
॥ ਜੂਨ 84 ॥
ਜਦ ਵੀ ਕਦੇ ਮਹੀਨਾ ਚੜਦਾ ਜੂਨ ਦਾ ਸੋਚੀਂ ਭਖਦੀਆਂ ਕੰਧਾਂ ਤਖਤ ਅਕਾਲ ਦੀਆਂ,
ਇੱਲਾਂ ਗਿਰਝਾਂ ਉਡਣ ਉੱਤੇ ਹਰਿਮੰਦਰੁ ਦੇ ਸ਼ਬਦ ਤੇ ਸੁਰ ਵੀ ਸੁੱਤੇ ਗੱਲਾਂ ਕਮਾਲ ਦੀਆਂ,
ਬੱਚੇ ਬੁਢੇ ਬੀਬੀਆਂ ਪਈਆਂ ਸਹਿਕਦੀਆਂ ਗੱਲਾਂ ਹੋਵਣ ਧਰਤੀ ਉੱਤੇ ਭੁਚਾਲ ਦੀਆਂ,
ਰੱਤੇ ਰੰਗ ਦਾ ਪਾਣੀ ਹੋਇਆ ਸਰੋਵਰ ਦਾ ਪੱਤ ਹਰੇ ਬੇਰੀ ਦੇ ਸੰਗਤਾਂ ਭਾਲਦੀਆਂ,
ਠਾਹ ਠਾਹ ਚੀਕ ਚਿਹਾੜਾ ਪੈਂਦਾ ਉਸ ਜਗਾਹ ਜਿੱਥੇ ਹੋਵਣ ਉਸਤਤਾਂ ਕਦੇ ਅਕਾਲ ਦੀਆਂ,
ਵਾਰ ਆਸਾ ਦੀ ਗੂੰਜੇ ਜਿਸ ਪਰਿਕਰਮਾ ‘ਚੋਂ ਉਡਦਾ ਧੂੰਆਂ ਧੁੰਦਾਂ ਜਿਵੇ ਸਿਆਲ ਦੀਆਂ,
ਜਿੱਥੋਂ ਚੜਦਾ ਹੁਕਮ ਸੀ ਕੁੱਲ ਲੋਕਾਈ ਨੂੰ ਉਸ ਦਰਬਾਰ ‘ਤੇ ਚੜੀਆਂ ਫੌਜਾਂ ਨਾਲ ਦੀਆਂ,
ਮਚਦੇ ਸਿਖਰ ਦੁਪਹਿਰੇ ਸਿਵੇ ਜਵਾਨੀ ਦੇ ਚੁਲ੍ਹੇ ਬੈਠੀਆਂ ਮਾਵਾਂ ਪੁਤਰ ਭਾਲਦੀਅਾਂ,
ਜਿਉਂ ਜਿਉਂ ਕਰਕੇ ਇਟਾਂ ਉੱਡਣ ਤਖਤ ਦੀਆਂ ਤਿਉਂ ਤਿਉਂ ਮਨ ਵਿੱਚ ਲਹਿਰਾਂ ਉਠਣ ਸਵਾਲ ਦੀਅਾਂ…… ॥
-ਗੁਰਪ੍ਰੀਤ ਸਿੰਘ ਗੱਟੀ।