ਪਿੰਡ ਦੇ ਖੇਡ ਮੈਦਾਨ ਵਿੱਚ ਹੋਈਆਂ ਲਹਿਰਾਂ ਬਹਿਰਾਂ

43

ਪਿੰਡ ਠੱਟਾ ਨਵਾਂ ਦਾ ਖੇਡ ਮੈਦਾਨ ਜੋ ਪਿਛਲੇ ਕਈ ਸਾਲਾਂ ਤੋਂ ਆਪਣੀ ਮਾੜੀ ਜੂਨ ਨੂੰ ਰੋ ਰਿਹਾ ਸੀ, ਹੁਣ ਇਸਦੀ ਜੂਨ ਸੁਧਰਦੀ ਨਜ਼ਰ ਆ ਰਹੀ ਹੈ। ਇਹ ਖੇਡ ਮੈਦਾਨ ਪਿੰਡ ਦੇ ਲੈਵਲ ਤੋਂ ਬਹੁਤ ਨੀਵਾਂ ਹੋਣ ਕਰਕੇ ਅਕਸਰ ਹੀ ਬਰਸਾਤਾਂ ਵਿੱਚ ਨੇੜਲੇ ਛੱਪੜ ਦੇ ਪਾਣੀ ਨਾਲ ਭਰ ਜਾਂਦਾ ਸੀ। ਰਹਿੰਦੀ ਕਸਰ ਉਸ ਸਮੇਂ ਨਿਕਲ ਗਈ ਜਦੋਂ ਖੇਡ ਮੈਦਾਨ ਦੇ ਨੇੜੇ ਛੱਪੜ ਨੂੰ ਡੂੰਘਾ ਕੀਤਾ ਗਿਆ। ਛੱਪੜ ਨੂੰ ਡੂੰਘਾ ਕਰਨ ਸਮੇਂ ਪਹਿਲਾਂ ਇਸ ਖੇਡ ਮੈਦਾਨ ਨੂੰ ਡੂੰਘਾ ਕਰਕੇ ਛੱਪੜ ਦਾ ਪਾਣੀ ਇਸ ਵਿੱਚ ਪਾਇਆ ਗਿਆ। ਛੱਪੜ ਤਾਂ ਡੂੰਘਾ ਹੋ ਗਿਆ ਪਰ ਖੇਡ ਮੈਦਾਨ ਦੀ ਹਿੱਕ ਤੇ ਜੋ ਜਖਮ ਲੱਗੇ ਉਹ ਸਦੀਆਂ ਤੱਕ ਵੀ ਦੂਰ ਨਹੀਂ ਹੋ ਸਕਦੇ ਸਨ। ਪਿੰਡ ਦੇ ਨੌਜਵਾਨਾਂ ਨੂੰ ਰੋਜ਼ਾਨਾ 3 ਕਿਲੋਮੀਟਰ ਦੂਰ ਕਾਲਣੇ ਵਿੱਚ ਖੇਡਣ ਜਾਣਾ ਪੈਂਦਾ ਸੀ। ਨੌਜਵਾਨ ਵਰਗ ਨੇ ਇਸ ਸਮੱਸਿਆ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਅਤੇ ਇਸ ਦਾ ਹੱਲ ਲੱਘਣ ਲਈ ਇਕੱਤਰਤਾਵਾਂ ਕਰਨੀਆਂ ਸ਼ੁਰੂ ਕੀਤੀਆਂ। ਨੌਜਵਾਨਾਂ ਨੇ ਆਪਣੇ ਕੋਲੋਂ ਉਗਰਾਹੀ ਕਰਕੇ ਖੇਡ ਮੈਦਾਨ ਵਿੱਚ ਮਿੱਟੀ ਸੁਟਵਾਉਣੀ ਸ਼ੁਰੂ ਕੀਤੀ। ਬਾਅਦ ਵਿੱਚ ਵਿਦੇਸ਼ੀ ਵੀਰਾਂ ਨੇ ਆਰਥਿਕ ਸਹਾਇਤਾ ਕੀਤੀ ਤੇ ਪਿੰਡ ਦੇ ਮੋਹਤਵਰ ਵਿਅਕਤੀਆਂ ਦੇ ਕਹਿਣ ਤੇ ਨਗਰ ਵਿੱਚ ਉਗਰਾਹੀ ਕਰਕੇ ਕੰਮ ਨੂੰ ਨੇਪਰੇ ਚਾੜ੍ਹਿਆ ਗਿਆ। ਅੱਜ ਪਿੰਡ ਦਾ ਖੇਡ ਮੈਦਾਨ ਦੇਖ ਕੇ ਰੂਹ ਖੁਸ਼ ਹੋ ਗਈ ਜਦੋਂ 10 ਸਾਲ ਤੋਂ ਲੈ 30 ਸਾਲ ਤੱਕ ਦੇ ਨੌਜਵਾਨ ਇਸ ਖੇਡ ਮੈਦਾਨ ਵਿੱਚ ਫੁੱਟਬਾਲ ਖੇਡ ਰਹੇ ਸਨ।