ਬੁੱਧਵਾਰ 30 ਮਾਰਚ 2016 (17 ਚੇਤ ਸੰਮਤ 548 ਨਾਨਕਸ਼ਾਹੀ)
ਸਲੋਕ ॥ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣਹ ॥ ਗੁਰ ਦਇਆਲ ਸਮਰਥ ਗੁਰ ਗੁਰ ਨਾਨਕ ਪਤਿਤ ਉਧਾਰਣਹ ॥੧॥ ਭਉਜਲੁ ਬਿਖਮੁ ਅਸਗਾਹੁ ਗੁਰਿ ਬੋਹਿਥੈ ਤਾਰਿਅਮੁ ॥ ਨਾਨਕ ਪੂਰ ਕਰੰਮ ਸਤਿਗੁਰ ਚਰਣੀ ਲਗਿਆ ॥੨॥ ਪਉੜੀ ॥ ਧੰਨੁ ਧੰਨੁ ਗੁਰਦੇਵ ਜਿਸੁ ਸੰਗਿ ਹਰਿ ਜਪੇ ॥ ਗੁਰ ਕ੍ਰਿਪਾਲ ਜਬ ਭਏ ਤ ਅਵਗੁਣ ਸਭਿ ਛਪੇ ॥ ਪਾਰਬ੍ਰਹਮ ਗੁਰਦੇਵ ਨੀਚਹੁ ਉਚ ਥਪੇ ॥ ਕਾਟਿ ਸਿਲਕ ਦੁਖ ਮਾਇਆ ਕਰਿ ਲੀਨੇ ਅਪ ਦਸੇ ॥ ਗੁਣ ਗਾਏ ਬੇਅੰਤ ਰਸਨਾ ਹਰਿ ਜਸੇ ॥੧੯॥ {ਅੰਗ 710}
ਅਰਥ: ਹੇ ਨਾਨਕ! ਗੁਰੂ ਗੋਬਿੰਦ–ਰੂਪ ਹੈ, ਗੋਪਾਲ–ਰੂਪ ਹੈ, ਸਰਬ–ਵਿਆਪਕ ਨਾਰਾਇਣ ਦਾ ਰੂਪ ਹੈ। ਗੁਰੂ ਦਇਆ ਦਾ ਘਰ ਹੈ, ਸਮਰੱਥਾ ਵਾਲਾ ਹੈ ਤੇ ਵਿਕਾਰੀਆਂ ਨੂੰ ਭੀ ਤਾਰਨਹਾਰ ਹੈ। ਸੰਸਾਰ–ਸਮੁੰਦਰ ਬੜਾ ਭਿਆਨਕ ਤੇ ਅਥਾਹ ਹੈ, ਪਰ ਗੁਰੂ–ਜਹਾਜ਼ ਨੇ ਮੈਨੂੰ ਇਸ ਵਿਚੋਂ ਬਚਾ ਲਿਆ ਹੈ। ਹੇ ਨਾਨਕ! ਜੋ ਮਨੁੱਖ ਸਤਿਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੇ ਚੰਗੇ ਭਾਗ ਹੁੰਦੇ ਹਨ।੨। ਸਦਕੇ ਹਾਂ ਗੁਰੂ ਤੋਂ ਜਿਸ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਦਾ ਭਜਨ ਕੀਤਾ ਜਾ ਸਕਦਾ ਹੈ, ਜਦੋਂ ਸਤਿਗੁਰੂ ਮੇਹਰਬਾਨ ਹੁੰਦਾ ਹੈ ਤਾਂ ਸਾਰੇ ਔਗੁਣ ਦੂਰ ਹੋ ਜਾਂਦੇ ਹਨ, ਪ੍ਰਭੂ ਦਾ ਰੂਪ ਗੁਰੂ ਨੀਵਿਆਂ ਤੋਂ ਉੱਚੇ ਕਰ ਦੇਂਦਾ ਹੈ, ਮਾਇਆ ਦੇ ਦੁਖਾਂ ਦੀ ਫਾਹੀ ਕੱਟ ਕੇ ਆਪਣੇ ਸੇਵਕ ਬਣਾ ਲੈਂਦਾ ਹੈ, (ਗੁਰੂ ਦੀ ਸੰਗਤਿ ਵਿਚ ਰਿਹਾਂ) ਜੀਭ ਨਾਲ ਬੇਅੰਤ ਪ੍ਰਭੂ ਦੇ ਗੁਣ ਗਾ ਸਕੀਦੇ ਹਨ, ਪ੍ਰਭੂ ਦੀ ਸਿਫ਼ਤਿ–ਸਾਲਾਹ ਕਰ ਸਕੀਦੀ ਹੈ।੧੯।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥
www.thatta.in | fb/PindThatta | WhatsApp: 98728-98928