ਸੋਰਠਿ ੴ ਸਤਿਗੁਰ ਪ੍ਰਸਾਦਿ ॥ ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥ ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥ ਮਨ ਮੇਰੇ ਭੂਲੇ ਕਪਟੁ ਨ ਕੀਜੈ ॥ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥ ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥ ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥ ਕਹਤੁ ਕਬੀਰੁ ਕੋਈ ਨਹੀ ਤੇਰਾ ॥ ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥ {ਅੰਗ 656}
ਪਦਅਰਥ: ਬਹੁ ਪਰਪੰਚ—ਕਈ ਠੱਗੀਆਂ। ਕਰਿ—ਕਰ ਕੇ। ਪਰ—ਪਰਾਇਆ। ਸੁਤ—ਪੁੱਤਰ। ਦਾਰ—ਵਹੁਟੀ। ਪਹਿ—ਕੋਲ। ਆਨਿ—ਲਿਆ ਕੇ। ਲੁਟਾਵੈ—ਹਵਾਲੇ ਕਰ ਦੇਂਦਾ ਹੈਂ।੧।
ਕਪਟੁ—ਧੋਖਾ, ਠੱਗੀ। ਅੰਤਿ—ਆਖ਼ਰ ਨੂੰ। ਨਿਬੇਰਾ—ਫ਼ੈਸਲਾ, ਲੇਖਾ, ਹਿਸਾਬ। ਤੇਰੇ ਜੀਅ ਪਹਿ—ਤੇਰੀ ਜਿੰਦ ਪਾਸੋਂ।੧।ਰਹਾਉ।
ਛਿਨੁ ਛਿਨੁ—ਪਲ ਪਲ ਵਿਚ। ਛੀਜੈ—ਕਮਜ਼ੋਰ ਹੋ ਰਿਹਾ ਹੈ। ਜਰਾ—ਬੁਢੇਪਾ। ਜਣਾਵੈ—ਆਪਣਾ ਆਪ ਵਿਖਾ ਰਿਹਾ ਹੈ। ਓਕ—ਬੁੱਕ। ਪਾਨੀਓ—ਪਾਣੀ ਭੀ।੨।
ਹਿਰਦੈ—ਹਿਰਦੇ ਵਿਚ। ਕੀ ਨ—ਕਿਉਂ ਨਹੀਂ? ਸਵੇਰਾ—ਵੇਲੇ ਸਿਰ।੩।
ਅਰਥ: ਹੇ ਮੇਰੇ ਭੁੱਲੇ ਹੋਏ ਮਨ! (ਰੋਜ਼ੀ ਆਦਿਕ ਦੀ ਖ਼ਾਤਰ ਕਿਸੇ ਨਾਲ) ਧੋਖਾ ਫ਼ਰੇਬ ਨਾਹ ਕਰਿਆ ਕਰ। ਆਖ਼ਰ ਨੂੰ (ਇਹਨਾਂ ਮੰਦ ਕਰਮਾਂ ਦਾ) ਲੇਖਾ ਤੇਰੀ ਆਪਣੀ ਜਿੰਦ ਤੋਂ ਹੀ ਲਿਆ ਜਾਣਾ ਹੈ।੧।ਰਹਾਉ।
ਕਈ ਤਰ੍ਹਾਂ ਦੀਆਂ ਠੱਗੀਆਂ ਕਰ ਕੇ ਤੂੰ ਪਰਾਇਆ ਮਾਲ ਲਿਆਉਂਦਾ ਹੈਂ, ਤੇ ਲਿਆ ਕੇ ਆਪਣੇ ਪੁੱਤਰ ਤੇ ਵਹੁਟੀ ਦੇ ਹਵਾਲੇ ਕਰ ਦੇਂਦਾ ਹੈਂ।੧।
(ਵੇਖ, ਇਹਨਾਂ ਠੱਗੀਆਂ ਵਿਚ ਹੀ) ਸਹਿਜੇ ਸਹਿਜੇ ਤੇਰਾ ਆਪਣਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਬੁਢੇਪੇ ਦੀਆਂ ਨਿਸ਼ਾਨੀਆਂ ਆ ਰਹੀਆਂ ਹਨ (ਜਦੋਂ ਤੂੰ ਬੁੱਢਾ ਹੋ ਗਿਆ, ਤੇ ਹਿੱਲਣ–ਜੋਗਾ ਨਾਹ ਰਿਹਾ) ਤਦੋਂ (ਇਹਨਾਂ ਵਿਚੋਂ, ਜਿਨ੍ਹਾਂ ਦੀ ਖ਼ਾਤਰ ਠੱਗੀ ਕਰਦਾ ਹੈਂ) ਕਿਸੇ ਨੇ ਤੇਰੇ ਬੁੱਕ ਵਿਚ ਪਾਣੀ ਵੀ ਨਹੀਂ ਪਾਣਾ।੨।
(ਤੈਨੂੰ) ਕਬੀਰ ਆਖਦਾ ਹੈ-(ਹੇ ਜਿੰਦੇ!) ਕਿਸੇ ਨੇ ਭੀ ਤੇਰਾ (ਸਾਥੀ) ਨਹੀਂ ਬਣਨਾ। (ਇੱਕ ਪ੍ਰਭੂ ਹੀ ਅਸਲ ਸਾਥੀ ਹੈ) ਤੂੰ ਵੇਲੇ ਸਿਰ (ਹੁਣੇ ਹੁਣੇ) ਉਸ ਪ੍ਰਭੂ ਨੂੰ ਕਿਉਂ ਆਪਣੇ ਹਿਰਦੇ ਵਿਚ ਨਹੀਂ ਸਿਮਰਦੀ?।੩।੯।
ਸ਼ਬਦ ਦਾ ਭਾਵ: ਵਿਹਾਰ–ਕਾਰ ਵਿਚ ਠੱਗੀ ਆਦਿਕ ਕਰਨੀ ਭਾਰੀ ਮੂਰਖਤਾ ਹੈ। ਜਿਨ੍ਹਾਂ ਪੁੱਤਰ, ਇਸਤ੍ਰੀ ਆਦਿਕ ਲਈ ਮਨੁੱਖ ਠੱਗੀ–ਚੋਰੀ ਕਰਦਾ ਹੈ, ਅੰਤ ਵੇਲੇ ਸਾਥ ਨਿਭਾਉਣਾ ਤਾਂ ਕਿਤੇ ਰਿਹਾ, ਬੁਢੇਪਾ ਆਇਆਂ ਹੀ ਉਹ ਖ਼ੁਸ਼ ਹੋ ਕੇ ਪਾਣੀ ਦਾ ਘੁੱਟ ਭੀ ਨਹੀਂ ਦੇਂਦੇ।੯।