10407187_946047345459024_6043890253630236360_n

ਇਹ ਨੀ ਤੇਰੇ ਮੇਚ ਆਉਣੇ ਘਾਹ ਦੇ ਜੋ ਛੱਲੇ ਨੀ
ਬਹੁਤਿਆਂ ਸਿਆਣਿਆ ‘ਚ ਨਿਭਦੇ ਨਾ ਝੱਲੇ ਨੀ,
ਸਾਡੀਆਂ ਤਾਂ ਤਲੀਆਂ ‘ਚ ਭੱਖੜੇ ਦੇ ਚੀਰ ਨੇ
ਸੁਣਿਆ ਉਹ ਪੈਰ ਕਦੇ ਧਰਦੇ ਨਾ ਥੱਲੇ ਨੀ,
ਸਾਡਾ ਹੀ ਉਹ ਖੂਨ ਹੈ ਜੋ ਆਟੇ ਵਿੱਚੋਂ ਮਹਿਕਦਾ ਹੈ
ਜਦੋਂ ਕੋਈ ਤਵੇ ਉੱਤੇ ਰੋਟੀਆਂ ਨੂੰ ਥੱਲੇ ਨੀ,
ਅਣਖ ਤੇ ਗੈਰਤ ਹੈ ਹੌਲੀ ਹੌਲੀ ਮੁੱਕੀ ਜਾਂਦੀ
ਕੀਟ ਤੇ ਨਦੀਨ ਨਾਸ਼ ਹੱਡੀਂ ਰਚ ਚੱਲੇ ਨੀ,
ਰੱਸੇ ਸਲਫਾਸ ਮੋਨੋਸਿਲ ਨੇ ਖੁਰਾਕ ਸਾਡੀ
ਦਾਣੇ ਚੌਲਾਂ ਵੱਟੇ ਤੇਰੇ ਸ਼ਹਿਰ ਨੇ ਜੋ ਘੱਲੇ ਨੀ,
ਸਾਡਿਆਂ ਉਹ ਬੋਹਲਾਂ ਉੱਤੇ ਫੇਰ ਨਿਗਾ ਰੱਖਦੇ ਨੇ
ਟੇਕ ਟੇਕ ਮੱਥੇ ਭਰੇ ਜਿਹਨਾਂ ਦੇ ਤੂੰ ਗੱਲੇ ਨੀ,
ਸਿੱਖਿਆ ਜਿਹਨਾਂ ਸੀ ਬਾਪੂ ਪਾਣੀ ਬੇਬੇ ਧਰਤੀ ਹੈ
ਨਾਨਕ ਦੇ ਪੁੱਤਾਂ ਦੇ ਨਾ ਰਿਹਾ ਕੁਝ ਪੱਲੇ ਨੀ,
ਜਿਹੜਿਆਂ ਖੂਹਾਂ ‘ਤੇ ਸਾਡਾ ਭੱਤਾ ਲੈ ਕੇ ਆਉਣਾ ਸੀ ਤੂੰ
ਹੌਲੀ ਹੌਲੀ ਕਰ ਕੇ ਉਹ ਵਾਹਣ ਵਿਕ ਚੱਲੇ ਨੀ
ਹੌਲੀ ਹੌਲੀ ਕਰ ਕੇ ਉਹ ਵਾਹਣ ਵਿਕ ਚੱਲੇ ਨੀ…..
-ਗੁਰਪ੍ਰੀਤ ਗੱਟੀ