ਸਨਿੱਚਰਵਾਰ 11 ਨਵੰਬਰ 2017 (26 ਕੱਤਕ ਸੰਮਤ 549 ਨਾਨਕਸ਼ਾਹੀ)
ਬਿਲਾਵਲੁ ਮਹਲਾ ੫ ॥ ਕਵਨੁ ਜਾਨੈ ਪ੍ਰਭ ਤੁਮ੍ਹ੍ਹਰੀ ਸੇਵਾ ॥ ਪ੍ਰਭ ਅਵਿਨਾਸੀ ਅਲਖ ਅਭੇਵਾ ॥੧॥ ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ ॥ ਊਚ ਮਹਲ ਸੁਆਮੀ ਪ੍ਰਭ ਮੇਰੇ ॥ ਤੂ ਅਪਰੰਪਰ ਠਾਕੁਰ ਮੇਰੇ ॥੧॥ ਰਹਾਉ ॥ਏਕਸ ਬਿਨੁ ਨਾਹੀ ਕੋ ਦੂਜਾ ॥ ਤੁਮ੍ਹ੍ਹ ਹੀ ਜਾਨਹੁ ਅਪਨੀ ਪੂਜਾ ॥੨॥ ਆਪਹੁ ਕਛੂ ਨ ਹੋਵਤ ਭਾਈ ॥ ਜਿਸੁ ਪ੍ਰਭੁ ਦੇਵੈ ਸੋ ਨਾਮੁ ਪਾਈ ॥੩॥ ਕਹੁ ਨਾਨਕ ਜੋ ਜਨੁ ਪ੍ਰਭ ਭਾਇਆ ॥ ਗੁਣ ਨਿਧਾਨ ਪ੍ਰਭੁ ਤਿਨ ਹੀ ਪਾਇਆ ॥੪॥੧੦॥੧੫॥ {ਅੰਗ 805}
ਅਰਥ: ਹੇ ਡੂੰਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਹੇ ਮੇਰੇ ਮਾਲਕ ਪ੍ਰਭੂ! ਹੇ ਮੇਰੇ ਠਾਕੁਰ! ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ, ਜਿਨ੍ਹਾਂ ਆਤਮਕ ਮੰਡਲਾਂ ਵਿਚ ਤੂੰ ਰਹਿੰਦਾ ਹੈਂ ਉਹ ਬਹੁਤ ਉੱਚੇ ਹਨ, ਤੂੰ ਪਰੇ ਤੋਂ ਪਰੇ ਹੈਂ।੧।ਰਹਾਉ।ਹੇ ਨਾਸ-ਰਹਿਤ ਪ੍ਰਭੂ! ਹੇ ਅਦ੍ਰਿਸ਼ਟ ਪ੍ਰਭੂ! ਹੇ ਅਭੇਵ ਪ੍ਰਭੂ! (ਆਪਣੀ ਅਕਲ ਦੇ ਬਲ) ਕੋਈ ਮਨੁੱਖ ਤੇਰੀ ਸੇਵਾ-ਭਗਤੀ ਕਰਨੀ ਨਹੀਂ ਜਾਣਦਾ।੧।ਹੇ ਪ੍ਰਭੂ! ਤੈਥੋਂ ਇੱਕ ਤੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ। ਆਪਣੀ ਭਗਤੀ (ਕਰਨ ਦਾ ਢੰਗ) ਤੂੰ ਆਪ ਹੀ ਜਾਣਦਾ ਹੈਂ।੨।ਹੇ ਭਾਈ! ਜੀਵਾਂ ਪਾਸੋਂ) ਆਪਣੇ ਬਲ ਨਾਲ (ਪ੍ਰਭੂ ਦੀ ਭਗਤੀ) ਰਤਾ ਭਰ ਭੀ ਨਹੀਂ ਹੋ ਸਕਦੀ। ਉਹੀ ਮਨੁੱਖ ਹਰਿ-ਨਾਮ ਦੀ ਦਾਤਿ ਹਾਸਲ ਕਰਦਾ ਹੈ ਜਿਸ ਨੂੰ ਪ੍ਰਭੂ (ਆਪ) ਦੇਂਦਾ ਹੈ।੩।ਹੇ ਨਾਨਕ! ਆਖ-ਜੇਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸੇ ਨੇ ਹੀ ਗੁਣਾਂ ਦੇ ਖ਼ਜ਼ਾਨੇ ਪ੍ਰਭੂ (ਦਾ ਮਿਲਾਪ) ਪ੍ਰਾਪਤ ਕੀਤਾ ਹੈ।੪।੧੦।੧੫।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥