ਸੋਮਵਾਰ 15 ਅਪ੍ਰੈਲ 2019 (2 ਵੈਸਾਖ ਸੰਮਤ 551 ਨਾਨਕਸ਼ਾਹੀ)
ਸੂਹੀ ਮਹਲਾ ੫ ॥ ਜਾ ਕੈ ਦਰਸਿ ਪਾਪ ਕੋਟਿ ਉਤਾਰੇ ॥ ਭੇਟਤ ਸੰਗਿ ਇਹੁ ਭਵਜਲੁ ਤਾਰੇ ॥੧॥ ਓਇ ਸਾਜਨ ਓਇ ਮੀਤ ਪਿਆਰੇ ॥ ਜੋ ਹਮ ਕਉ ਹਰਿ ਨਾਮੁ ਚਿਤਾਰੇ ॥੧॥ ਰਹਾਉ ॥ ਜਾ ਕਾ ਸਬਦੁ ਸੁਨਤ ਸੁਖ ਸਾਰੇ ॥ ਜਾ ਕੀ ਟਹਲ ਜਮਦੂਤ ਬਿਦਾਰੇ ॥੨॥ ਜਾ ਕੀ ਧੀਰਕ ਇਸੁ ਮਨਹਿ ਸਧਾਰੇ ॥ ਜਾ ਕੈ ਸਿਮਰਣਿ ਮੁਖ ਉਜਲਾਰੇ ॥੩॥ ਪ੍ਰਭ ਕੇ ਸੇਵਕ ਪ੍ਰਭਿ ਆਪਿ ਸਵਾਰੇ ॥ ਸਰਣਿ ਨਾਨਕ ਤਿਨ੍ਹ੍ਹ ਸਦ ਬਲਿਹਾਰੇ ॥੪॥੭॥੧੩॥ {ਅੰਗ 739}
ਪਦਅਰਥ: ਜਾ ਕੈ ਦਰਸਿ = ਜਿਨ੍ਹਾਂ ਦੇ ਦਰਸਨ ਨਾਲ। ਕੋਟਿ = ਕ੍ਰੋੜਾਂ। ਭੇਟਤ ਸੰਗਿ = (ਜਿਨ੍ਹਾਂ ਦੇ ਚਰਨਾਂ) ਨਾਲ ਛੁਹਿਆਂ। ਭਵਜਲੁ = ਸੰਸਾਰ = ਸਮੁੰਦਰ।੧।ਓਇ = ਉਹ = {ਲਫ਼ਜ਼ ‘ਓਹ’ ਤੋਂ ਬਹੁ-ਵਚਨ}। ਹਮ ਕਉ = ਅਸਾਨੂੰ, ਮੈਨੂੰ। ਚਿਤਾਰੇ = ਚੇਤੇ ਕਰਾਂਦੇ ਹਨ।੧। ਰਹਾਉ।ਜਾ ਕਾ ਸਬਦੁ = ਜਿਨ੍ਹਾਂ ਦਾ ਬਚਨ। ਬਿਦਾਰੇ = ਨਾਸ ਹੋ ਜਾਂਦੇ ਹਨ।੨।ਧੀਰਕ = ਧੀਰਜ। ਮਨਹਿ = ਮਨ ਨੂੰ। ਸਧਾਰੇ = ਸਹਾਰਾ ਦੇਂਦੀ ਹੈ। ਜਾ ਕੈ ਸਿਮਰਣਿ = ਜਿਨ੍ਹਾਂ ਦੇ (ਦਿੱਤੇ ਹੋਏ ਹਰਿ = ਨਾਮ ਦੇ) ਸਿਮਰਨ ਨਾਲ। ਉਜਲਾਰੇ = ਉਜਲਾ, ਰੌਸ਼ਨ।੩।ਪ੍ਰਭਿ = ਪ੍ਰਭੂ ਨੇ। ਸਵਾਰੇ = ਸੋਹਣੇ ਜੀਵਨ ਵਾਲੇ ਬਣਾਏ ਹਨ। ਸਦ = ਸਦਾ।੪।
ਅਰਥ: ਹੇ ਭਾਈ! ਜੇਹੜੇ (ਸੰਤ ਜਨ) ਮੈਨੂੰ ਪਰਮਾਤਮਾ ਦਾ ਨਾਮ ਚੇਤੇ ਕਰਾਂਦੇ ਹਨ ਉਹ (ਹੀ) ਮੇਰੇ ਸੱਜਣ ਹਨ, ਉਹ (ਹੀ) ਮੇਰੇ ਪਿਆਰੇ ਮਿੱਤਰ ਹਨ।੧।ਰਹਾਉ।
ਹੇ ਭਾਈ! ਉਹ ਸੰਤ ਜਨ ਹੀ ਮੇਰੇ ਪਿਆਰੇ ਮਿੱਤਰ ਹਨ) ਜਿਨ੍ਹਾਂ ਦੇ ਦਰਸਨ ਨਾਲ ਕ੍ਰੋੜਾਂ ਪਾਪ ਲਹਿ ਜਾਂਦੇ ਹਨ, (ਜਿਨ੍ਹਾਂ ਦੇ ਚਰਨਾਂ) ਨਾਲ ਛੁਹਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।੧।
ਹੇ ਭਾਈ! ਉਹੀ ਹਨ ਮੇਰੇ ਮਿੱਤਰ) ਜਿਨ੍ਹਾਂ ਦਾ ਬਚਨ ਸੁਣਦਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ, ਜਿਨ੍ਹਾਂ ਦੀ ਟਹਲ ਕੀਤਿਆਂ ਜਮਦੂਤ (ਭੀ) ਨਾਸ ਹੋ ਜਾਂਦੇ ਹਨ।੨।
ਹੇ ਭਾਈ! ਉਹੀ ਹਨ ਮੇਰੇ ਮਿੱਤਰ) ਜਿਨ੍ਹਾਂ ਦੀ (ਦਿੱਤੀ ਹੋਈ) ਧੀਰਜ (ਮੇਰੇ) ਇਸ ਮਨ ਨੂੰ ਸਹਾਰਾ ਦੇਂਦੀ ਹੈ, ਜਿਨ੍ਹਾਂ (ਦੇ ਦਿੱਤੇ ਹੋਏ ਹਰਿ-ਨਾਮ) ਦੇ ਸਿਮਰਨ ਨਾਲ (ਲੋਕ ਪਰਲੋਕ ਵਿਚ) ਮੂੰਹ ਉਜਲਾ ਹੁੰਦਾ ਹੈ।੩।
ਹੇ ਨਾਨਕ! ਪ੍ਰਭੂ ਨੇ ਆਪ ਹੀ ਆਪਣੇ ਸੇਵਕਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੈ। ਹੇ ਭਾਈ! ਉਹਨਾਂ ਸੇਵਕਾਂ ਦੀ ਸਰਨ ਪੈਣਾ ਚਾਹੀਦਾ ਹੈ, ਉਹਨਾਂ ਤੋਂ ਸਦਾ ਕੁਰਬਾਨ ਹੋਣਾ ਚਾਹੀਦਾ ਹੈ।੪।੭।੧੩।