Today’s Hukamnama from Gurdwara Baoli Sahib Goindwal Sahib

59

ਵੀਰਵਾਰ 7 ਜੂਨ 2018 (24 ਜੇਠ ਸੰਮਤ 550 ਨਾਨਕਸ਼ਾਹੀ)

ਬਿਲਾਵਲੁ ਮਹਲਾ ੫ ॥ ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ ॥ ਜਪਿ ਜਪਿ ਨਾਮੁ ਗੋਬਿੰਦ ਕਾ ਪੂਰਨ ਬੀਚਾਰੁ ॥੧॥ ਚਰਨ ਕਮਲ ਗੁਰ ਕੇ ਜਪਤ ਹਰਿ ਜਪਿ ਹਉ ਜੀਵਾ ॥ ਪਾਰਬ੍ਰਹਮੁ ਆਰਾਧਤੇ ਮੁਖਿ ਅੰਮ੍ਰਿਤੁ ਪੀਵਾ ॥੧॥ ਰਹਾਉ ॥ ਜੀਅ ਜੰਤ ਸਭਿ ਸੁਖਿ ਬਸੇ ਸਭ ਕੈ ਮਨਿ ਲੋਚ ॥ ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ ॥੨॥ ਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ ॥ ਕਥਾ ਕੀਰਤਨੁ ਹਰਿ ਅਤਿ ਘਨਾ ਸੁਖ ਸਹਜ ਬਿਸ੍ਰਾਮੁ ॥੩॥ ਮਨ ਤੇ ਕਦੇ ਨ ਵੀਸਰੈ ਅਨਾਥ ਕੋ ਨਾਥ ॥ ਨਾਨਕ ਪ੍ਰਭ ਸਰਣਾਗਤੀ ਜਾ ਕੈ ਸਭੁ ਕਿਛੁ ਹਾਥ ॥੪॥੨੯॥੫੯॥ {ਅੰਗ 815}

ਪਦਅਰਥ: ਸੁਖ ਸਾਰੁ = ਸੁਖਾਂ ਦਾ ਤੱਤ, ਸਭ ਤੋਂ ਸ੍ਰੇਸ਼ਟ ਸੁਖ। ਜਪਿ = ਜਪ ਕੇ।੧।

ਚਰਨ ਕਮਲ = ਕੌਲ ਫੁੱਲ ਵਰਗੇ ਸੋਹਣੇ ਚਰਨ। ਹਉ = ਹਉਂ, ਮੈਂ। ਜੀਵਾ = ਜੀਵਾਂ, ਮੈਂ ਜੀਊਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ ਹੈ। ਆਰਾਧਤੇ = ਸਿਮਰਦਿਆਂ। ਮੁਖਿ = ਮੂੰਹ ਨਾਲ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਪੀਵਾ = ਪੀਵਾਂ, ਮੈਂ ਪੀਂਦਾ ਹਾਂ।੧।ਰਹਾਉ।

ਜੀਅ = {ਲਫ਼ਜ਼ ‘ਜੀਉ’ ਤੋਂ ਬਹੁ-ਵਚਨ}। ਸਭਿ = ਸਾਰੇ। ਸੁਖਿ = ਸੁਖ ਵਿਚ। ਕੈ ਮਨਿ = ਦੇ ਮਨ ਵਿਚ। ਪਰ ਉਪਕਾਰੁ = ਦੂਜਿਆਂ ਦੀ ਭਲਾਈ ਦਾ ਕੰਮ। ਪੋਚ = ਪਾਪ।੨।

ਧੰਨੁ = ਭਾਗਾਂ ਵਾਲਾ। ਬਸੰਤ = ਵੱਸਣ ਵਾਲੇ। ਜਹ = ਜਿੱਥੇ। ਜਪੀਐ = ਜਪਿਆ ਜਾਂਦਾ ਹੈ। ਅਤਿ ਘਨਾ = ਬਹੁਤ ਵਧੀਕ। ਸਹਜ ਬਿਸ੍ਰਾਮੁ = ਆਤਮਕ ਅਡੋਲਤਾ ਦਾ ਟਿਕਾਣਾ।੩।

ਤੇ = ਤੋਂ। ਕੋ = ਦਾ। ਅਨਾਥ ਕੋ ਨਾਥ = ਨਿਖਸਮਿਆਂ ਦਾ ਖਸਮ। ਜਾ ਕੈ ਹਾਥ = ਜਿਸ ਦੇ ਵੱਸ ਵਿਚ।੪।

ਅਰਥ: ਹੇ ਭਾਈ! ਗੁਰੂ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ, ਪਰਮਾਤਮਾ ਦਾ ਆਰਾਧਨ ਕਰਦਿਆਂ, ਪਰਮਾਤਮਾ ਦਾ ਨਾਮ ਜਪ ਜਪ ਕੇ, (ਜਿਉਂ ਜਿਉਂ) ਮੈਂ ਮੂੰਹ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹਾਂ, (ਤਿਉਂ ਤਿਉਂ) ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ।੧।ਰਹਾਉ।

ਹੇ ਭਾਈ! ਪਰਮਾਤਮਾ ਦਾ ਨਾਮ ਜਪਣ ਦਾ) ਉੱਦਮ ਕਰਦਿਆਂ (ਮਨ ਵਿਚ) ਸਰੂਰ ਪੈਦਾ ਹੁੰਦਾ ਹੈ, ਨਾਮ ਸਿਮਰਦਿਆਂ ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ। ਪਰਮਾਤਮਾ ਦਾ ਨਾਮ ਮੁੜ ਮੁੜ ਜਪ ਕੇ ਸਭ ਗੁਣਾਂ ਨਾਲ ਭਰਪੂਰ ਪਰਮਾਤਮਾ ਦੇ ਗੁਣਾਂ ਦਾ ਵਿਚਾਰ (ਮਨ ਵਿਚ ਟਿਕਿਆ ਰਹਿੰਦਾ ਹੈ) ।੧।

ਹੇ ਭਾਈ! ਪਰਮਾਤਮਾ ਦਾ ਆਰਾਧਨ ਕਰਦਿਆਂ) ਸਾਰੇ ਜੀਅ ਜੰਤ ਆਤਮਕ ਆਨੰਦ ਵਿਚ ਲੀਨ ਰਹਿੰਦੇ ਹਨ, (ਜਪਣ ਵਾਲੇ) ਸਭਨਾਂ ਦੇ ਮਨ ਵਿਚ (ਸਿਮਰਨ ਦੀ) ਤਾਂਘ ਪੈਦਾ ਹੋਈ ਰਹਿੰਦੀ ਹੈ। (ਜੇਹੜੇ ਜੇਹੜੇ ਮਨੁੱਖ ਨਾਮ ਜਪਦੇ ਹਨ, ਉਹ) ਸਦਾ ਦੂਜਿਆਂ ਦੀ ਭਲਾਈ ਕਰਨ ਦਾ ਕੰਮ ਸੋਚਦੇ ਰਹਿੰਦੇ ਹਨ, ਕੋਈ ਪਾਪ-ਵਿਕਾਰ ਉਹਨਾਂ ਉਤੇ ਆਪਣਾ ਅਸਰ ਨਹੀਂ ਪਾ ਸਕਦਾ।੨।

ਹੇ ਭਾਈ! ਜਿਸ ਥਾਂ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ, ਉਹ ਥਾਂ ਭਾਗਾਂ ਵਾਲਾ ਹੋ ਜਾਂਦਾ ਹੈ, ਉਥੇ ਵੱਸਣ ਵਾਲੇ ਭੀ ਭਾਗਾਂ ਵਾਲੇ ਬਣ ਜਾਂਦੇ ਹਨ (ਕਿਉਂਕਿ ਜਿਸ ਥਾਂ) ਪਰਮਾਤਮਾ ਦੀ ਕਥਾ-ਵਾਰਤਾ, ਪ੍ਰਭੂ ਦੀ ਸਿਫ਼ਤਿ-ਸਾਲਾਹ ਬਹੁਤ ਹੁੰਦੀ ਰਹੇ, ਉਹ ਥਾਂ ਆਤਮਕ ਆਨੰਦ ਦਾ, ਆਤਮਕ ਅਡੋਲਤਾ ਦਾ ਟਿਕਾਣਾ (ਸੋਮਾ) ਬਣ ਜਾਂਦਾ ਹੈ।੩।

(ਇਸ ਵਾਸਤੇ) ਹੇ ਨਾਨਕ! (ਆਖ-ਹੇ ਭਾਈ!) ਉਹ ਅਨਾਥਾਂ ਦਾ ਨਾਥ ਪ੍ਰਭੂ ਕਦੇ ਮਨ ਤੋਂ ਭੁੱਲਣਾ ਨਹੀਂ ਚਾਹੀਦਾ, ਉਸ ਪ੍ਰਭੂ ਦੀ ਸਰਨ ਸਦਾ ਪਏ ਰਹਿਣਾ ਚਾਹੀਦਾ ਹੈ, ਜਿਸ ਦੇ ਹੱਥ ਵਿਚ ਹਰੇਕ ਚੀਜ਼ ਹੈ।੪।੨੯।੫੯।