ਵੀਰਵਾਰ 13 ਨਵੰਬਰ 2025 (27 ਕਤਿਕਿ ਸੰਮਤ 557 ਨਾਨਕਸ਼ਾਹੀ)
ਵਡਹੰਸ ਕੀ ਵਾਰ ਮਹਲਾ ੪ ਲਲਾਂ ਬਹਲੀਮਾ ਕੀ ਧੁਨਿ ਗਾਵਣੀ
ੴ ਸਤਿਗੁਰ ਪ੍ਰਸਾਦਿ ॥
ਸਲੋਕ ਮਃ ੩ ॥
ਸਬਦਿ ਰਤੇ ਵਡ ਹੰਸ ਹੈ ਸਚੁ ਨਾਮੁ ਉਰਿ ਧਾਰਿ ॥
ਸਚੁ ਸੰਗ੍ਰਹਹਿ ਸਦ ਸਚਿ ਰਹਹਿ ਸਚੈ ਨਾਮਿ ਪਿਆਰਿ ॥
ਸਦਾ ਨਿਰਮਲ ਮੈਲੁ ਨ ਲਗਈ ਨਦਰਿ ਕੀਤੀ ਕਰਤਾਰਿ ॥
ਨਾਨਕ ਹਉ ਤਿਨ ਕੈ ਬਲਿਹਾਰਣੈ ਜੋ ਅਨਦਿਨੁ ਜਪਹਿ ਮੁਰਾਰਿ ॥੧॥
ਮਃ ੩ ॥
ਮੈ ਜਾਨਿਆ ਵਡ ਹੰਸੁ ਹੈ ਤਾ ਮੈ ਕੀਆ ਸੰਗੁ ॥
ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ ॥੨॥
ਮਃ ੩ ॥
ਹੰਸਾ ਵੇਖਿ ਤਰੰਦਿਆ ਬਗਾਂ ਭਿ ਆਯਾ ਚਾਉ ॥
ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੩॥
ਪਉੜੀ ॥
ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ ॥
ਤੂ ਆਪੇ ਆਪਿ ਨਿਰੰਕਾਰੁ ਹੈ ਕੋ ਅਵਰੁ ਨ ਬੀਆ ॥
ਤੂ ਕਰਣ ਕਾਰਣ ਸਮਰਥੁ ਹੈ ਤੂ ਕਰਹਿ ਸੁ ਥੀਆ ॥
ਤੂ ਅਣਮੰਗਿਆ ਦਾਨੁ ਦੇਵਣਾ ਸਭਨਾਹਾ ਜੀਆ ॥
ਸਭਿ ਆਖਹੁ ਸਤਿਗੁਰੁ ਵਾਹੁ ਵਾਹੁ ਜਿਨਿ ਦਾਨੁ ਹਰਿ ਨਾਮੁ ਮੁਖਿ ਦੀਆ ॥੧॥
ਸਲੋਕੁ ਮਃ ੩ ॥
ਭੈ ਵਿਚਿ ਸਭੁ ਆਕਾਰੁ ਹੈ ਨਿਰਭਉ ਹਰਿ ਜੀਉ ਸੋਇ ॥
ਸਤਿਗੁਰਿ ਸੇਵਿਐ ਹਰਿ ਮਨਿ ਵਸੈ ਤਿਥੈ ਭਉ ਕਦੇ ਨ ਹੋਇ ॥
ਦੁਸਮਨੁ ਦੁਖੁ ਤਿਸ ਨੋ ਨੇੜਿ ਨ ਆਵੈ ਪੋਹਿ ਨ ਸਕੈ ਕੋਇ ॥
ਗੁਰਮੁਖਿ ਮਨਿ ਵੀਚਾਰਿਆ ਜੋ ਤਿਸੁ ਭਾਵੈ ਸੁ ਹੋਇ ॥
ਨਾਨਕ ਆਪੇ ਹੀ ਪਤਿ ਰਖਸੀ ਕਾਰਜ ਸਵਾਰੇ ਸੋਇ ॥੧॥
ਮਃ ੩ ॥
ਇਕਿ ਸਜਣ ਚਲੇ ਇਕਿ ਚਲਿ ਗਏ ਰਹਦੇ ਭੀ ਫੁਨਿ ਜਾਹਿ ॥
ਜਿਨੀ ਸਤਿਗੁਰੁ ਨ ਸੇਵਿਓ ਸੇ ਆਇ ਗਏ ਪਛੁਤਾਹਿ ॥
ਨਾਨਕ ਸਚਿ ਰਤੇ ਸੇ ਨ ਵਿਛੁੜਹਿ ਸਤਿਗੁਰੁ ਸੇਵਿ ਸਮਾਹਿ ॥੨॥
ਪਉੜੀ ॥
ਤਿਸੁ ਮਿਲੀਐ ਸਤਿਗੁਰ ਸਜਣੈ ਜਿਸੁ ਅੰਤਰਿ ਹਰਿ ਗੁਣਕਾਰੀ ॥
ਤਿਸੁ ਮਿਲੀਐ ਸਤਿਗੁਰ ਪ੍ਰੀਤਮੈ ਜਿਨਿ ਹੰਉਮੈ ਵਿਚਹੁ ਮਾਰੀ ॥
ਸੋ ਸਤਿਗੁਰੁ ਪੂਰਾ ਧਨੁ ਧੰਨੁ ਹੈ ਜਿਨਿ ਹਰਿ ਉਪਦੇਸੁ ਦੇ ਸਭ ਸ੍ਰਿਸ੍ਟਿ ਸਵਾਰੀ ॥
ਨਿਤ ਜਪਿਅਹੁ ਸੰਤਹੁ ਰਾਮ ਨਾਮੁ ਭਉਜਲ ਬਿਖੁ ਤਾਰੀ ॥
ਗੁਰਿ ਪੂਰੈ ਹਰਿ ਉਪਦੇਸਿਆ ਗੁਰ ਵਿਟੜਿਅਹੁ ਹੰਉ ਸਦ ਵਾਰੀ ॥੨॥
ਵਡਹੰਸ ਰਾਗ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਵਾਰ’। ਲਲਾਂ ਤੇ ਬਹਲੀਮਾ ਦੀ ਧੁਨ ਅਨੁਸਾਰ ਗਾਈ ਜਾਵੇ।
ਲਲਾਂ, ਬਹਲੀਮਾ = ਲਲਾਂ ਤੇ ਬਹਲੀਮਾ ਦੋ ਛੋਟੇ ਛੋਟੇ ਰਾਜਪੂਤ ਰਾਜੇ ਸਨ, ਕਾਂਗੜੇ ਦੇ ਇਲਾਕੇ ਵਿਚ। ਇਕ ਵਾਰੀ ਲਲਾਂ ਦੇ ਇਲਾਕੇ ਵਿਚ ਔੜ ਲੱਗ ਗਈ, ਉਸ ਨੇ ਆਪਣੀ ਪੈਦਾਵਾਰ ਦਾ ਛੇਵਾਂ ਹਿੱਸਾ ਦੇਣ ਦਾ ਇਕਰਾਰ ਕਰ ਕੇ ਬਹਲੀਮਾ ਦੀ ਨਹਿਰ ਤੋਂ ਪਾਣੀ ਲਿਆ। ਫ਼ਸਲ ਦਾ ਵੇਲਾ ਆਇਆ ਤਾਂ ਇਸ ਨੇ ਇਕਰਾਰ ਪੂਰਾ ਨਾ ਕੀਤਾ। ਦੋਹਾਂ ਵਿਚ ਲੜਾਈ ਹੋ ਪਈ ਪਰ ਬਹਲੀਮਾ ਜਿੱਤ ਗਿਆ। ਇਸ ਲੜਾਈ ਦਾ ਹਾਲ ਕਿਸੇ ਢਾਢੀ ਨੇ ‘ਵਾਰ’ ਵਿਚ ਗਾਂਵਿਆਂ, ਜਿਸ ਦਾ ਨਮੂਨਾ ਇਉਂ ਹੈ: “ਕਾਲ ਲਲਾਂ ਦੇ ਦੇਸ਼ ਦਾ ਖੋਇਆ ਬਹਿਲੀਮਾ ॥ ਹਿੱਸਾ ਛਟਾ ਮਨਾਇ ਕੈ ਜਲੁ ਨਹਰੋਂ ਦੀਨਾ ॥ ਫਿਰਾਊਨ ਹੋਇ ਲਲਾਂ ਨੇ ਰਣ ਮੰਡਿਆ ਧੀਮਾ ॥ ਭੇੜ ਦੁਹੂ ਦਿਸ ਮੱਚਿਆ ਸੱਟ ਪਈ ਅਜੀਮਾ ॥ ਸਿਰ ਧੜ ਡਿੱਗੇ ਖੇਤ ਵਿਚ ਜਿਉ ਵਾਹਣ ਢੀਮਾ ॥ ਦੇਖਿ ਮਾਰੇ ਲਲਾਂ ਬਹਲੀਮ ਨੇ ਰਣ ਮਹਿ ਬਰਛੀਮਾ ॥” ਸਤਿਗੁਰੂ ਜੀ ਨੇ ਆਗਿਆ ਕੀਤੀ ਹੈ ਕਿ ਇਸ ਵਾਰ ਦੀ ਸੁਰ ਤੇ ਗੁਰੂ ਰਾਮਦਾਸ ਜੀ ਦੀ ਇਹ ਵਡਹੰਸ ਦੀ ਵਾਰ ਗਾਉਣੀ ਹੈ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜੋ ਸੱਚੇ ਨਾਮ ਨੂੰ ਹਿਰਦੇ ਵਿਚ ਪਰੋ ਕੇ ਸਤਿਗੁਰੂ ਦੇ ਸ਼ਬਦ ਵਿਚ ਰੱਤੇ ਹੋਏ ਹਨ, ਉਹ ਵੱਡੇ ਬਿਬੇਕੀ (ਸੰਤ) ਹਨ।
ਵਡਹੰਸ = ਵੱਡੇ ਹੰਸ, ਵੱਡੇ ਬਿਬੇਕੀ। ਉਰਿ = ਹਿਰਦੇ ਵਿਚ।
ਉਹ ਸੱਚਾ ਨਾਮ (ਰੂਪ ਧਨ) ਇਕੱਠਾ ਕਰਦੇ ਹਨ, ਤੇ ਸੱਚੇ ਨਾਮ ਵਿਚ ਪਿਆਰ ਦੇ ਕਾਰਨ ਸੱਚ ਵਿਚ ਹੀ ਲੀਨ ਰਹਿੰਦੇ ਹਨ।
ਸੰਗ੍ਰਹਹਿ = ਇਕੱਠਾ ਕਰਦੇ ਹਨ। ਸਚਿ = ਸੱਚ ਵਿਚ। ਪਿਆਰਿ = ਪਿਆਰ ਦੇ ਕਾਰਨ।
ਕਰਤਾਰ ਨੇ ਉਹਨਾਂ ਉਤੇ ਮੇਹਰ ਦੀ ਨਜ਼ਰ ਕੀਤੀ ਹੋਈ ਹੈ; (ਇਸ ਕਰਕੇ) ਉਹ ਸਦਾ ਪਵਿਤ੍ਰ ਹਨ ਉਹਨਾਂ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ।
ਕਰਤਾਰਿ = ਕਰਤਾਰ ਨੇ।
ਹੇ ਨਾਨਕ! ਜੋ ਮਨੁੱਖ ਹਰ ਵੇਲੇ ਪ੍ਰਭੂ ਨੂੰ ਸਿਮਰਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ ॥੧॥
ਮੁਰਾਰਿ = ਪਰਮਾਤਮਾ ॥੧॥
ਮੈਂ ਸਮਝਿਆ ਸੀ ਕਿ ਇਹ ਕੋਈ ਵੱਡਾ ਸੰਤ ਹੈ, ਇਸ ਵਾਸਤੇ ਮੈਂ ਇਸ ਨਾਲ ਸਾਥ ਕੀਤਾ ਸੀ।
ਜੇ ਮੈਨੂੰ ਪਤਾ ਹੁੰਦਾ ਕਿ ਇਹ ਵਿਚਾਰਾ ਪਖੰਡੀ ਮਨੁੱਖ ਹੈ ਤਾਂ ਮੈਂ ਮੁੱਢ ਤੋਂ ਹੀ ਇਸ ਦੇ ਪਾਸ ਨਾਹ ਬੈਠਦੀ ॥੨॥
ਬਗੁ = ਬਗੁਲਾ, ਪਖੰਡੀ ਮਨੁੱਖ। ਜਨਮਿ = ਜਨਮ ਤੋਂ ਹੀ, ਮੁੱਢ ਤੋਂ ਹੀ। ਅੰਗੁ ਨ ਦੇਦੀ = ਪਾਸ ਨਾ ਬੈਠਦੀ ॥੨॥
ਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਨੂੰ ਭੀ ਚਾਅ ਕੁੱਦਿਆ,
ਪਰ ਬਗਲੇ ਵਿਚਾਰੇ ਸਿਰ-ਪਰਨੇ ਹੋ ਕੇ ਡੁੱਬ ਕੇ ਮਰ ਗਏ ॥੩॥
ਤਲਿ = ਹੇਠਾਂ। ਸਿਰੁ ਤਲਿ, ਉਪਰਿ ਪਾਉ = ਸਿਰ ਹੇਠਾਂ ਤੇ ਪੈਰ ਉਤਾਂਹ ਨੂੰ, ਸਿਰ-ਪਰਨੇ ਹੋ ਕੇ ॥੩॥
(ਹੇ ਪ੍ਰਭੂ!) ਸੰਸਾਰ ਦਾ ਮੁੱਢ ਤੂੰ ਆਪ ਹੀ ਬਣਾਇਆ, (ਕਿਉਂਕਿ ਇਸ ਤੋਂ ਪਹਿਲਾਂ ਦਾ ਭੀ) ਤੂੰ ਆਪ ਹੀ ਹੈਂ, ਤੂੰ ਆਪ ਹੀ ਹੈਂ।
ਕਾਰਣੁ = ਮੁੱਢ।
ਤੇਰਾ ਕੋਈ ਖ਼ਾਸ ਸਰੂਪ ਨਹੀਂ ਹੈ (ਜੋ ਮੈਂ ਬਿਆਨ ਕਰ ਸਕਾਂ), ਤੇਰੇ ਵਰਗਾ ਕੋਈ ਦੂਜਾ ਨਹੀਂ ਹੈ।
ਨਿਰੰਕਾਰੁ = ਨਿਰ-ਗੁਣ ਰੂਪ, ਜਿਸ ਦਾ ਕੋਈ ਖ਼ਾਸ ਸਰੂਪ ਨਹੀਂ। ਬੀਆ = ਦੂਜਾ।
ਸ੍ਰਿਸ਼ਟੀ ਦੀ ਉਤਪੱਤੀ ਕਰਨ ਦੇ ਤੂੰ ਹੀ ਸਮਰੱਥ ਹੈਂ, ਜੋ ਕੁਝ ਤੂੰ ਕਰਦਾ ਹੈਂ ਉਹੀ ਹੁੰਦਾ ਹੈ।
ਤੂੰ ਸਾਰੇ ਜੀਵਾਂ ਨੂੰ (ਉਹਨਾਂ ਦੇ) ਮੰਗਣ ਤੋਂ ਬਿਨਾ ਹੀ ਸਭ ਦਾਤਾਂ ਦੇ ਰਿਹਾ ਹੈਂ।
ਸਾਰੇ ਆਖੋ! ਸਤਿਗੁਰੂ (ਭੀ) ਧੰਨ ਹੈ ਜਿਸ ਨੇ (ਇਹੋ ਜਿਹੇ) ਪ੍ਰਭੂ ਦੀ ਨਾਮ-ਰੂਪ ਦਾਤ (ਅਸਾਡੇ) ਮੂੰਹ ਵਿਚ ਪਾਈ ਹੈ ॥੧॥
ਵਾਹੁ ਵਾਹੁ = ਧੰਨ ॥੧॥
(ਜਗਤ ਦਾ) ਸਾਰਾ ਆਕਾਰ (ਪ੍ਰਭੂ-ਪ੍ਰਭਾਵ) ਡਰ ਦੇ ਅਧੀਨ ਹੈ, ਇਕ ਉਹ ਪਰਮਾਤਮਾ ਹੀ ਡਰ ਤੋਂ ਰਹਿਤ ਹੈ।
ਜੇ ਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰੀਏ ਤਾਂ (ਉਹ ਡਰ-ਰਹਿਤ) ਪ੍ਰਭੂ ਮਨ ਵਿਚ ਆ ਵੱਸਦਾ ਹੈ, (ਫਿਰ) ਉਸ ਮਨ ਵਿਚ ਕਦੇ (ਕੋਈ) ਡਰ ਨਹੀਂ ਵਿਆਪਦਾ।
ਸਤਿਗੁਰਿ ਸੇਵਿਐ = ਜੇ ਗੁਰੂ ਦੀ ਦੱਸੀ ਕਾਰ ਕਰੀਏ, ਜੇ ਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰੀਏ।
ਕੋਈ ਵੈਰੀ ਉਸ ਦੇ ਨੇੜੇ ਨਹੀਂ ਢੁੱਕਦਾ, ਕੋਈ ਦੁਖ ਉਸ ਨੂੰ ਪੋਹ ਨਹੀਂ ਸਕਦਾ।
ਗੁਰਮੁਖਾਂ ਦੇ ਮਨ ਵਿਚ ਇਹ ਵਿਚਾਰ ਉੱਠਦੀ ਹੈ ਕਿ ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ।
ਗੁਰਮੁਖਿ = ਜੋ ਮਨੁੱਖ ਗੁਰੂ ਦੇ ਰਾਹ ਤੇ ਤੁਰਦਾ ਹੈ, ਗੁਰੂ ਦੇ ਸਨਮੁਖ ਮਨੁੱਖ। ਤਿਸੁ = ਉਸ ਪ੍ਰਭੂ ਨੂੰ।
ਹੇ ਨਾਨਕ! ਅਸਾਡੀ ਲਾਜ ਉਹ ਆਪ ਹੀ ਰੱਖੇਗਾ, (ਅਸਾਡੇ) ਕੰਮ ਉਹ ਆਪ ਹੀ ਸੰਵਾਰਦਾ ਹੈ ॥੧॥
ਕੁਝ ਸੱਜਣ ਜਾਣ ਨੂੰ ਤਿਆਰ ਹਨ, ਕੁਝ ਕੂਚ ਕਰ ਗਏ ਹਨ, ਤੇ ਬਾਕੀ ਦੇ ਭੀ ਚਲੇ ਜਾਣਗੇ (ਭਾਵ, ਜਗਤ ਨਾਸਹੀਣ ਹੈ)।
ਪਰ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਦੱਸੀ ਹੋਈ ਕਾਰ ਨਹੀਂ ਕੀਤੀ, ਉਹ (ਜਗਤ ਵਿਚ) ਆ ਕੇ ਇਥੋਂ ਪਛੁਤਾਉਂਦੇ ਚਲੇ ਜਾਂਦੇ ਹਨ।
ਹੇ ਨਾਨਕ! ਜੋ ਮਨੁੱਖ ਸੱਚੇ ਨਾਮ ਵਿਚ ਰੰਗੇ ਹੋਏ ਹਨ ਉਹ (ਪਰਮਾਤਮਾ ਤੋਂ) ਨਹੀਂ ਵਿਛੜਦੇ, ਉਹ ਗੁਰੂ ਦੀ ਦੱਸੀ ਸੇਵਾ ਕਰ ਕੇ (ਪ੍ਰਭੂ ਵਿਚ) ਜੁੜੇ ਰਹਿੰਦੇ ਹਨ ॥੨॥
ਉਸ ਪਿਆਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ, ਜਿਸ ਦੇ ਹਿਰਦੇ ਵਿਚ ਗੁਣਾਂ ਦਾ ਸੋਮਾ ਪਰਮਾਤਮਾ ਵੱਸ ਰਿਹਾ ਹੈ।
ਉਸ ਪ੍ਰੀਤਮ ਸਤਿਗੁਰੂ ਦੀ ਸਰਨ ਪੈਣਾ ਚਾਹੀਦਾ ਹੈ, ਜਿਸ ਨੇ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਲਿਆ ਹੈ।
ਉਹ ਸਤਿਗੁਰੂ ਧੰਨ ਹੈ ਧੰਨ ਹੈ, ਜਿਸ ਨੇ ਪ੍ਰਭੂ-ਸਿਮਰਨ ਦੀ ਇਹ ਸਿੱਖਿਆ ਦੇ ਕੇ ਸਾਰੀ ਸ੍ਰਿਸ਼ਟੀ ਨੂੰ ਸੋਹਣਾ ਬਣਾ ਦਿੱਤਾ ਹੈ।
ਹੇ ਸੰਤ ਜਨੋਂ! ਸੰਸਾਰ-ਸਮੁੰਦਰ ਦੀ (ਮਾਇਆ-ਰੂਪ) ਜ਼ਹਿਰ ਤੋਂ ਪਾਰ ਲੰਘਾਉਣ ਵਾਲਾ ਹਰਿ-ਨਾਮ ਰੋਜ਼ ਜਪ!
ਭਉਜਲ = ਸੰਸਾਰ-ਸਮੁੰਦਰ। ਬਿਖੁ = ਜ਼ਹਿਰ।
ਆਪਣੇ ਸਤਿਗੁਰੂ ਤੋਂ ਮੈਂ ਸਦਕੇ ਹਾਂ, ਪੂਰੇ ਸਤਿਗੁਰੂ ਨੇ ਮੈਨੂੰ ਪਰਮਾਤਮਾ ਨੇੜੇ ਵਿਖਾ ਦਿੱਤਾ ਹੈ ॥੨॥
ਉਪਦੇਸਿਆ = ਨੇੜੇ ਵਿਖਾਇਆ ਹੈ {ਦਿਸ਼ = ਹੱਥ ਆਦਿਕ ਦੇ ਇਸ਼ਾਰੇ ਨਾਲ ਵਿਖਾਉਣਾ। ਉਪ = ਨੇੜੇ। ਉਪਦਿਸ਼ = ਨੇੜੇ ਵਿਖਾ ਦੇਣਾ} ॥੨॥