ਡਾਹਢੀ ਕਿਸਮਤ ਦੀ ਹੁੰਦੀ ਹੈ ਖੇਡ ਜੱਗ ਤੇ,
ਕੋਈ ਛੂਹਵੇ ਅਸਮਾਨੀਂ ਤੇ ਕੋਈ ਨਜ਼ਰੋਂ ਹੈ ਡਿੱਗਦਾ…
ਪਰ ਬੱਦਲ ਝੂਠ ਦੇ ਪਲਾਂ ਵਿੱਚ ਸਾਫ ਹੋ ਜਾਣ,
ਸੂਰਜ ਸੱਚ ਦਾ ਜਦੋਂ ਹੈ ਇੱਕ ਵਾਰ ਚੜ੍ਹਦਾ…
ਜਗਦੇ ਹੋਏ ਦੀਵਿਆਂ ਦੀ ਚੱਲੇ ਨਾ ਪੇਸ਼ ਕੋਈ ਵੀ,
ਜਦ ਕੋਈ ਤੁਫ਼ਾਨ ਬਸ ਕੋਲ ਦੀ ਹੈ ਗੁਜ਼ਰਦਾ…
ਪਰ ਅਜ਼ਾਦ ਰੂਹ ਤੇ ਰੋਕ ਨਾ ਕੋਈ ਲੱਗਦੀ,
ਸਰੀਰ ਵਕਤ-ਬੇਵਕਤ ਜਦੋਂ ਵੀ ਹੈ ਮਰਦਾ….
ਇੱਕ ਕਤਰਾ ਵੀ ਉੱਛਲੇ ਜਦੋਂ ਲਹਿਰਾਂ ਵਿੱਚੋਂ,
ਤਾਂ ਸਮੁੰਦਰ ਦੇ ਲਹਿਜੇ ਵਿੱਚ ਗੱਲ ਹੈ ਕਰਦਾ…
ਪਰ ਵਕਾਲਤ ਜ਼ਮੀਨ ਦੀ ਕਿਸੇ ਨਾ ਕੰਮ ਆਉਂਦੀ,
ਜਦ ਵੀ ਫੈਸਲਾ ਕੋਈ ਅਸਮਾਨ ਤੋਂ ਹੈ ਉਤਰਦਾ…
ਚੰਗੇ-ਭਲੇ ਇਨਸਾਨ ਵੀ ਹੈਵਾਨ ਬਣ ਜਾਣ,
ਖੌਫ਼ ਖੁਦਾ ਦਾ ਜਦੋਂ ਨਹੀਂ ਮਨ ਵਾਸ ਕਰਦਾ…
ਪਰ ਇੱਕ ਉਹਦੀ ਜੇ ਨਜ਼ਰ ਸੁਵੱਲੀ ਹੋ ਜਾਏ,
ਬਿਨਾਂ ਸੋਚਿਆਂ ਵੀ ਬੰਦਾ ਭਵਸਾਗਰ ਹੈ ਤਰਦਾ…
-ਸੁਰਜੀਤ ਕੌਰ ਬੈਲਜ਼ੀਅਮ