ਸੋਰਠਿ ਮਃ ੫ ॥ ਗੁਰੁ ਪੂਰਾ ਨਮਸਕਾਰੇ ॥ ਪ੍ਰਭਿ ਸਭੇ ਕਾਜ ਸਵਾਰੇ ॥ ਹਰਿ ਅਪਣੀ ਕਿਰਪਾ ਧਾਰੀ ॥ ਪ੍ਰਭ ਪੂਰਨ ਪੈਜ ਸਵਾਰੀ ॥੧॥ ਅਪਨੇ ਦਾਸ ਕੋ ਭਇਓ ਸਹਾਈ ॥ ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨ ਕਾਈ ॥ ਰਹਾਉ ॥ ਕਰਤੈ ਪੁਰਖਿ ਤਾਲੁ ਦਿਵਾਇਆ ॥ ਪਿਛੈ ਲਗਿ ਚਲੀ ਮਾਇਆ ॥ ਤੋਟਿ ਨ ਕਤਹੂ ਆਵੈ ॥ ਮੇਰੇ ਪੂਰੇ ਸਤਗੁਰ ਭਾਵੈ ॥੨॥ ਸਿਮਰਿ ਸਿਮਰਿ ਦਇਆਲਾ ॥ ਸਭਿ ਜੀਅ ਭਏ ਕਿਰਪਾਲਾ ॥ ਜੈ ਜੈ ਕਾਰੁ ਗੁਸਾਈ ॥ ਜਿਨਿ ਪੂਰੀ ਬਣਤ ਬਣਾਈ ॥੩॥ ਤੂ ਭਾਰੋ ਸੁਆਮੀ ਮੋਰਾ ॥ ਇਹੁ ਪੁੰਨੁ ਪਦਾਰਥੁ ਤੇਰਾ ॥ ਜਨ ਨਾਨਕ ਏਕੁ ਧਿਆਇਆ ॥ ਸਰਬ ਫਲਾ ਪੁੰਨੁ ਪਾਇਆ ॥੪॥੧੪॥੬੪॥ {ਅੰਗ 625}
ਅਰਥ: ਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਮਦਦਗਾਰ ਬਣਦਾ ਹੈ। ਕਰਤਾਰ ਨੇ (ਸਦਾ ਤੋਂ ਹੀ ਆਪਣੇ ਦਾਸ ਦੀਆਂ) ਸਾਰੀਆਂ ਮਨੋ–ਕਾਮਨਾਂ ਪੂਰੀਆਂ ਕੀਤੀਆਂ ਹਨ, ਸੇਵਕ ਨੂੰ (ਕਿਸੇ ਕਿਸਮ ਦੀ) ਕੋਈ ਥੁੜ ਨਹੀਂ ਰਹਿੰਦੀ।ਰਹਾਉ। ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਦੀ ਸ਼ਰਨ ਪੈਂਦਾ ਹੈ (ਯਕੀਨ ਜਾਣੋ ਕਿ) ਪਰਮਾਤਮਾ ਨੇ ਉਸ ਦੇ ਸਾਰੇ ਕੰਮ ਸਵਾਰ ਦਿੱਤੇ, ਪ੍ਰਭੂ ਨੇ ਉਸ ਮਨੁੱਖ ਉੱਤੇ ਮੇਹਰ (ਦੀ ਨਿਗਾਹ) ਕੀਤੀ, ਤੇ (ਲੋਕ ਪਰਲੋਕ ਵਿਚ) ਉਸ ਦੀ ਲਾਜ ਚੰਗੀ ਤਰ੍ਹਾਂ ਰੱਖ ਲਈ।੧। (ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ) ਸਰਬ–ਵਿਆਪਕ ਕਰਤਾਰ ਨੇ (ਉਸ ਨੂੰ ਗੁਰੂ ਦੀ ਰਾਹੀਂ) ਗੁਪਤ ਨਾਮ–ਖ਼ਜ਼ਾਨਾ ਦਿਵਾ ਦਿੱਤਾ, (ਉਸ ਨੂੰ ਮਾਇਆ ਦੀ ਲਾਲਸਾ ਨਹੀਂ ਰਹਿ ਜਾਂਦੀ) ਮਾਇਆ ਉਸ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ। (ਮਾਇਆ ਵਲੋਂ ਉਸ ਨੂੰ) ਕਿਤੇ ਭੀ ਘਾਟ ਮਹਿਸੂਸ ਨਹੀਂ ਹੁੰਦੀ। ਮੇਰੇ ਪੂਰੇ ਸਤਿਗੁਰੂ ਨੂੰ (ਉਸ ਵਡ–ਭਾਗੀ ਮਨੁੱਖ ਵਾਸਤੇ ਇਹੀ ਗੱਲ) ਚੰਗੀ ਲੱਗਦੀ ਹੈ।੨। ਹੇ ਭਾਈ! ਦਇਆ ਦੇ ਘਰ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਸਿਮਰਨ ਕਰਨ ਵਾਲੇ) ਸਾਰੇ ਹੀ ਜੀਵ ਉਸ ਦਇਆ–ਸਰੂਪ ਪ੍ਰਭੂ ਦਾ ਰੂਪ ਬਣ ਜਾਂਦੇ ਹਨ। (ਇਸ ਵਾਸਤੇ, ਹੇ ਭਾਈ!) ਉਸ ਸ੍ਰਿਸ਼ਟੀ ਦੇ ਮਾਲਕ–ਪ੍ਰਭੂ ਦੀ ਸਿਫ਼ਤਿ–ਸਾਲਾਹ ਕਰਦੇ ਰਿਹਾ ਕਰੋ, ਜਿਸ ਨੇ (ਜੀਵਾਂ ਨੂੰ ਆਪਣੇ ਨਾਲ ਮਿਲਾਣ ਦੀ) ਇਹ ਸੋਹਣੀ ਵਿਓਂਤ ਬਣਾ ਦਿੱਤੀ ਹੈ।੩। ਹੇ ਪ੍ਰਭੂ! ਤੂੰ ਮੇਰਾ ਵੱਡਾ ਮਾਲਕ ਹੈਂ। ਤੇਰਾ ਨਾਮ–ਪਦਾਰਥ (ਜੋ ਮੈਨੂੰ ਗੁਰੂ ਦੀ ਰਾਹੀਂ ਮਿਲਿਆ ਹੈ) ਤੇਰੀ ਹੀ ਬਖ਼ਸ਼ਸ਼ ਹੈ। ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਨੇ (ਗੁਰੂ ਦੀ ਸ਼ਰਨ ਪੈ ਕੇ) ਪਰਮਾਤਮਾ ਦਾ ਸਿਮਰਨਾ ਸ਼ੁਰੂ ਕਰ ਦਿੱਤਾ, ਉਸ ਨੇ ਸਾਰੇ ਫਲ ਦੇਣ ਵਾਲੀ (ਰੱਬੀ) ਬਖ਼ਸ਼ਸ਼ ਪ੍ਰਾਪਤ ਕਰ ਲਈ।੪।੧੪।੬੪।