ਮੰਗਲਵਾਰ 13 ਮਈ 2025 (31 ਵੈਸਾਖਿ ਸੰਮਤ 557 ਨਾਨਕਸ਼ਾਹੀ)

ਸਲੋਕ ॥ ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ ॥ ਦਇਆਲ ਪੁਰਖ ਭਗਵਾਨਹ ਨਾਨਕ ਲਿਪਤ ਨ ਮਾਇਆ ॥੧॥ ਭਾਹਿ ਬਲੰਦੜੀ ਬੁਝਿ ਗਈ ਰਖੰਦੜੋ ਪ੍ਰਭੁ ਆਪਿ ॥ ਜਿਨਿ ਉਪਾਈ ਮੇਦਨੀ ਨਾਨਕ ਸੋ ਪ੍ਰਭੁ ਜਾਪਿ ॥੨॥ {ਪੰਨਾ 709}

ਪਦਅਰਥ: ਕੀਰਤਨ = ਸਿਫ਼ਤਿ-ਸਾਲਾਹ, ਵਡਿਆਈ। ਲਿਪਤ ਨ = ਨਹੀਂ ਲਿੱਬੜਦਾ, ਨਹੀਂ ਫਸਦਾ। ਪੁਰਖ = ਸਾਰ = ਵਿਆਪਕ। ਭਗਵਾਨ = ਭਾਗਾਂ ਵਾਲਾ, ਪਰਤਾਪਵਾਨ ਪ੍ਰਭੂ।੧।

ਭਾਹਿ = ਅੱਗ। ਜਿਨਿ = ਜਿਸ ਪ੍ਰਭੂ ਨੇ। ਮੇਦਨੀ = ਧਰਤੀ, ਸ੍ਰਿਸ਼ਟੀ।੨।

ਅਰਥ: ਹੇ ਨਾਨਕ! ਜੇ ਮਨੁੱਖ ਦਿਆਲ ਸਰਬ-ਵਿਆਪੀ ਭਗਵਾਨ ਦੇ ਨਾਮ ਦੀ ਵਡਿਆਈ ਕਰੇ ਤਾਂ ਪ੍ਰਭੂ ਮੇਹਰ ਕਰਦਾ ਹੈ, ਉਸ ਦੇ ਦੁੱਖਾਂ ਦਾ ਨਾਸ ਕਰਦਾ ਹੈ ਤੇ ਉਹ ਮਨੁੱਖ ਮਾਇਆ ਦੇ ਮੋਹ ਵਿਚ ਨਹੀਂ ਫਸਦਾ।੧।

ਹੇ ਨਾਨਕ! ਜਿਸ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਉਸ ਦਾ ਸਿਮਰਨ ਕਰ, (ਸਿਮਰਨ ਕੀਤਿਆਂ) ਉਹ ਪ੍ਰਭੂ ਆਪ ਜੀਵ ਦਾ ਰਾਖਾ ਬਣਦਾ ਹੈ ਤੇ ਉਸ ਦੇ ਅੰਦਰ ਦੀ ਬਲਦੀ (ਤ੍ਰਿਸਨਾ ਦੀ) ਅੱਗ ਬੁੱਝ ਜਾਂਦੀ ਹੈ।੨।

ਪਉੜੀ ॥ ਜਾ ਪ੍ਰਭ ਭਏ ਦਇਆਲ ਨ ਬਿਆਪੈ ਮਾਇਆ ॥ ਕੋਟਿ ਅਘਾ ਗਏ ਨਾਸ ਹਰਿ ਇਕੁ ਧਿਆਇਆ ॥ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ॥ ਮਨ ਤਨ ਭਏ ਸੰਤੋਖ ਪੂਰਨ ਪ੍ਰਭੁ ਪਾਇਆ ॥ ਤਰੇ ਕੁਟੰਬ ਸੰਗਿ ਲੋਗ ਕੁਲ ਸਬਾਇਆ ॥੧੮॥ {ਪੰਨਾ 710}

ਪਦਅਰਥ: ਨ ਬਿਆਪੈ = ਜ਼ੋਰ ਨਹੀਂ ਪਾ ਸਕਦੀ। ਕੋਟਿ ਅਘਾ = ਕਰੋੜਾਂ ਪਾਪ। ਨਿਰਮਲ = ਪਵਿਤ੍ਰ। ਜਨ ਧੂਰੀ = ਸੰਤ ਜਨਾਂ ਦੀ ਚਰਨ = ਧੂੜ ਵਿਚ। ਨਾਇਆ = ਨ੍ਹਾਤਿਆਂ। ਕੁਟੰਬ = ਪਰਵਾਰ। ਸਬਾਇਆ = ਸਾਰੀ।

ਅਰਥ: ਜਦੋਂ (ਜੀਵ ਉੱਤੇ) ਪ੍ਰਭੂ ਜੀ ਮੇਹਰਬਾਨ ਹੋਣ ਤਾਂ ਮਾਇਆ ਜ਼ੋਰ ਨਹੀਂ ਪਾ ਸਕਦੀ। ਇਕ ਪ੍ਰਭੂ ਨੂੰ ਸਿਮਰਿਆਂ ਕਰੋੜਾਂ ਹੀ ਪਾਪ ਨਾਸ ਹੋ ਜਾਂਦੇ ਹਨ, ਸਿਮਰਨ ਕਰਨ ਵਾਲੇ ਬੰਦਿਆਂ ਦੀ ਚਰਨ-ਧੂੜ ਵਿਚ ਨ੍ਹਾਤਿਆਂ ਸਰੀਰ ਪਵਿਤ੍ਰ ਹੋ ਜਾਂਦੇ ਹਨ, (ਸੰਤਾਂ ਦੀ ਸੰਗਤਿ ਵਿਚ) ਪੂਰਨ ਪ੍ਰਭੂ ਮਿਲ ਪੈਂਦਾ ਹੈ ਤੇ ਮਨ ਤੇ ਤਨ ਦੋਹਾਂ ਨੂੰ ਸੰਤੋਖ ਪ੍ਰਾਪਤ ਹੁੰਦਾ ਹੈ। ਅਜੇਹੇ ਮਨੁੱਖਾਂ ਦੀ ਸੰਗਤਿ ਵਿਚ ਉਹਨਾਂ ਦੇ ਪਰਵਾਰ ਦੇ ਲੋਕ ਤੇ ਸਾਰੀਆਂ ਕੁਲਾਂ ਤਰ ਜਾਂਦੀਆਂ ਹਨ।੧੮।

ਸਲੋਕ ॥ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣਹ ॥ ਗੁਰ ਦਇਆਲ ਸਮਰਥ ਗੁਰ ਗੁਰ ਨਾਨਕ ਪਤਿਤ ਉਧਾਰਣਹ ॥੧॥ ਭਉਜਲੁ ਬਿਖਮੁ ਅਸਗਾਹੁ ਗੁਰਿ ਬੋਹਿਥੈ ਤਾਰਿਅਮੁ ॥ ਨਾਨਕ ਪੂਰ ਕਰੰਮ ਸਤਿਗੁਰ ਚਰਣੀ ਲਗਿਆ ॥੨॥ {ਪੰਨਾ 710}

ਪਦਅਰਥ: ਪੂਰਨ = ਸਰਬ = ਵਿਆਪਕ। ਪਤਿਤ ਉਧਾਰਣਹ = ਵਿਕਾਰੀਆਂ ਨੂੰ ਤਾਰਨ ਵਾਲਾ।੧।

ਭਉਜਲ = ਸੰਸਾਰ = ਸਮੁੰਦਰ। ਬਿਖਮੁ = ਔਖਾ, ਡਰਾਉਣਾ। ਅਸਗਾਹੁ = ਅਥਾਹ। ਗੁਰਿ = ਗੁਰੂ ਨੇ। ਬੋਹਿਥੈ = ਜਹਾਜ਼ ਨੇ। ਗੁਰਿ ਬੋਹਿਥੈ = ਗੁਰੂ ਜਹਾਜ਼ ਨੇ। ਤਾਰਿਅਮੁ = ਮੈਨੂੰ ਤਾਰ ਲਿਆ ਹੈ। ਪੂਰ ਕਰੰਮ = ਪੂਰੇ ਭਾਗ, ਚੰਗੇ ਭਾਗ।੧।

ਅਰਥ: ਹੇ ਨਾਨਕ! ਗੁਰੂ ਗੋਬਿੰਦ-ਰੂਪ ਹੈ, ਗੋਪਾਲ-ਰੂਪ ਹੈ, ਸਰਬ-ਵਿਆਪਕ ਨਾਰਾਇਣ ਦਾ ਰੂਪ ਹੈ। ਗੁਰੂ ਦਇਆ ਦਾ ਘਰ ਹੈ, ਸਮਰੱਥਾ ਵਾਲਾ ਹੈ ਤੇ ਵਿਕਾਰੀਆਂ ਨੂੰ ਭੀ ਤਾਰਨਹਾਰ ਹੈ।

ਸੰਸਾਰ-ਸਮੁੰਦਰ ਬੜਾ ਭਿਆਨਕ ਤੇ ਅਥਾਹ ਹੈ, ਪਰ ਗੁਰੂ-ਜਹਾਜ਼ ਨੇ ਮੈਨੂੰ ਇਸ ਵਿਚੋਂ ਬਚਾ ਲਿਆ ਹੈ। ਹੇ ਨਾਨਕ! ਜੋ ਮਨੁੱਖ ਸਤਿਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੇ ਚੰਗੇ ਭਾਗ ਹੁੰਦੇ ਹਨ।੨।

ਪਉੜੀ ॥ ਧੰਨੁ ਧੰਨੁ ਗੁਰਦੇਵ ਜਿਸੁ ਸੰਗਿ ਹਰਿ ਜਪੇ ॥ ਗੁਰ ਕ੍ਰਿਪਾਲ ਜਬ ਭਏ ਤ ਅਵਗੁਣ ਸਭਿ ਛਪੇ ॥ ਪਾਰਬ੍ਰਹਮ ਗੁਰਦੇਵ ਨੀਚਹੁ ਉਚ ਥਪੇ ॥ ਕਾਟਿ ਸਿਲਕ ਦੁਖ ਮਾਇਆ ਕਰਿ ਲੀਨੇ ਅਪ ਦਸੇ ॥ ਗੁਣ ਗਾਏ ਬੇਅੰਤ ਰਸਨਾ ਹਰਿ ਜਸੇ ॥੧੯॥ {ਪੰਨਾ 710}

ਪਦਅਰਥ: ਧੰਨੁ ਗੁਰਦੇਵ = ਸਦਕੇ ਹਾਂ ਗੁਰੂ ਤੋਂ, ਸ਼ਾਬਾਸ਼ੇ ਗੁਰੂ ਨੂੰ। ਜਿਸੁ ਸੰਗਿ = ਜਿਸ ਦੀ ਸੰਗਤਿ ਵਿਚ। ਸਭਿ ਅਵਗੁਣ = ਸਾਰੇ ਐਬ। ਛਪੇ = ਦੂਰ ਹੋ ਜਾਂਦੇ ਹਨ। ਨੀਚਹੁ = ਨੀਵੇਂ ਤੋਂ। ਉਚ ਥਪੇ = ਉੱਚੇ ਥਾਪ ਦੇਂਦਾ ਹੈ। ਸਿਲਕ = {ਅ} ਫਾਹੀ, ਰੱਸੀ। ਅਪ ਦਸੇ = ਆਪਣੇ ਦਾਸ। ਰਸਨਾ = ਜੀਭ (ਨਾਲ) । ਜਸੇ = ਜਸ।

ਅਰਥ: ਸਦਕੇ ਹਾਂ ਗੁਰੂ ਤੋਂ ਜਿਸ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਦਾ ਭਜਨ ਕੀਤਾ ਜਾ ਸਕਦਾ ਹੈ, ਜਦੋਂ ਸਤਿਗੁਰੂ ਮੇਹਰਬਾਨ ਹੁੰਦਾ ਹੈ ਤਾਂ ਸਾਰੇ ਔਗੁਣ ਦੂਰ ਹੋ ਜਾਂਦੇ ਹਨ, ਪ੍ਰਭੂ ਦਾ ਰੂਪ ਗੁਰੂ ਨੀਵਿਆਂ ਤੋਂ ਉੱਚੇ ਕਰ ਦੇਂਦਾ ਹੈ, ਮਾਇਆ ਦੇ ਦੁਖਾਂ ਦੀ ਫਾਹੀ ਕੱਟ ਕੇ ਆਪਣੇ ਸੇਵਕ ਬਣਾ ਲੈਂਦਾ ਹੈ, (ਗੁਰੂ ਦੀ ਸੰਗਤਿ ਵਿਚ ਰਿਹਾਂ) ਜੀਭ ਨਾਲ ਬੇਅੰਤ ਪ੍ਰਭੂ ਦੇ ਗੁਣ ਗਾ ਸਕੀਦੇ ਹਨ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਸਕੀਦੀ ਹੈ।੧੯।

ਸਲੋਕ ॥ ਦ੍ਰਿਸਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰਹ ॥ ਨਾਮ ਦਾਨੁ ਜਾਚੰਤਿ ਨਾਨਕ ਦਇਆਲ ਪੁਰਖ ਕ੍ਰਿਪਾ ਕਰਹ ॥੧॥ ਹਿਕੁ ਸੇਵੀ ਹਿਕੁ ਸੰਮਲਾ ਹਰਿ ਇਕਸੁ ਪਹਿ ਅਰਦਾਸਿ ॥ ਨਾਮ ਵਖਰੁ ਧਨੁ ਸੰਚਿਆ ਨਾਨਕ ਸਚੀ ਰਾਸਿ ॥੨॥ {ਪੰਨਾ 710}

ਪਦਅਰਥ: ਏਕੋ = ਇਕ ਪ੍ਰਭੂ ਹੀ। ਦ੍ਰਿਸਟੰਤ = ਦਿੱਸਦਾ ਹੈ। ਵਰਤੰਤ = ਮੌਜੂਦ ਹੈ। ਨਰਹਰਹ = ਨਰਾਂ ਦਾ ਸਾਈਂ, ਖ਼ਲਕਤ ਦਾ ਮਾਲਕ। ਜਾਚੰਤਿ = ਜੋ ਮੰਗਦੇ ਹਨ। ਦਾਨੁ = ਖੈਰ।੧।

ਸੇਵੀ = ਮੈਂ ਸਿਮਰਾਂ। ਸੰਮਲਾ = ਮੈਂ ਹਿਰਦੇ ਵਿਚ ਸੰਭਾਲ ਰੱਖਾਂ। ਵਖਰੁ = ਸਉਦਾ। ਸੰਚਿਆ = ਜੋੜਿਆ ਹੈ। ਰਾਸਿ = ਪੂੰਜੀ।੨।

ਅਰਥ: ਹੇ ਨਾਨਕ! ਜਿਨ੍ਹਾਂ ਉਤੇ ਦਿਆਲ ਪ੍ਰਭੂ ਮੇਹਰ ਕਰਦਾ ਹੈ ਉਹ ਉਸ ਪਾਸੋਂ ਬੰਦਗੀ ਦਾ ਖ਼ੈਰ ਮੰਗਦੇ ਹਨ, ਉਹਨਾਂ ਨੂੰ ਹਰ ਥਾਂ ਉਹ ਖ਼ਲਕਤਿ ਦਾ ਸਾਈਂ ਹੀ ਦਿੱਸਦਾ ਹੈ, ਸੁਣੀਦਾ ਹੈ, ਵਿਆਪਕ ਜਾਪਦਾ ਹੈ।੧।

ਮੇਰੀ ਇਕ ਪ੍ਰਭੂ ਦੇ ਪਾਸ ਹੀ ਅਰਜ਼ੋਈ ਹੈ ਕਿ ਮੈਂ ਪ੍ਰਭੂ ਨੂੰ ਹੀ ਸਿਮਰਾਂ ਤੇ ਪ੍ਰਭੂ ਨੂੰ ਹੀ ਹਿਰਦੇ ਵਿਚ ਸੰਭਾਲ ਰੱਖਾਂ। ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਨਾਮ-ਰੂਪ ਸੌਦਾ ਨਾਮ-ਰੂਪ ਧਨ ਜੋੜਿਆ ਹੈ, ਉਹਨਾਂ ਦੀ ਇਹ ਪੂੰਜੀ ਸਦਾ ਹੀ ਕਾਇਮ ਰਹਿੰਦੀ ਹੈ।੨।

ਪਉੜੀ ॥ ਪ੍ਰਭ ਦਇਆਲ ਬੇਅੰਤ ਪੂਰਨ ਇਕੁ ਏਹੁ ॥ ਸਭੁ ਕਿਛੁ ਆਪੇ ਆਪਿ ਦੂਜਾ ਕਹਾ ਕੇਹੁ ॥ ਆਪਿ ਕਰਹੁ ਪ੍ਰਭ ਦਾਨੁ ਆਪੇ ਆਪਿ ਲੇਹੁ ॥ ਆਵਣ ਜਾਣਾ ਹੁਕਮੁ ਸਭੁ ਨਿਹਚਲੁ ਤੁਧੁ ਥੇਹੁ ॥ ਨਾਨਕੁ ਮੰਗੈ ਦਾਨੁ ਕਰਿ ਕਿਰਪਾ ਨਾਮੁ ਦੇਹੁ ॥੨੦॥੧॥ {ਪੰਨਾ 710}

ਪਦਅਰਥ: ਪੂਰਨ = ਹਰ ਥਾਂ ਵਿਆਪਕ। ਇਕੁ ਏਹੁ = ਸਿਰਫ਼ ਇਕ ਬੇਅੰਤ ਪ੍ਰਭੂ। ਕਹਾ ਕੇਹੁ = ਕੇਹੜਾ ਦੱਸਾਂ? (ਭਾਵ, ਕੋਈ ਹੋਰ ਦੱਸ ਨਹੀਂ ਸਕਦਾ) । ਆਪੇ = ਆਪ ਹੀ। ਆਵਣ ਜਾਣਾ = ਜੰਮਣਾ ਤੇ ਮਰਨਾ। ਨਿਹਚਲੁ = ਅਟੱਲ। ਥੇਹੁ = ਟਿਕਾਣਾ। ਤੁਧੁ = ਤੇਰਾ।

ਅਰਥ: ਸਿਰਫ਼ ਇਹ ਦਿਆਲ ਤੇ ਬੇਅੰਤ ਪ੍ਰਭੂ ਹੀ ਹਰ ਥਾਂ ਮੌਜੂਦ ਹੈ, ਉਹ ਆਪ ਹੀ ਆਪ ਸਭ ਕੁਝ ਹੈ, ਹੋਰ ਦੂਜਾ ਕੇਹੜਾ ਦੱਸਾਂ (ਜੇ ਉਸ ਵਰਗਾ ਹੋਵੇ) ?

ਹੇ ਪ੍ਰਭੂ! ਤੂੰ ਆਪ ਹੀ ਦਾਨ ਕਰਨ ਵਾਲਾ ਹੈਂ ਤੇ ਆਪ ਹੀ ਉਹ ਦਾਨ ਲੈਣ ਵਾਲਾ ਹੈਂ। (ਜੀਵਾਂ ਦਾ) ਜੰਮਣਾ ਤੇ ਮਰਨਾ-ਇਹ ਤੇਰਾ ਹੁਕਮ ਹੈ (ਭਾਵ, ਤੇਰੀ ਖੇਡ ਹੈ) , ਤੇਰਾ ਆਪਣਾ ਟਿਕਾਣਾ ਸਦਾ ਅਟੱਲ ਹੈ। ਨਾਨਕ (ਤੈਥੋਂ) ਖ਼ੈਰ ਮੰਗਦਾ ਹੈ, ਮੇਹਰ ਕਰ ਤੇ ਨਾਮ ਬਖ਼ਸ਼।੨੦।੧।