਤੇ ਜ਼ਿਆਦਾ ਨੰਬਰ ਲੈ ਕੇ ਆਉਂਦਾ, ਉਸ ਦੀ ਮਾਮੀ ਉਸ ਨੂੰ ਸ਼ਾਬਾਸ਼ ਦੇਣ ਦੀ ਥਾਂ ਸਗੋਂ ਉਸ ਉਪਰ ਹੋਰ ਵੀ ਸੜਦੀ ਕੁੜ੍ਹਦੀ। ਉਹ ਅਕਸਰ ਰਵੀ ਦੇ ਮਾਮੇ ਨੂੰ ਆਖਦੀ, “ਪੜ੍ਹਨ ਤੋਂ ਸਿਵਾ ਇਸ ਨੂੰ ਹੋਰ ਕੰਮ ਵੀ ਕੀ ਏ? ਵਿਹਲਾ ਬੈਠਾ ਖਾ ਪੀ ਛੱਡਦੈ, ਹੋਰ ਕਿਹੜਾ ਇਸ ਨੂੰ ਕਿਸੇ ਜਿੰਮੇਵਾਰੀ ਦਾ ਫਿਕਰ ਏੇ।” ਉਸ ਵੇਲੇ ਰਵੀ ਨੂੰ ਆਪਣੀ ਮੰਮੀ ਬਹੁਤ ਯਾਦ ਆਉਂਦੀ ਜੋ ਰਵੀ ਦੇ ਸਕੂਲ ਦੀ ਵਧੀਆ ਰਿਪੋਰਟ ਦੇਖ ਕੇ ਰਵੀ ਨੂੰ ਆਪਣੀ ਛਾਤੀ ਨਾਲ ਘੁੱਟ ਲਿਆ ਕਰਦੀ ਸੀ। ਕਿਵੇਂ ਉਹ ਰਵੀ, ਉਸ ਦੀ ਵੱਡੀ ਭੈਣ ਅਤੇ ਛੋਟੇ ਭਰਾ ਦਾ ਨਤੀਜਾ ਨਿਕਲਣ ‘ਤੇ ਸਾਰੇ ਪਿੰਡ ਵਿਚ ਖੁਸ਼ੀ ਨਾਲ ਲੱਡੂ ਵੰਡਿਆ ਕਰਦੀ ਸੀ ਤੇ ਡੈਡੀ ਹਮੇਸ਼ਾਂ ਉਸ ਨੂੰ ਕੋਈ ਤੋਹਫਾ ਲਿਆ ਕੇ ਦਿਆ ਕਰਦੇ ਸਨ। ਮਾਮੀ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਸੁਣ ਕੇ ਰਵੀ ਨੂੰ ਆਪਣੇ ਮੰਮੀ-ਡੈਡੀ ਬਹੁਤ ਹੀ ਯਾਦ ਆਉਂਦੇ। ਕਈ ਵੇਰ ਉਹ ਸੋਚਦਾ ਪਤਾ ਨਹੀਂ ਕਿਉਂ ਡੈਡੀ ਨੇ ਉਹਨੂੰ ਕੈਨੇਡਾ ਭੇਜ ਦਿੱਤਾ ਸੀ। ਮਾਮੀ ਦੇ ਤਾਹਨੇ-ਮਿਹਣੇ ਸੁਣਦਾ ਰਵੀ ਤੰਗ ਆ ਜਾਂਦਾ। ਉਹ ਕਈ ਵਾਰ ਆਪਣੇ ਮਾਮੇ ਨੂੰ ਆਖਦਾ, “ਮਾਮਾ ਜੀ, ਮੈਂ ਪੜ੍ਹਾਈ ਦੇ ਨਾਲ ਨਾਲ ਕੋਈ ਪਾਰਟ ਟਾਈਮ ਜੌਬ ਵੀ ਕਰ ਲੈਂਦਾ ਹਾਂ।” ਪਰ ਖੁਸ਼æਹਾਲ ਸਿੰਘ ਨਾ ਮੰਨਦਾ। ਸਗੋਂ ਉਹ ਗਰਮੀਆਂ ਦੀਆਂ ਛੁੱਟੀਆਂ ਵਿਚ ਵੀ ਰਵੀ ਨੂੰ ਕੋਈ ਨਾ ਕੋਈ ਕਰੈਡਿਟ ਲੈਣ ਲਈ ਆਖਦਾ ਤਾਂ ਕਿ ਉਹ ਆਪਣੀ ਪੜ੍ਹਾਈ ਜਲਦੀ ਖਤਮ ਕਰ ਲਵੇ। ਉਸ ਨੂੰ ਆਪਣੀ ਪਤਨੀ ਦੇ ਸੁਭਾਅ ਦਾ ਪਤਾ ਸੀ ਜੋ ਹਰ ਵਕਤ ਰਵੀ ਦੇ ਮਗਰ ਪਈ ਰਹਿੰਦੀ ਸੀ। ਹੁਸ਼ਿਆਰ ਰਵੀ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਦੋ ਤਿੰਨ ਕਰੈਡਿਟ ਲੈ ਲੈਂਦਾ ਸੀ ਜਿਸ ਨਾਲ ਉਸ ਨੇ ਓæਏæਸੀæ ਦਾ ਇਮਤਿਹਾਨ ਆਪਣੇ ਨਾਲੋਂ ਉਮਰ ਵਿਚ ਵੱਡੀ ਆਪਣੀ ਭੈਣ ਨਾਲੋਂ ਪਹਿਲਾਂ ਪਾਸ ਕਰ ਲਿਆ ਸੀ। ਹੁਣ ਮਾਮੀ ਅਤੇ ਉਸ ਦੀਆਂ ਧੀਆਂ ਰਵੀ ਨਾਲ ਹੋਰ ਵੀ ਈਰਖਾ ਕਰਨ ਲੱਗੀਆਂ। ਉਹ ਗੱਲ ਗੱਲ ‘ਤੇ ਰਵੀ ਦੀ ਬੇਇਜ਼ਤੀ ਕਰਨ ਲੱਗੀਆਂ। ਖਾਸ ਤੌਰ ‘ਤੇ ਜਦੋਂ ਮਾਮਾ ਘਰ ਨਾ ਹੁੰਦਾ। ਡੈਡੀ ਦੇ ਸਾਹਮਣੇ ਉਹ ਘੱਟ ਵੱਧ ਹੀ ਬੋਲਦੀਆਂ। ਪਰ ਉਸ ਦੀ ਗੈਰਹਾਜ਼ਰੀ ਵਿਚ ਉਹ ਰਵੀ ਨੂੰ ਰੱਜ ਕੇ ਤੰਗ ਕਰਦੀਆਂ। ਰਵੀ ਇਸ ਤਰ੍ਹਾਂ ਦੀ ਰੋਜ਼ ਦੀ ਖਿੱਚ-ਖਿੱਚ ਤੋਂ ਡਾਢਾ ਹੀ ਤੰਗ ਆ ਗਿਆ ਸੀ। ਉਹ ਘਰੋਂ ਨਿਕਲਣ ਦੇ ਬਹਾਨੇ ਭਾਲਣ ਲੱਗਾ। ਉਸ ਦੇ ਮਾਮੇ ਨੂੰ ਇਹ ਤਾਂ ਪਤਾ ਸੀ ਕਿ ਘਰ ਵਿਚ ਰਵੀ ਨਾਲ ਕਿਸ ਤਰ੍ਹਾਂ ਦਾ ਸਲੂਕ ਹੁੰਦਾ ਸੀ ਪਰ ਉਹ ਇਸ ਬਾਰੇ ਚੁਪ ਹੀ ਰਹਿੰਦਾ। ਨਾ ਹੀ ਰਵੀ ਨੇ ਉਸ ਕੋਲ ਕਦੀ ਕੋਈ ਸ਼ਿਕਾਇਤ ਕੀਤੀ ਸੀ। ਆਖ਼ਿਰ ਇਕ ਦਿਨ ਰਵੀ ਨੂੰ ਘਰੋਂ ਨਿਕਲਣ ਦਾ ਬਹਾਨਾ ਮਿਲ ਹੀ ਗਿਆ। ਉਸ ਦੀ ਵੱਡੀ ਭੈਣ ਨੇ ਉਸ ‘ਤੇ 20 ਡਾਲਰ ਚੋਰੀ ਕਰਨ ਦਾ ਦੋਸ਼ ਮੜ੍ਹ ਦਿੱਤਾ ਸੀ। ਰਵੀ ਨੇ ਸੋਚਿਆ, ਇਹ ਤਾਂ ਅਜੇ ਆਰੰਭ ਹੀ ਹੈ। ਉਸ ‘ਤੇ ਇਸ ਨਾਲੋਂ ਕੋਈ ਹੋਰ ਵੱਡਾ ਦੋਸ਼ ਵੀ ਲਾਇਆ ਜਾ ਸਕਦਾ ਹੈ। ਉਹ ਡਰਦਾ ਮਾਰਾ ਘਰੋਂ ਮੂਵ ਹੋ ਗਿਆ। ਹੁਣ ਉਹ ਯੂਨੀਵਰਸਿਟੀ ਵਿਚ ਪੜ੍ਹਾਈ ਦੇ ਨਾਲ ਨਾਲ ਪਾਰਟ ਟਾਈਮ ਜੌਬ ਵੀ ਕਰਨ ਲੱਗ ਪਿਆ। ਆਪਣੇ ਇੱਕ ਦੋਸਤ ਨਾਲ ਰਲ ਕੇ ਉਸ ਨੇ ਇੱਕ ਕਮਰਾ ਯੂਨੀਵਰਸਿਟੀ ਦੇ ਕੋਲ ਹੀ ਕਿਰਾਏ ‘ਤੇ ਲੈ ਲਿਆ। ਮਾਮੇ ਦੇ ਘਰ ਉਹ ਘੱਟ ਵੱਧ ਹੀ ਜਾਂਦਾ। ਉਹ ਆਪਣੀ ਪੜ੍ਹਾਈ ਦਾ ਖਰਚਾ ਆਪਣੀ ਜੌਬ ਨਾਲ ਤੋਰ ਲੈਂਦਾ ਤੇ ਕੁਝ ਸਕਾਲਰਸ਼ਿਪ ਮਿਲ ਜਾਣ ਕਾਰਣ ਉਸ ਦੇ ਖਰਚੇ ਵਿਚ ਸਹਾਇਤਾ ਹੋ ਜਾਂਦੀ। ਇੱਕ ਦਿਨ ਸਾਡੀ ਬਰਾਂਚ ਵਿਚ ਇੱਕ ਨਵੀਂ ਕੁੜੀ ਦੀ ਨਿਯੁਕਤੀ ਹੋਈ। ਸੈਂਡੀ ਦਾ ਜੌਬ ‘ਤੇ ਇਹ ਪਹਿਲਾ ਦਿਨ ਸੀ। ਅਜੇ ਕੁਝ ਦਿਨ ਉਸ ਨੇ ਮੇਰੇ ਕੋਲੋਂ ਕੰਮ ਦੀ ਸਿੱਖਿਆ ਲੈਣੀ ਸੀ। ਗੋਰੀਚਿੱਟੀ, ਗੁਲਾਬੀ-ਗੁਲਾਬੀ ਗੱਲ੍ਹਾਂ ਤੇ ਸਮੁੰਦਰ ਵਰਗੀਆਂ ਨੀਲੀਆਂ-ਗਹਿਰੀਆਂ ਅੱਖਾਂ ਵਾਲੀ ਸੈਂਡੀ ਬਹੁਤ ਹੀ ਖੁਸ਼ਦਿਲ ਅਤੇ ਮਿਲਾਪੜੀ ਸੀ। ਪਹਿਲੇ ਹੀ ਦਿਨ ਉਹ ਮੇਰੇ ਨਾਲ ਇਦਾਂ ਘੁਲਮਿਲ ਗਈ ਜਿਵੇਂ ਮੈਨੂੰ ਉਹ ਚਿਰਾਂ ਤੋਂ ਜਾਣਦੀ ਹੋਵੇ। ਕੰਮ ਦੀ ਸਿੱਖਲਾਈ ਵੇਲੇ ਵੀ ਉਹ ਚਾਰ ਕਦਮ ਅੱਗੇ ਹੀ ਰਹਿੰਦੀ। ਹਰ ਕੰਮ ਵਿਚ ਹੀ ਰੀਝ ਅਤੇ ਉਸ ਦਾ ਕੰਮ ਪ੍ਰਤੀ ਸੰਪੂਰਨ ਸਮਰਪਣ ਉਸ ਦੀ ਹਰ ਸਿੱਖਿਆ-ਸ਼ਕਤੀ ਨੂੰ ਟਾਪ ਗੀਅਰ ਵਿਚ ਪਾਈ ਰੱਖਦਾ। ਤੇ ਉਸ ਨੇ ਦਿਨਾਂ ਦਾ ਸਫ਼ਰ ਘੰਟਿਆਂ ਵਿਚ ਸਮੇਟ ਲਿਆ। ਇੱਕ ਦਿਨ ਸਬੱਬੀਂ ਜਦੋਂ ਰਵੀ ਲਾਇਬਰੇਰੀ ਆਇਆ ਤਾਂ ਸੈਂਡੀ ਵੀ ਡਿਊਟੀ ‘ਤੇ ਸੀ। ਮੈਂ ਦੋਵਾਂ ਦੀ ਜਾਣ-ਪਛਾਣ ਕਰਵਾਈ। ਉਸ ਵੇਲੇ ਦੋਹਾਂ ਪ੍ਰਤੀ ਮੇਰਾ ਮੋਹ, ਪਿਆਰ, ਮਾਣ, ਸਤਿਕਾਰ ਪਤਾ ਨਹੀਂ ਕਿੰਨਾਂ ਕੁਝ ਹੋਰ, ਮੇਰੇ ਮੂਹੋਂ ਕਿਹੜੇ ਸ਼ਬਦਾਂ ਦਾ ਰੂਪ ਧਾਰ ਕੇ ਪਰਸਪਰ ਦੋਹਾਂ ਦੇ ਮਨਾਂ ਵਿਚ ਪਸਰਦਾ ਗਿਆ। ਤੇ ਦੋਵੇਂ ਹੀ ਮੈਨੂੰ ਬੜੇ ਸ਼ਰਮਾਏ-ਸ਼ਰਮਾਏ ਪਰ ਸਰਸ਼ਾਰੇ ਹੋਏ ਲੱਗੇ। ਉਸ ਪਿੱਛੋਂ ਅਕਸਰ ਹੀ ਅਸੀਂ ਤਿੰਨੇ ਸਟਾਫ਼ ਰੂਮ ਵਿਚ ਇੱਕਠੇ ਚਾਹ ਪੀਣ ਲੱਗੇ।…ਤੇ ਪਤਾ ਹੀ ਨਾ ਲੱਗਾ ਕਿ ਕਦੋਂ ਰਵੀ ਸੈਂਡੀ ਦੀਆਂ ਝੀਲ ਵਰਗੀਆਂ ਅੱਖਾਂ ਵਿਚ ਗੁਆਚ ਗਿਆ। ਹੌਲੀ ਹੌਲੀ ਰਵੀ ਅਤੇ ਸੈਂਡੀ ਦੀ ਜਾਣਪਛਾਣ ਦੋਸਤੀ ਵਿਚ ਬਦਲਦੀ ਗਈ ਤੇ ਦੇਖਦਿਆਂ ਹੀ ਦੇਖਦਿਆਂ ਇਹ ਦੋਸਤੀ ਪਿਆਰ ਦਾ ਰੂਪ ਧਾਰ ਗਈ। ਉਹ ਦੋਨੋਂ ਅਕਸਰ ਇੱਕਠੇ ਬਾਹਰ ਜਾਣ ਲੱਗੇ। ਕਦੀ ਕੌਫੀ ਪੀਣ ਦੇ ਬਹਾਨੇ, ਕਦੀ ਪੀਜ਼ਾ ਖਾਣ ਦੇ ਬਹਾਨੇ ਤੇ ਕਦੀ ਕਦੀ ਉਹ ਕੋਈ ਫਿਲਮ ਦੇਖਣ ਵੀ ਚਲੇ ਜਾਂਦੇ। ਸੈਂਡੀ ਦੇ ਨਾਲ ਕੰਮ ਕਰਦਿਆਂ ਮੈਂ ਇਹ ਜਾਣ ਗਈ ਸਾਂ ਕਿ ਉਹ ਇੱਕ ਚੰਗੀ ਕੁੜੀ ਸੀ ਇਸ ਲਈ ਮੈਨੂੰ ਇਨ੍ਹਾਂ ਦੀ ਦੋਸਤੀ ਤੇ ਕੋਈ ਇਤਰਾਜ਼ ਨਹੀਂ ਸੀ। ਪਰ ਜਦੋਂ ਇਸ ਦਾ ਪਤਾ ਰਵੀ ਦੀ ਮਾਮੀ ਨੂੰ ਲੱਗਿਆ ਤਾਂ ਉਸ ਨੂੰ ਤਾਂ ਜਿਵੇਂ ਸੱਤੀਂ ਕੱਪੜੀਂ ਅੱਗ ਲੱਗ ਗਈ ਹੋਵੇ। ‘ਕਹਿੰਦਾ ਸੀ ਰਵੀ ਦਾ ਤੇਰੀ ਭਾਣਜੀ ਨਾਲ ਵਿਆਹ ਕਰਾਂਗੇ? ਹੁਣ ਸਾਂਭ ਲਵੇ ਆਪਣੇ ਰਵੀ ਨੂੰ।’ ਉਹ ਰਵੀ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਅਜਾਈਂ ਨਾ ਜਾਣ ਦਿੰਦੀ। ਉਸ ਨੇ ਖੁਸ਼ਹਾਲ ਸਿੰਘ ਨੂੰ ਸਾਫ ਸਬਦਾਂ ਵਿਚ ਆਖ ਦਿਤਾ, “ਹੁਣ ਰਵੀ ਮੇਰੇ ਘਰ ਨਾ ਵੜੇ, ਮੇਰੀਆਂ ਜੁਆਨ ਕੁੜੀਆਂ ‘ਤੇ ਇਸ ਦਾ ਕੀ ਅਸਰ ਪਵੇਗਾ? ਜੇ ਉਸ ਨੇ ਗੋਰੀਆਂ ਨਾਲ ਹੀ ਖੇਹ ਖਾਣੀ ਹੈ ਤਾਂ ਘਰੋਂ ਦੂਰ ਹੀ ਰਹੇ।” ਰੁੱਤਾਂ ਹੋਰ ਬਦਲਦੀਆਂ ਗਈਆਂ ਤੇ ਵਕਤ ਵੀ ਲੰਘਦਾ ਗਿਆ। ਸਮੇਂ ਦੇ ਨਾਲ ਹੀ ਰਵੀ ਤੇ ਸੈਂਡੀ ਦੇ ਪਿਆਰ ਦਾ ਰੰਗ ਵੀ ਭਰਪੂਰ ਗੂੜ੍ਹਾ ਅਤੇ ਸੁਨਹਿਰੀ ਹੁੰਦਾ ਗਿਆ। ਰਵੀ ਦੀ ਔੜਾਂ ਮਾਰੀ ਜ਼ਿੰਦਗੀ ਵਿਚ ਸੈਂਡੀ ਇੱਕ ਸੁਹਾਵੀ ਫੁਹਾਰ ਬਣ ਕੇ ਆਈ। ਉਸ ਦੇ ਹਰ ਦਰਦ ਉਤੇ ਸੈਂਡੀ ਨੇ ਆਪਣੇ ਕੂਲੇ ਨਿੱਘ ਦੀ ਟਕੋਰ ਕੀਤੀ। ਇੱਕ ਦਿਨ ਰਵੀ ਮੈਨੂੰ ਮੇਰੇ ਘਰ ਮਿਲਣ ਆ ਗਿਆ। ਕੁਝ ਚਿਰ ਚੁੱਪ ਬੈਠਾ ਰਿਹਾ ਤੇ ਫਿਰ ਕਹਿਣ ਲੱਗਾ, “ਦੀਦੀ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ।” “ਰਵੀ ਅੱਜ ਤੈਨੂੰ ਇਜ਼ਾਜਤ ਲੈਣ ਦੀ ਲੋੜ ਕਿਥੋਂ ਪੈ ਗਈ? ਅੱਛਾ ਬੋਲ ਕੀ ਕਹਿਣਾ ਚਾਹੁੰਦਾ ਹੈਂ?” ਮੈਂ ਹੱਸ ਕੇ ਪੁੱਛਿਆ। ਉਹ ਉਸੇ ਤਰ੍ਹਾਂ ਗਰਦਨ ਨੀਵੀਂ ਕਰੀ ਬੈਠਾ ਰਿਹਾ। ਮੈਂ ਪੁੱਛਿਆ, “ਰਵੀ, ਕੀ ਗੱਲ ਤੂੰ ਬੋਲਿਆ ਨਹੀਂ?” “ਦੀਦੀ ! ਮੈਂ ਸੈਂਡੀ ਨਾਲ ਵਿਆਹ ਕਰਵਾਉਂਣਾ ਚਾਹੁੰਦਾ ਹਾਂ।” ਉਹ ਉਸੇ ਤਰ੍ਹਾਂ ਹੇਠਾਂ ਸਿਰ ਝੁਕਾਈ ਬੋਲਿਆ।” “ਰਵੀ ਤੂੰ ਹੋਸ਼ ਵਿਚ ਤਾਂ ਹੈਂ? ਅਜੇ ਤੇਰੀ ਉਮਰ ਹੀ ਕੀ ਹੈ, ਨਾਲੇ ਤੇਰੀ ਪੜ੍ਹਾਈ ਦਾ ਕੀ ਬਣੇਗਾ? ਤੂੰ ਸੈਂਡੀ ਨੂੰ ਪੁੱਛਿਆ ਕਿ ਉਸ ਦੀ ਕੀ ਸਲਾਹ ਹੈ?” ਮੈਂ ਉਸ ਉਤੇ ਕਿੰਨੇ ਸਾਰੇ ਸਵਾਲ ਇੱਕੋ ਸਾਹੇ ਕਰ ਗਈ। “ਸੈਂਡੀ ਦੀ ਸਲਾਹ ਤੁਸੀਂ ਪੁੱਛ ਲੈਣਾ। ਮੈਂ ਤਾਂ ਆਪਣੇ ਦਿਲ ਦਾ ਫੈæਸਲਾ ਤੁਹਾਨੂੰ ਸੁਣਾਉਣ ਆਇਆ ਸੀ।” ਉਸ ਦਿਨ ਉਹ ਇਨੀ ਕੁ ਗੱਲ ਕਰ ਕੇ ਚਲਾ ਗਿਆ। ਇਸ ਤੋਂ ਪਿੱਛੋਂ ਵੀ ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅਜਿਹਾ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਉਹ ਆਪਣੀ ਪੜ੍ਹਾਈ ਪੂਰੀ ਕਰ ਲਵੇ ਤੇ ਨਾਲੇ ਆਪਣੀ ਮੰਮੀਡੈਡੀ ਨਾਲ ਗੱਲ ਕਰ ਲਵੇ। ਪਰ ਉਸ ਨੇ ਮੇਰੀ ਇੱਕ ਨਾ ਮੰਨੀ। ਇੱਕ ਦਿਨ ਮੈਂ ਸੈਂਡੀ ਨਾਲ ਵੀ ਗੱਲ ਕੀਤੀ। ਉਸ ਨੂੰ ਵੀ ਭਲੇ-ਬੁਰੇ ਬਾਰੇ ਸਮਝਾਉਣ ਦੇ ਯਤਨ ਕੀਤੇ ਕਿ ਅਜੇ ਤੁਹਾਡੀ ਉਮਰ ਹੋਰ ਅੱਗੇ ਵਧਣ ਦੀ ਹੈ ਕਿ ਬਹੁਤੀ ਵੇਰ ਦੋ ਵੱਖੋ-ਵੱਖ ਸੱਭਿਆਚਾਰ ਇੱਕ ਦੂਜੇ ਦੀ ਖੁਸ਼ੀ ਲੁੱਟ ਲੈਂਦੇ ਹਨ, ਕਿ ਹੁਣ ਸੋਚਣ ਦਾ ਕੋਈ ਹਰਜ਼ ਨਹੀਂ, ਫਿਰ ਪਿੱਛੋਂ ਪਛਤਾਇਆਂ ਕੁਝ ਨਹੀਂ ਹੋਣਾ ਜਦੋਂ ਚਿੜੀਆਂ ਨੇ ਸਾਰਾ ਹੀ ਖੇਤ ਚੁੱਗ ਲਿਆ। ਲਗਦਾ ਸੀ ਕਿ ਇਹ ਆਪਣਾ ਅਟੱਲ ਫੈæਸਲਾ ਤਾਂ ਪਹਿਲਾਂ ਹੀ ਕਰ ਚੁੱਕੇ ਸਨ। ਸੈਂਡੀ ਦੀ ਮਾਂ ਚਾਰ ਕੁ ਸਾਲ ਦੀ ਸੈਂਡੀ ਨੂੰ ਆਪਣੇ ਬਾਪ ਕੋਲ ਛੱਡ ਕੇ ਕਿਸੇ ਹੋਰ ਮਰਦ ਨਾਲ ਤੁਰ ਗਈ ਸੀ ਤੇ ਇਸ ਦੇ ਬਾਪ ਨੇ ਵੀ ਕਿਸੇ ਹੋਰ ਗੋਰੀ ਨਾਲ ਵਿਆਹ ਕਰਵਾ ਲਿਆ ਸੀ। ਸੈਂਡੀ ਦੀ ਇਸ ਨਵੀਂ ਮਾਂ ਨਾਲ ਕਦੀ ਵੀ ਨਹੀਂ ਸੀ ਬਣ ਸਕੀ। ਤੇ ਉਸ ਨੇ ਬਾਲਗ ਹੁੰਦਿਆਂ ਹੀ ਇੱਕ ਵੱਖਰੇ ਅਪਾਰਟਮੈਂਟ ਵਿਚ ਰਹਿਣਾ ਅਰੰਭ ਕਰ ਦਿੱਤਾ। ਹੁਣ ਉਹ ਨੌਕਰੀ ਕਰਦੀ ਸੀ ਤੇ ਆਪਣੀ ਮਰਜ਼ੀ ਦੀ ਖੁਦ ਮਾਲਕ ਸੀ। ਉਹ ਆਪਣੀ ਜ਼ਿੰਦਗੀ ਦੇ ਫੈæਸਲੇ ਆਪ ਹੀ ਕਰਦੀ ਸੀ ਤੇ ਰਵੀ ਨਾਲ ਵਿਆਹ ਦਾ ਫੈਸਲਾ ਉਸ ਦਾ ਆਪਣਾ ਫੈਸਲਾ ਸੀ। ਜਨਮਾਂ ਤੋਂ ਪਿਆਰ ਵਿਗੁੱਚੀਆਂ ਦੋਵੇਂ ਰੂਹਾਂ ਇੱਕ ਮਿੱਕ ਹੋ ਕੇ ਆਪਣੀਆਂ ਖਾਲੀ ਪਈਆਂ ਸਾਰੀਆਂ ਪਿਆਰ ਨੁੱਕਰਾਂ ਭਰਪੂਰ ਕਰ ਲੈਣੀਆਂ ਚਾਹੁੰਦੀਆਂ ਸਨ। ਵਿਆਹ ਕਰਨ ਤੋਂ ਪਹਿਲਾਂ ਮੈਂ ਰਵੀ ਨੂੰ ਆਪਣੇ ਮੰਮੀ-ਡੈਡੀ ਨਾਲ ਸਲਾਹ ਜਰੂਰ ਹੀ ਕਰ ਲੈਣ ‘ਤੇ ਜੋਰ ਦਿਤਾ। “ਦੀਦੀ ਇਹ ਜਾਣਕਾਰੀ ਪਹਿਲੋਂ ਹੀ ਉਨ੍ਹਾਂ ਨੂੰ ਮਾਮੀ ਜੀ ਤੋਂ ਮਿਲ ਚੁੱਕੀ ਹੈ। ਉਹ ਮੇਰੀ ਕੋਈ ਵੀ ਗੱਲ ਸੁਣਨ ਤੋਂ ਬਿਨ੍ਹਾਂ ਹੀ ਮੇਰੇ ਨਾਲ ਬੇਹੱਦ ਖਫਾ ਹਨ। ਉਹ ਕਦੇ ਵੀ ਮੈਨੂੰ ਇਸ ਵਿਆਹ ਦੀ ਆਗਿਆ ਨਹੀਂ ਦੇਣਗੇ, ਤੇ ਮੈਂ ਸੈਂਡੀ ਤੋਂ ਬਿਨ੍ਹਾਂ ਪਲ ਵੀ ਨਹੀਂ ਰਹਿ ਸਕਦਾ।” ਰਵੀ ਦਾ ਉਤਰ ਸੀ। ਰਵੀ ਤੇ ਸੈਂਡੀ ਦਾ ਵਿਆਹ ਹੋ ਗਿਆ। ਰਵੀ ਦਾ ਮਾਮਾ ਬੁਲਾਉਣ ‘ਤੇ ਵੀ ਵਿਆਹ ਵਿਚ ਸ਼ਾਮਿਲ ਨਾ ਹੋਇਆ। ਉਨ੍ਹਾਂ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਅਸੀਂ ਹੀ ਕੀਤੀਆਂ। ਦੋਹਾਂ ਦੀ ਵਿਆਹੁਤਾ ਜ਼ਿੰਦਗੀ ਰਵਾਂ-ਰਵੀਂ ਰੁੜ੍ਹੀ ਜਾ ਰਹੀ ਸੀ। ਦੋਵੇਂ ਇੱਕ ਦੂਜੇ ਦੇ ਸਾਹ ਵਿਚ ਜੀਉਂਦੇ। ਸੈਂਡੀ ਰਵੀ ਦੀ ਪੜ੍ਹਾਈ ਪੂਰੀ ਕਰਨ ਵਿਚ ਪੂਰਾ ਸਾਥ ਦੇ ਰਹੀ ਸੀ। ਉਹ ਹੁਣ ਫੁਲ ਟਾਈਮ ਕੰਮ ਕਰਦੀ ਸੀ ਤੇ ਰਵੀ ਪਾਰਟ ਟਾਈਮ ਕੰਮ ਕਰਦਾ ਤੇ ਯੂਨੀਵਰਸਿਟੀ ਦੀ ਪੜ੍ਹਾਈ ਵੀ ਕਰਦਾ। ਸੈਂਡੀ ਰਵੀ ਨੂੰ ਹਰ ਤਰ੍ਹਾਂ ਖੁਸ਼ ਰੱਖਦੀ। ਕਈ ਤਰ੍ਹਾਂ ਦੇ ਦੇਸੀ ਪਕਵਾਨ ਬਣਾਉਣੇ ਉਸ ਮੇਰੇ ਕੋਲੋਂ ਸਿੱਖ ਲਏ ਸਨ। ਦੀਵਾਲੀ ਦੇ ਤਿਉਹਾਰ ‘ਤੇ ਉਹ ਰਵੀ ਲਈ ਗਿਫ਼ਟ ਖਰੀਦ ਲਿਆਈ ਸੀ ਤੇ ਮੇਰੇ ਤੋਂ ਮਠਿਆਈ ਮੰਗਵਾ ਕੇ ਉਸ ਨੇ ਰਵੀ ਨੂੰ ਸਰਪ੍ਰਾਈਜ਼ ਦਿਤਾ ਸੀ। ਉਹ ਕਈ ਵੇਰ ਰਵੀ ਨੂੰ ਆਪਣੀ ਪਾਰਟ ਟਾਈਮ ਜੌਬ ਛੱਡ ਕੇ ਪੂਰਾ ਧਿਆਨ ਪੜ੍ਹਾਈ ਵੱਲ ਹੀ ਲਾਉਣ ਲਈ ਕਹਿੰਦੀ। ਇਮਤਿਹਾਨਾਂ ਦੇ ਨੇੜੇ ਜਾ ਕੇ ਰਵੀ ਨੇ ਇਵੇਂ ਹੀ ਕੀਤਾ। ਫਿਰ ਵੀ ਸੈਂਡੀ ਦੀ ਤਨਖਾਹ ਨਾਲ ਉਨ੍ਹਾਂ ਦਾ ਸੰਜਮੀ ਹੀ ਸਹੀ ਪਰ ਸੋਹਣਾ ਗੁਜ਼ਾਰਾ ਚੱਲ ਰਿਹਾ ਸੀ। ਸੈਂਡੀ ਦੀ ਕੁਰਬਾਨੀ ਅਤੇ ਸਮਰਪਣ ਨੂੰ ਦੇਖ ਕੇ ਅਤੇ ਕੁਝ ਆਪ ਔਰਤ ਹੋਣ ਕਰਕੇ, ਮੈਂ ਕਈ ਵਾਰ ਆਖਦੀ, “ਰਵੀ! ਆਪਣੀ ਦੀਦੀ ਨਾਲ ਇਹ ਇਕਰਾਰ ਕਰ ਕਿ ਤੂੰ ਸੈਂਡੀ ਨੂੰ ਕਦੀ ਵੀ ਧੋਖਾ ਨਹੀਂ ਦੇਵੇਂਗਾ।” ਰਵੀ ਇਹ ਸੁਣ ਕੇ ਪੂਰਾ ਪਿਘਲ ਜਾਂਦਾ। ਦੋ ਸਾਲ ਹੋਰ ਕਦੋਂ ਲੰਘ ਗਏ ਇਹ ਪਤਾ ਹੀ ਨਾ ਚੱਲਿਆ। ਰਵੀ ਗਰੈਜੂਏਟ ਹੋ ਗਿਆ ਸੀ। ਬੀæਐਸ਼ਸੀæ ਵਿਚੋਂ ਉਹ ਚੰਗੇ ਨੰਬਰ ਲੈ ਕੇ ਪਾਸ ਹੋਇਆ ਸੀ। ਇੱਕ ਦਿਨ ਸਵੇਰੇ-ਸਵੇਰੇ ਹੀ ਰਵੀ ਦਾ ਫ਼ੋਨ ਆਇਆ। ਉਹ ਕੁਝ ਘਬਰਾਇਆ ਹੋਇਆ ਬੋਲਿਆ, “ਦੀਦੀ, ਰਾਤੀਂ ਇੰਡੀਆ ਤੋਂ ਫ਼ੋਨ ਆਇਆ ਹੈ, ਮੰਮੀ ਦੀ ਤਬੀਅਤ ਬਹੁਤ ਖਰਾਬ ਹੈ। ਸ਼ਾਇਦ ਉਹ ਬੱਚ ਨਾ ਸਕਣ। ਮੈਨੂੰ ਇੰਡੀਆ ਜਾਣਾ ਪੈ ਗਿਆ ਹੈ। ਮੇਰੇ ਪਿੱਛੋਂ ਸੈਂਡੀ ਦਾ ਖਿਆਲ ਰੱਖਿਓ।” ਤੂੰ ਸੈਂਡੀ ਨੂੰ ਵੀ ਨਾਲ ਲੈ ਜਾ। ਸਗੋਂ ਉਥੇ ਉਹ ਤੇਰਾ ਧਿਆਨ ਰੱਖੇਗੀ।” ਮੇਰੇ ਮੂੰਹੋਂ ਅਚਾਨਕ ਨਿਕਲ ਗਿਆ ਜਾਂ ਖ਼ਬਰੇ ਇਸ ਪਿੱਛੇ ਅਚੇਤ ਮਨ ਵਿਚ ਛੁੱਪਿਆ ਕੋਈ ਡਰ ਬੋਲ ਪਿਆ ਹੋਵੇ। “ਇਸ ਲਈ ਅਜੇ ਹਾਲਾਤ ਢੁਕਵੇਂ ਨਹੀਂ ਹਨ। ਨਾਲੇ ਟਿਕਟਾਂ ਦਾ ਖ਼ਰਚਾ ਵੀ ਦੁੱਗਣਾ ਹੋ ਜਾਵੇਗਾ।” ਕਹਿੰਦਿਆਂ ਉਸ ਨੇ ਟੈਲੀਫੋਨ ਰੱਖ ਦਿਤਾ। ਦੋ ਦਿਨਾਂ ਪਿੱਛੋਂ ਰਵੀ ਦੋ ਹਫਤੇ ਲਈ ਇੰਡੀਆ ਚਲਿਆ ਗਿਆ। ਪਰ ਉਹ ਦੋ ਮਹੀਨੇ ਨਾ ਮੁੜਿਆ। ਜਦੋਂ ਵੀ ਸੈਂਡੀ ਫੋਨ ਕਰਦੀ ਤਾਂ ਉਸ ਨੂੰ ਮਾਂ ਦੀ ਵਿਗੜ ਰਹੀ ਬੀਮਾਰੀ ਬਾਰੇ ਵਿਸਥਾਰ ਨਾਲ ਦੱਸਦਾ। ਇੱਕ ਦਿਨ ਰਵੀ ਦੀ ਮਾਮੀ ਦਾ ਅਚਾਨਕ ਮੈਨੂੰ ਫੋਨ ਆਇਆ। ਭਾਵੇਂ ਉਹ ਮੈਨੂੰ ਕਾਫੀ ਸਮੇਂ ਤੋਂ ਚੰਗੀ ਤਰ੍ਹਾਂ ਜਾਣਦੀ ਸੀ ਪਰ ਮੈਨੂੰ ਉਹ ਫੋਨ ਪਹਿਲੀ ਵੇਰ ਹੀ ਕਰ ਰਹੀ ਸੀ। ਉਸ ਦਾ ਨਾਂ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ ਤੇ ਮੇਰਾ ਮੱਥਾ ਠਣਕਿਆ ਬਈ ਰੱਬ ਖੈਰ ਕਰੇ। “ਹੁਣ ਤੇਰੀ ਸਹੇਲੀ ਦਾ ਕੀ ਬਣੂੰ, ਰਵੀ ਨੇ ਉਥੇ ਹੋਰ ਵਿਆਹ ਕਰਵਾ ਲਿਆ।” ਉਸ ਦੀ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਮੇਰੇ ਕੋਲ ਉਸ ਦੇ ਸਵਾਲ ਦਾ ਕੋਈ ਜਵਾਬ ਨਹੀਂ ਸੀ। ਮੈਂ ਉਸ ਨੂੰ ਸਿਰਫ ਇਨੀ ਕੁ ਬੇਨਤੀ ਹੀ ਕਰ ਸਕੀ, “ਆਂਟੀ ਪਲੀਜ਼ ਸੈਂਡੀ ਨੂੰ ਇਸ ਬਾਰੇ ਅਜੇ ਕੁਝ ਨਾ ਦੱਸਣਾ। ਉਹ ਵਿਚਾਰੀ ਤਨੋਂ ਮਨੋਂ ਬਿਲਕੁੱਲ ਟੁੱਟ ਜਾਵੇਗੀ। ਉਹ ਵੀ ਤੁਹਾਡੀ ਧੀਆਂ ਵਰਗੀ ਹੀ ਹੈ।” ਮੈਨੂੰ ਆਸ ਤੇ ਇਹ ਸੀ ਕਿ ਜਾਂ ਤਾਂ ਉਸ ਨੇ ਪਹਿਲੋਂ ਹੀ ਸੈਂਡੀ ਨੂੰ ਦੱਸ ਦਿਤਾ ਹੋਵੇਗਾ, ਨਹੀਂ ਤਾਂ ਹੁਣ ਦੱਸੇ ਬਿਨਾ ਉਸ ਨੂੰ ਚੈਨ ਨਹੀਂ ਆਵੇਗੀ। ਪਤਾ ਨਹੀਂ ਕਿਉਂ ਉਨ੍ਹਾਂ ਨੇ ਮੇਰੀ ਇਹ ਮਿੰਨਤ ਮੰਨ ਲਈ ਸੀ। ਸ਼ਾਇਦ ਸਾਰੀਆਂ ਮਾਂਵਾਂ ਦੀ ਮਮਤਾ ਦਾ ਰੰਗ ਇੱਕੋ ਜਿਹਾ ਹੀ ਹੁੰਦਾ ਹੈ। ਰਵੀ ਦੇ ਜਾਣ ਪਿੱਛੋਂ ਮੈਂ ਕਈ ਵੇਰ ਸੈਂਡੀ ਨੂੰ ਮਿਲੀ ਸਾਂ। ਉਹ ਹਮੇਸ਼ਾਂ ਮੇਰੇ ਨਾਲ ਰਵੀ ਦੀ ਲੰਬੀ ਗੈਰਹਾਜ਼ਰੀ ਦੀਆਂ ਗੱਲਾਂ ਕਰਦੀ ਰਹਿੰਦੀ। ਉਸ ਦੀ ਜੁਦਾਈ ਵਿਚ ਤੜਪਦੀ। ਉਸ ਲਈ ਆਪਣੇ ਫ਼ਿਕਰਾਂ ਦਾ ਕਿੱਸਾ ਛੇੜ ਬੈਠਦੀ। ਇੱਕ ਦਿਨ ਕਹਿੰਦੀ, “ਮੈਂ ਰਵੀ ਨੂੰ ਇੱਕ ਖ਼ੁਸ਼ਖਬਰੀ ਸੁਣਾਉਣ ਲਈ ਤੜਫ਼ਦੀ ਹਾਂ, ਉਹ ਭੈੜਾ ਮੁੜਦਾ ਹੀ ਨਹੀਂ।” ਮੈਂ ਉਸ ਦੀਆਂ ਗੱਲਾਂ ਸੁਣਦੀ ਹੋਈ ਹੂੰ, ਹਾਂ, ਤੋਂ ਅੱਗੇ ਕੁਝ ਨਾ ਬੋਲ ਸਕਦੀ। ਜਿਸ ਦੀ ਸੈਂਡੀ ਅਕਸਰ ਸ਼ਿਕਾਇਤ ਵੀ ਕਰਦੀ, “ਦੀਦੀ! ਤੁਸੀਂ ਅੱਜਕਲ ਬਹੁਤ ਹੀ ਘੱਟ ਬੋਲਦੇ ਹੋ, ਕੀ ਗੱਲ ਹੈ?” ਮੈਨੂੰ ਉਸ ‘ਤੇ ਬਹੁਤ ਹੀ ਤਰਸ ਆਉਂਦਾ। ਮੈਂ ਸੋਚਦੀ ਕਿ ਇਹ ਨਹੀਂ ਜਾਣਦੀ ਕਿ ਜਿਸ ਵਿਸ਼ææਵਾਸ ਦੀ ਮੁੱਠੀ ਨੂੰ ਇਹ ਘੁੱਟ ਕੇ ਬੰਦ ਕਰੀ ਬੈਠੀ ਹੈ, ਰਵੀ ਦੇ ਆਉਂਦਿਆਂ ਹੀ ਉਹ ਕਿਣਕਾ-ਕਿਣਕਾ ਹੋ ਕੇ ਬਿਖ਼ਰ ਜਾਵੇਗੀ ਜੋ ਸ਼ਾਇਦ ਲੱਖ ਯਤਨਾਂ ‘ਤੇ ਵੀ ਕਦੀ ਇੱਕਠੀ ਨਾ ਹੋ ਸਕੇ। ਕਈ ਵਾਰ ਮੈਨੂੰ ਜਾਪਦਾ ਕਿ ਜਿਵੇਂ ਮੈਂ ਵੀ ਉਸ ਨਾਲ ਕੋਈ ਧੋਖਾ ਕਮਾ ਰਹੀ ਹੋਵਾਂ। ਉੁਸ ਨਾਲ ਗੱਲ ਕਰਦਿਆਂ ਜਾਂ ਉਸ ਦੇ ਸਾਹਮਣੇ ਹੁੰਦਿਆਂ ਹੀ ਮੈਂ ਸ਼ਰਮਿੰਦਗੀ ਨਾਲ ਭਰ ਜਾਂਦੀ। ਫ਼ਿਰ ਉਸ ਦੀ ਇਹ ਖੁਸ਼ਖਬਰੀ ਵਾਲੀ ਗੱਲ? ਰਵੀ ਇੰਡੀਆ ਤੋਂ ਵਾਪਸ ਆ ਚੁੱਕਾ ਸੀ। ਕੁਝ ਦਿਨ ਨਾ ਉਸ ਨੇ ਮੈਨੂੰ ਫੋਨ ਕੀਤਾ ਤੇ ਨਾ ਹੀ ਮਿਲਣ ਆਇਆ। ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਮੈਂ ਸਭ ਕੁਝ ਜਾਣਦੀ ਹਾਂ। ਫਿਰ ਇੱਕ ਦਿਨ ਅਚਾਨਕ ਹੀ ਉਹ ਮੇਰੇ ਘਰ ਆ ਗਿਆ। ਕੁਝ ਦੇਰ ਚੁੱਪ-ਚਾਪ ਨੀਵੀਂ ਪਾਈ ਕਿਸੇ ਗੁਨਾਹਗਾਰ ਵਾਂਗ ਮੇਰੇ ਸਾਹਮਣੇ ਬੈਠਾ ਰਿਹਾ। ਜਿਵੇਂ ਉਹ ਕੋਈ ਕਤਲ ਕਰਕੇ ਆਇਆ ਹੋਵੇ। ਇਹ ਕਤਲ ਹੀ ਤਾਂ ਸੀ, ਸੈਂਡੀ ਦੇ ਵਿਸ਼ਵਾਸ਼ ਦਾ ਕਤਲ। ਮੇਰੀਆਂ ਸੋਚਾਂ ਦੇ ਰੋਹ ਭਰੇ ਘੋੜੇ ਸਰਪੱਟ ਦੌੜਦੇ ਜਾ ਰਹੇ ਸਨ। ‘ਇਹ ਸਾਰੇ ਨਿਰੇ ਬਹਾਨੇ…ਮੇਰੇ ਮੰਮੀ ਡੈਡੀ ਨੇ…ਇੱਕ ਜੁਆਨੀ ਹੰਢਾ ਲੈਣ ਪਿੱਛੋਂ ਮਰਦ ਦੀ ਦੂਸਰੀ ‘ਤੇ ਮੋਹਿਤ ਹੋਣ ਦੀ ਲਾਲਸਾ। ਬਿਨ੍ਹਾਂ ਰੀੜ੍ਹ ਦੀ ਹੱਡੀ ਦੇ ਮਰਦ…ਮਿੱਟੀ ਦੇ ਮਾਧੋ ਤੋਂ ਵੀ ਭੈੜਾæææਬੱਚੇ ਦਾ ਜੰਮਣੋਂ ਪਹਿਲਾਂ ਹੀ ਯਤੀਮ ਹੋ ਜਾਣਾ, ਪਰ ਉਸ ਦਾ ਕਸੂਰ ਕੀ?’ ਰਵੀ ਨੇ ਇੱਕ ਲੰਬਾ ਹੌਕਾ ਲਿਆ ਜਿਸ ਨਾਲ ਮੇਰੀਆਂ ਸੋਚਾਂ ਦੀ ਲੜੀ ਫਿਰ ਉਸ ਵੱਲ ਮੁੜ ਆਈ। ਉਸ ਦੀਆਂ ਅੱਖਾਂ ਵਿਚ ਅਥਰੂ ਸਨ। ਡੂੰਘੀ ਅੰਨ੍ਹੇਰੇ ਵਰਗੀ ਚੁੱਪ ਵਿਚੋਂ ਜਿਵੇਂ ਕੁਝ ਕਹਿਣ ਲਈ ਉਹ ਸ਼ਬਦ ਭਾਲ ਰਿਹਾ ਹੋਵੇ। ਉਹ ਬੜੀ ਉਦਾਸ ਜਿਹੀ ਸੁਰ ਵਿਚ ਬੋਲਿਆ, “ਦੀਦੀ ਮੈਂ ਮਜ਼ਬੂਰ ਸੀ।” “ਪਰ ਰਵੀ! ਸੈਂਡੀ ਦੇ ਪੇਟ ਵਿਚਲਾ ਤੇਰਾ ਬੱਚਾ ਤੇਰੀ ਮਜ਼ਬੂਰੀ ਵੇਖ ਕੇ ਵਾਪਿਸ ਤੇ ਨਹੀਂ ਪਰਤਣ ਲੱਗਾ।” “ਹੈਂ!…ਦੀਦੀ ਕੀ? ਮੈਂ…ਮੈਂ…ਮੈਂæææ।”

 –ਪਰਮਜੀਤ ਕੌਰ ਮੋਮੀ–