ਸ਼ੁੱਕਰਵਾਰ 14 ਨਵੰਬਰ 2025 (28 ਕਤਿਕਿ ਸੰਮਤ 557 ਨਾਨਕਸ਼ਾਹੀ)
ਬਿਹਾਗੜਾ ਮਹਲਾ ੫ ਛੰਤ ॥
ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ ॥
ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ ॥
ਸੰਗਿ ਤੇਰੈ ਕਛੁ ਨ ਚਾਲੈ ਬਿਨਾ ਗੋਬਿੰਦ ਨਾਮਾ ॥
ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ ॥
ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ ॥
ਬਿਨਵੰਤ ਨਾਨਕ ਬਿਨੁ ਸਾਧਸੰਗਮ ਸਭ ਮਿਥਿਆ ਸੰਸਾਰੀ ॥੧॥
ਰਾਜਨ ਕਿਉ ਸੋਇਆ ਤੂ ਨੀਦ ਭਰੇ ਜਾਗਤ ਕਤ ਨਾਹੀ ਰਾਮ ॥
ਮਾਇਆ ਝੂਠੁ ਰੁਦਨੁ ਕੇਤੇ ਬਿਲਲਾਹੀ ਰਾਮ ॥
ਬਿਲਲਾਹਿ ਕੇਤੇ ਮਹਾ ਮੋਹਨ ਬਿਨੁ ਨਾਮ ਹਰਿ ਕੇ ਸੁਖੁ ਨਹੀ ॥
ਸਹਸ ਸਿਆਣਪ ਉਪਾਵ ਥਾਕੇ ਜਹ ਭਾਵਤ ਤਹ ਜਾਹੀ ॥
ਆਦਿ ਅੰਤੇ ਮਧਿ ਪੂਰਨ ਸਰਬਤ੍ਰ ਘਟਿ ਘਟਿ ਆਹੀ ॥
ਬਿਨਵੰਤ ਨਾਨਕ ਜਿਨ ਸਾਧਸੰਗਮੁ ਸੇ ਪਤਿ ਸੇਤੀ ਘਰਿ ਜਾਹੀ ॥੨॥
ਨਰਪਤਿ ਜਾਣਿ ਗ੍ਰਹਿਓ ਸੇਵਕ ਸਿਆਣੇ ਰਾਮ ॥
ਸਰਪਰ ਵੀਛੁੜਣਾ ਮੋਹੇ ਪਛੁਤਾਣੇ ਰਾਮ ॥
ਹਰਿਚੰਦਉਰੀ ਦੇਖਿ ਭੂਲਾ ਕਹਾ ਅਸਥਿਤਿ ਪਾਈਐ ॥
ਬਿਨੁ ਨਾਮ ਹਰਿ ਕੇ ਆਨ ਰਚਨਾ ਅਹਿਲਾ ਜਨਮੁ ਗਵਾਈਐ ॥
ਹਉ ਹਉ ਕਰਤ ਨ ਤ੍ਰਿਸਨ ਬੂਝੈ ਨਹ ਕਾਂਮ ਪੂਰਨ ਗਿਆਨੇ ॥
ਬਿਨਵੰਤਿ ਨਾਨਕ ਬਿਨੁ ਨਾਮ ਹਰਿ ਕੇ ਕੇਤਿਆ ਪਛੁਤਾਨੇ ॥੩॥
ਧਾਰਿ ਅਨੁਗ੍ਰਹੋ ਅਪਨਾ ਕਰਿ ਲੀਨਾ ਰਾਮ ॥
ਭੁਜਾ ਗਹਿ ਕਾਢਿ ਲੀਓ ਸਾਧੂ ਸੰਗੁ ਦੀਨਾ ਰਾਮ ॥
ਸਾਧਸੰਗਮਿ ਹਰਿ ਅਰਾਧੇ ਸਗਲ ਕਲਮਲ ਦੁਖ ਜਲੇ ॥
ਮਹਾ ਧਰਮ ਸੁਦਾਨ ਕਿਰਿਆ ਸੰਗਿ ਤੇਰੈ ਸੇ ਚਲੇ ॥
ਰਸਨਾ ਅਰਾਧੈ ਏਕੁ ਸੁਆਮੀ ਹਰਿ ਨਾਮਿ ਮਨੁ ਤਨੁ ਭੀਨਾ ॥
ਨਾਨਕ ਜਿਸ ਨੋ ਹਰਿ ਮਿਲਾਏ ਸੋ ਸਰਬ ਗੁਣ ਪਰਬੀਨਾ ॥੪॥੬॥੯॥
ਹੇ (ਸਾਰੀਆਂ ਜੂਨਾਂ ਵਿਚੋਂ) ਉੱਤਮ ਫ਼ਰਜ਼ ਵਾਲੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬੋਲ ਬੋਲਿਆ ਕਰ! (ਸਿਫ਼ਤ-ਸਾਲਾਹ ਵਲੋਂ) ਤੂੰ ਕਿਉਂ ਚੁੱਪ ਵੱਟੀ ਹੋਈ ਹੈ?
ਸੁਧਰਮੀੜਿਆ = ਹੇ ਸੁਧਰਮੀ! ਹੇ ਸ੍ਰੇਸ਼ਟ ਧਰਮ ਵਾਲੇ! ਹੇ (ਸਾਰੀਆਂ ਜੂਨਾਂ ਵਿਚੋਂ) ਉੱਤਮ ਫ਼ਰਜ਼ ਵਾਲੇ। ਕਤ = ਕਿਉਂ?
ਆਪਣੀਆਂ ਅੱਖਾਂ ਨਾਲ (ਧਿਆਨ ਨਾਲ) ਵੇਖ; (ਨਿਰਾ) ਮਾਇਆ ਦਾ ਹੀ ਵਿਹਾਰ ਕਰਨ ਵਾਲਾ (ਇਥੋਂ ਖ਼ਾਲੀ ਹੱਥ) ਤੁਰ ਪੈਂਦਾ ਹੈ।
ਨੇਤ੍ਰੀ ਦੇਖਿ = ਅੱਖਾਂ ਨਾਲ ਵੇਖ। ਬਿਉਹਾਰੀ = ਵਿਹਾਰ ਕਰਨ ਵਾਲਾ।
ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ ਨਾਲ ਨਹੀਂ ਜਾ ਸਕਦੀ।
ਸੰਗਿ = ਨਾਲ।
ਦੇਸਾਂ (ਦੇ ਰਾਜ), ਕੱਪੜੇ, ਸੋਨਾ, ਚਾਂਦੀ (-ਇਹਨਾਂ ਦੀ ਖ਼ਾਤਰ ਕੀਤੇ ਹੋਏ) ਸਾਰੇ ਉੱਦਮ ਵਿਅਰਥ ਹੋ ਜਾਂਦੇ ਹਨ।
ਵੇਸ = ਕੱਪੜੇ। ਸੁਵਰਨ = ਸੋਨਾ। ਰੂਪਾ = ਚਾਂਦੀ। ਊਣੇ = ਖ਼ਾਲੀ, ਵਿਅਰਥ।
ਪੁੱਤਰ, ਇਸਤ੍ਰੀ, ਦੁਨੀਆ ਦੀ ਵਡਿਆਈ-ਕੁਝ ਭੀ ਮਨੁੱਖ ਦੇ ਨਾਲ ਨਹੀਂ ਜਾਂਦਾ। ਹਾਥੀ ਘੋੜੇ ਆਦਿਕਾਂ ਦੀ ਲਾਲਸਾ ਭੀ ਵਿਕਾਰਾਂ ਵਲ ਲੈ ਜਾਂਦੀ ਹੈ।
ਕਲਤ੍ਰ = ਇਸਤ੍ਰੀ। ਹਸਤ ਘੋਰਿ = ਹਾਥੀ ਘੋੜੇ। ਵਿਕਾਰੀ = ਵਿਕਾਰਾਂ ਵਲ ਲੈ ਜਾਣ ਵਾਲੇ।
ਨਾਨਕ ਬੇਨਤੀ ਕਰਦਾ ਹੈ ਕਿ ਸਾਧ ਸੰਗਤ ਤੋਂ ਬਿਨਾ ਦੁਨੀਆ ਦੇ ਸਾਰੇ ਉੱਦਮ ਨਾਸਵੰਤ ਹਨ ॥੧॥
ਮਿਥਿਆ = ਨਾਸਵੰਤ। ਸੰਸਾਰੀ = ਸੰਸਾਰ ਦੇ ਉੱਦਮ ॥੧॥
ਹੇ ਧਰਤੀ ਦੇ ਸਰਦਾਰ ਮਨੁੱਖ! ਤੂੰ ਕਿਉਂ ਮਾਇਆ ਦੇ ਮੋਹ ਦੀ ਗੂੜ੍ਹੀ ਨੀਂਦ ਵਿਚ ਸੌਂ ਰਿਹਾ ਹੈਂ? ਤੂੰ ਕਿਉਂ ਸੁਚੇਤ ਨਹੀਂ ਹੁੰਦਾ?
ਰਾਜਨ = ਹੇ ਧਰਤੀ ਦੇ ਸਰਦਾਰ! ਭਰੇ = ਭਰਿ, ਭਰ ਕੇ। ਨੀਦ ਭਰੇ = ਗੂੜ੍ਹੀ ਨੀਂਦ ਵਿਚ। ਕਤ = ਕਿਉਂ?
ਇਸ ਮਾਇਆ ਦੀ ਖ਼ਾਤਰ ਅਨੇਕਾਂ ਹੀ ਮਨੁੱਖ ਝੂਠਾ ਰੋਣ-ਕੁਰਲਾਣ ਕਰਦੇ ਆ ਰਹੇ ਹਨ, ਵਿਲਕਦੇ ਆ ਰਹੇ ਹਨ।
ਰੁਦਨੁ = ਰੋਣ-ਕੁਰਲਾਣ, ਤਰਲਾ। ਕੇਤੇ = ਕਿਤਨੇ ਹੀ, ਬੇਅੰਤ ਜੀਵ।
ਬੇਅੰਤ ਪ੍ਰਾਣੀ ਇਸ ਡਾਢੀ ਮਨ-ਮੋਹਣੀ ਮਾਇਆ ਦੀ ਖ਼ਾਤਰ ਤਰਲੇ ਲੈਂਦੇ ਆ ਰਹੇ ਹਨ ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਸੁਖ (ਕਿਸੇ ਨੂੰ) ਨਹੀਂ ਲੱਭਾ।
ਬਿਲਲਾਹੀ = ਬਿਲਲਾਹਿ, ਵਿਲਕਦੇ ਹਨ। ਮਹਾ ਮੋਹਨ = ਡਾਢੀ ਮਨ-ਮੋਹਣੀ ਮਾਇਆ ਦੀ ਖ਼ਾਤਰ।
ਜੀਵ ਹਜ਼ਾਰਾਂ ਚਤੁਰਾਈਆਂ ਹਜ਼ਾਰਾਂ ਹੀਲੇ ਕਰਦੇ ਥੱਕ ਜਾਂਦੇ ਹਨ ਪਰ ਜਿਧਰ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਉਧਰ ਹੀ ਜੀਵ ਜਾ ਸਕਦੇ ਹਨ।
ਸਹਸ = ਹਜ਼ਾਰਾਂ। ਉਪਾਵ = (ਲਫ਼ਜ਼ ‘ਉਪਾਉ’ ਤੋਂ ਬਹੁ-ਵਚਨ)। ਭਾਵਤ = (ਪ੍ਰਭੂ ਨੂੰ) ਚੰਗਾ ਲੱਗਦਾ ਹੈ। ਜਾਹੀ = ਜਾਹਿ, ਜਾਂਦੇ ਹਨ।
ਉਹ ਪਰਮਾਤਮਾ ਸਦਾ ਲਈ ਹੀ ਸਰਬ-ਵਿਆਪਕ ਹੈ, ਹਰ ਥਾਂ ਮੌਜੂਦ ਹੈ, ਹਰੇਕ ਸਰੀਰ ਵਿਚ ਹੈ।
ਆਦਿ ਅੰਤੇ ਮਧਿ = ਸ਼ੁਰੂ ਵਿਚ, ਅਖ਼ੀਰ ਵਿਚ, ਵਿਚਕਾਰਲੇ ਸਮੇ ਵਿਚ, ਸਦਾ ਹੀ। ਪੂਰਨ = ਵਿਆਪਕ। ਸਰਬਤ੍ਰ = ਹਰ ਥਾਂ। ਘਟਿ ਘਟਿ = ਹਰੇਕ ਸਰੀਰ ਵਿਚ। ਆਹੀ = ਹੈ।
ਨਾਨਕ ਬੇਨਤੀ ਕਰਦਾ ਹੈ ਕਿ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ ਉਹ (ਇਥੋਂ) ਇੱਜ਼ਤ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਜਾਂਦੇ ਹਨ ॥੨॥
ਸੰਗਮੁ = ਮਿਲਾਪ। ਸਾਧ-ਸੰਗਮੁ = ਗੁਰੂ ਦਾ ਮਿਲਾਪ। ਪਤਿ = ਇੱਜ਼ਤ। ਸੇਤੀ = ਨਾਲ। ਘਰਿ = ਘਰ ਵਿਚ, ਪ੍ਰਭੂ-ਚਰਨਾਂ ਵਿਚ ॥੨॥
ਰਾਜਾ ਵੀ ਸਿਆਣੇ ਸੇਵਕਾਂ ਨੂੰ (ਆਪਣੇ) ਜਾਣ ਕੇ (ਰਾਜ ਦੇ ਮੋਹ ਵਿਚ) ਫਸ ਜਾਂਦਾ ਹੈ।
ਨਰਪਤਿ = ਰਾਜਾ। ਜਾਣਿ = ਜਾਣ ਕੇ, ਸਮਝ ਕੇ। ਗ੍ਰਹਿਓ = (ਮੋਹ ਵਿਚ) ਫਸ ਜਾਂਦਾ ਹੈ।
ਪਰ (ਦੁਨੀਆ ਦੇ ਪਦਾਰਥਾਂ ਨਾਲੋਂ) ਜ਼ਰੂਰ ਵਿਛੁੜ ਜਾਣਾ ਹੈ, ਜੋ ਮੋਹ ਵਿਚ ਫਸਦੇ ਹਨ, ਉਹ ਆਖ਼ਰ ਹੱਥ ਮਲਦੇ ਰਹਿ ਜਾਂਦੇ ਹਨ।
ਸਰਪਰ = ਜ਼ਰੂਰ। ਮੋਹੇ = (ਜਿਹੜੇ) ਮੋਹ ਵਿਚ ਫਸਦੇ ਹਨ।
ਮਨੁੱਖ ਆਕਾਸ਼ ਵਿਚ ਦੇ ਖ਼ਿਆਲੀ ਸ਼ਹਰ ਵਰਗੇ ਜਗਤ ਨੂੰ ਵੇਖ ਕੇ ਕੁਰਾਹੇ ਪੈ ਜਾਂਦਾ ਹੈ, ਪਰ ਇਥੇ ਕਿਤੇ ਭੀ ਸਦਾ ਦਾ ਟਿਕਾਣਾ ਨਹੀਂ ਮਿਲ ਸਕਦਾ।
ਹਰਿਚੰਦਉਰੀ = ਹਰਿਚੰਦ-ਨਗਰੀ, ਗੰਧਰਬ-ਨਗਰੀ, ਆਕਾਸ਼ ਵਿਚ ਖ਼ਿਆਲੀ ਨਗਰੀ। ਦੇਖਿ = ਵੇਖ ਕੇ। ਕਹਾ = ਕਿੱਥੇ? ਅਸਥਿਤਿ = ਪੱਕਾ ਟਿਕਾਣਾ।
ਪਰਮਾਤਮਾ ਦੇ ਨਾਮ ਤੋਂ ਖੁੰਝ ਕੇ, ਜਗਤ-ਚਰਨਾ ਦੇ ਹੋਰ ਹੋਰ ਪਦਾਰਥਾਂ ਵਿਚ ਫਸ ਕੇ ਸ੍ਰੇਸ਼ਟ ਮਨੁੱਖਾ ਜਨਮ ਗਵਾ ਲਈਦਾ ਹੈ।
ਕਿਤੇ ਭੀ ਨਹੀਂ। ਆਨ = ਹੋਰ। ਅਹਿਲਾ = ਆਹਲਾ, ਉੱਤਮ। ਗਵਾਈਐ = ਗਵਾ ਲਈਦਾ ਹੈ।
ਮੈਂ ਮੈਂ ਕਰਦਿਆਂ ਕਦੇ ਮਾਇਆ ਦੀ ਤ੍ਰਿਸ਼ਨਾ ਮੁੱਕਦੀ ਨਹੀਂ, ਤੇ ਮਨੁੱਖਾ ਜਨਮ ਦਾ ਮਨੋਰਥ ਅਤੇ ਆਤਮਕ ਜੀਵਨ ਦੀ ਸੂਝ ਹਾਸਲ ਨਹੀਂ ਹੁੰਦੇ।
ਹਉ ਹਉ = ਮੈਂ (ਵੱਡਾ ਬਣ ਜਾਵਾਂ), ਮੈਂ (ਵੱਡਾ ਬਣ ਜਾਵਾਂ)। ਕਾਂਮ = ਮਨੁੱਖਾ ਜਨਮ ਦਾ ਮਨੋਰਥ। ਗਿਆਨੇ = ਆਤਮਕ ਜੀਵਨ ਦੀ ਸਮਝ।
ਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਅਨੇਕਾਂ ਜੀਵ ਹੱਥ ਮਲਦੇ ਜਾਂਦੇ ਹਨ ॥੩॥
ਕੇਤਿਆ = ਅਨੇਕਾਂ ਹੀ ॥੩॥
ਪਰਮਾਤਮਾ ਦਇਆ ਕਰ ਕੇ ਆਪਣਾ ਬਣਾ ਲੈਂਦਾ ਹੈ,
ਅਨੁਗ੍ਰਹੋ = ਅਨੁਗ੍ਰਹੁ, ਦਇਆ।
ਤੇ ਉਸ ਨੂੰ ਬਾਹੋਂ ਫੜ ਕੇ (ਮੋਹ ਦੇ ਖੂਹ ਵਿਚੋਂ) ਕੱਢ ਲੈਂਦਾ ਹੈ ਤੇ ਉਸ ਨੂੰ ਗੁਰੂ ਦਾ ਮਿਲਾਪ ਬਖ਼ਸ਼ਦਾ ਹੈ।
ਭੁਜਾ = ਬਾਂਹ। ਗਹਿ = ਫੜ ਕੇ। ਸਾਧੂ ਸੰਗੁ = ਗੁਰੂ ਦਾ ਮਿਲਾਪ।
ਜੋ ਗੁਰੂ ਦੀ ਸੰਗਤ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਦੇ ਸਾਰੇ ਪਾਪ ਸਾਰੇ ਦੁੱਖ ਸੜ ਜਾਂਦੇ ਹਨ।
ਸੰਗਮਿ = ਸੰਗਤ ਵਿਚ। ਕਲਮਲ = ਪਾਪ।
ਸਭ ਤੋਂ ਵੱਡਾ ਧਰਮ ਤੇ ਦਾਨ ਹੈ ਨਾਮ-ਜਪਣ ਦਾ ਤੇ ਇਹੀ ਕੰਮ ਤੇਰੇ ਨਾਲ ਜਾ ਸਕਦੇ ਹਨ।
ਮਹਾ ਧਰਮ = ਨਾਮ-ਧਰਮ। ਦਾਨ ਕਿਰਿਆ = ਨਾਮ-ਦਾਨ ਦੀ ਕਿਰਿਆ। ਸੇ = ਇਹੀ {ਬਹੁ-ਵਚਨ}।
ਜੋ ਭੀ ਜੀਭ ਨਾਲ ਇਕ ਮਾਲਕ-ਪ੍ਰਭੂ ਦਾ ਆਰਾਧਨ ਕਰਦਾ ਰਹਿੰਦਾ ਹੈ ਉਸ ਦਾ ਮਨ ਤੇ ਹਿਰਦਾ ਨਾਮ-ਜਲ ਵਿਚ ਤਰੋ-ਤਰ ਹੋ ਜਾਂਦਾ ਹੈ।
ਰਸਨਾ = ਜੀਭ (ਨਾਲ)। ਨਾਮਿ = ਨਾਮ ਨਾਲ। ਭੀਨਾ = ਭਿੱਜ ਜਾਂਦਾ ਹੈ।
ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਉਹ ਸਾਰੇ ਗੁਣਾਂ ਵਿਚ ਸਿਆਣਾ ਹੋ ਜਾਂਦਾ ਹੈ ॥੪॥੬॥੯॥
ਪਰਬੀਨਾ = ਸਿਆਣਾ ॥੪॥੬॥੯॥