ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਰਾਗੁ ਬਿਹਾਗੜਾ ਚਉਪਦੇ ਮਹਲਾ ੫ ਘਰੁ ੨ ॥
ਦੂਤਨ ਸੰਗਰੀਆ ॥ ਭੁਇਅੰਗਨਿ ਬਸਰੀਆ ॥ ਅਨਿਕ ਉਪਰੀਆ ॥੧॥ ਤਉ ਮੈ ਹਰਿ ਹਰਿ ਕਰੀਆ ॥ ਤਉ ਸੁਖ ਸਹਜਰੀਆ ॥੧॥ ਰਹਾਉ ॥ ਮਿਥਨ ਮੋਹਰੀਆ ॥ ਅਨ ਕਉ ਮੇਰੀਆ ॥ ਵਿਚਿ ਘੂਮਨ ਘਿਰੀਆ ॥੨॥ ਸਗਲ ਬਟਰੀਆ ॥ ਬਿਰਖ ਇਕ ਤਰੀਆ ॥ ਬਹੁ ਬੰਧਹਿ ਪਰੀਆ ॥੩॥ ਥਿਰੁ ਸਾਧ ਸਫਰੀਆ ॥ ਜਹ ਕੀਰਤਨੁ ਹਰੀਆ ॥ ਨਾਨਕ ਸਰਨਰੀਆ ॥੪॥੧॥ {ਪੰਨਾ 537}
ਅਰਥ: ਹੇ ਭਾਈ! ਕਾਮਾਦਿਕ ਵੈਰੀਆਂ ਦੀ ਸੰਗਤਿ ਸੱਪਾਂ ਨਾਲ ਵਾਸ (ਦੇ ਬਰਾਬਰ) ਹੈ, (ਇਹਨਾਂ ਦੂਤਾਂ ਨੇ) ਅਨੇਕਾਂ (ਦੇ ਜੀਵਨ) ਨੂੰ ਤਬਾਹ ਕੀਤਾ ਹੈ।੧।
(ਹੇ ਭਾਈ!) ਤਾਹੀਏਂ ਮੈਂ ਸਦਾ ਪਰਮਾਤਮਾ ਦਾ ਨਾਮ ਜਪਦਾ ਹਾਂ (ਜਦੋਂ ਤੋਂ ਨਾਮ ਜਪ ਰਿਹਾ ਹਾਂ) ਤਦੋਂ (ਤੋਂ) ਮੈਨੂੰ ਆਤਮਕ ਅਡੋਲਤਾ ਦੇ ਸੁਖ ਆਨੰਦ ਪ੍ਰਾਪਤ ਹਨ।੧।ਰਹਾਉ।
ਹੇ ਭਾਈ! ਜੀਵ ਨੂੰ ਝੂਠਾ ਮੋਹ ਚੰਬੜਿਆ ਹੋਇਆ ਹੈ (ਪਰਮਾਤਮਾ ਤੋਂ ਬਿਨਾ) ਹੋਰ ਹੋਰ ਪਦਾਰਥਾਂ ਨੂੰ ‘ਮੇਰੇ, ਮੇਰੇ‘ ਸਮਝਦਾ ਰਹਿੰਦਾ ਹੈ, (ਸਾਰੀ ਉਮਰ) ਮੋਹ ਦੀ ਘੁੰਮਣਘੇਰੀ ਵਿਚ ਫਸਿਆ ਰਹਿੰਦਾ ਹੈ।੨।
ਹੇ ਭਾਈ! ਸਾਰੇ ਜੀਵ (ਇਥੇ) ਰਾਹੀ ਹੀ ਹਨ, (ਸੰਸਾਰ-) ਰੁੱਖ ਦੇ ਹੇਠ ਇਕੱਠੇ ਹੋਏ ਹੋਏ ਹਨ, ਪਰ (ਮਾਇਆ ਦੇ) ਬਹੁਤ ਬੰਧਨਾਂ ਵਿਚ ਫਸੇ ਹੋਏ ਹਨ।੩।
ਹੇ ਭਾਈ! ਸਿਰਫ਼ ਗੁਰੂ ਦੀ ਸੰਗਤਿ ਹੀ ਸਦਾ–ਥਿਰ ਰਹਿਣ ਵਾਲਾ ਟਿਕਾਣਾ ਹੈ ਕਿਉਂਕਿ ਉਥੇ ਪਰਮਾਤਮਾ ਦੀ ਸਿਫ਼ਤਿ–ਸਾਲਾਹ ਹੁੰਦੀ ਰਹਿੰਦੀ ਹੈ। ਹੇ ਨਾਨਕ! (ਆਖ–ਮੈਂ ਸਾਧ ਸੰਗਤਿ ਦੀ) ਸਰਨ ਆਇਆ ਹਾਂ।੪।੧।