ਸ਼ਨੀਵਾਰ 20 ਜੂਨ 2015 (6 ਹਾੜ ਸੰਮਤ 547 ਨਾਨਕਸ਼ਾਹੀ)

97
Today's Mukhwak from G.Damdama Sahib Thatta

Huqam

ਸੋਰਠਿ ਮਹਲਾ ੩ ਚੌਤੁਕੇ ॥ ਸਚੀ ਭਗਤਿ ਸਤਿਗੁਰ ਤੇ ਹੋਵੈ ਸਚੀ ਹਿਰਦੈ ਬਾਣੀ ॥ ਸਤਿਗੁਰੁ ਸੇਵੇ ਸਦਾ ਸੁਖੁ ਪਾਏ ਹਉਮੈ ਸਬਦਿ ਸਮਾਣੀ ॥ ਬਿਨੁ ਗੁਰ ਸਾਚੇ ਭਗਤਿ ਨ ਹੋਵੀ ਹੋਰ ਭੂਲੀ ਫਿਰੈ ਇਆਣੀ ॥ ਮਨਮੁਖਿ ਫਿਰਹਿ ਸਦਾ ਦੁਖੁ ਪਾਵਹਿ ਡੂਬਿ ਮੁਏ ਵਿਣੁ ਪਾਣੀ ॥੧॥ ਭਾਈ ਰੇ ਸਦਾ ਰਹਹੁ ਸਰਣਾਈ ॥ ਆਪਣੀ ਨਦਰਿ ਕਰੇ ਪਤਿ ਰਾਖੈ ਹਰਿ ਨਾਮੋ ਦੇ ਵਡਿਆਈ ॥ ਰਹਾਉ ॥ ਪੂਰੇ ਗੁਰ ਤੇ ਆਪੁ ਪਛਾਤਾ ਸਬਦਿ ਸਚੈ ਵੀਚਾਰਾ ॥ ਹਿਰਦੈ ਜਗਜੀਵਨੁ ਸਦ ਵਸਿਆ ਤਜਿ ਕਾਮੁ ਕ੍ਰੋਧੁ ਅਹੰਕਾਰਾ ॥ ਸਦਾ ਹਜੂਰਿ ਰਵਿਆ ਸਭ ਠਾਈ ਹਿਰਦੈ ਨਾਮੁ ਅਪਾਰਾ ॥ ਜੁਗਿ ਜੁਗਿ ਬਾਣੀ ਸਬਦਿ ਪਛਾਣੀ ਨਾਉ ਮੀਠਾ ਮਨਹਿ ਪਿਆਰਾ ॥੨॥ ਸਤਿਗੁਰੁ ਸੇਵਿ ਜਿਨਿ ਨਾਮੁ ਪਛਾਤਾ ਸਫਲ ਜਨਮੁ ਜਗਿ ਆਇਆ ॥ ਹਰਿ ਰਸੁ ਚਾਖਿ ਸਦਾ ਮਨੁ ਤ੍ਰਿਪਤਿਆ ਗੁਣ ਗਾਵੈ ਗੁਣੀ ਅਘਾਇਆ ॥ ਕਮਲੁ ਪ੍ਰਗਾਸਿ ਸਦਾ ਰੰਗਿ ਰਾਤਾ ਅਨਹਦ ਸਬਦੁ ਵਜਾਇਆ ॥ ਤਨੁ ਮਨੁ ਨਿਰਮਲੁ ਨਿਰਮਲ ਬਾਣੀ ਸਚੇ ਸਚਿ ਸਮਾਇਆ ॥੩॥ ਰਾਮ ਨਾਮ ਕੀ ਗਤਿ ਕੋਇ ਨ ਬੂਝੈ ਗੁਰਮਤਿ ਰਿਦੈ ਸਮਾਈ ॥ ਗੁਰਮੁਖਿ ਹੋਵੈ ਸੁ ਮਗੁ ਪਛਾਣੈ ਹਰਿ ਰਸਿ ਰਸਨ ਰਸਾਈ ॥ ਜਪੁ ਤਪੁ ਸੰਜਮੁ ਸਭੁ ਗੁਰ ਤੇ ਹੋਵੈ ਹਿਰਦੈ ਨਾਮੁ ਵਸਾਈ ॥ ਨਾਨਕ ਨਾਮੁ ਸਮਾਲਹਿ ਸੇ ਜਨ ਸੋਹਨਿ ਦਰਿ ਸਾਚੈ ਪਤਿ ਪਾਈ ॥੪॥੭॥ {ਅੰਗ 602}

ਅਰਥ: ਹੇ ਭਾਈ! ਸਦਾ ਗੁਰੂ ਦੀ ਸਰਨ ਟਿਕਿਆ ਰਹੁ। (ਜੇਹੜਾ ਮਨੁੱਖ ਗੁਰੂ ਦੀ ਸਰਨ ਪਿਆ ਰਹਿੰਦਾ ਹੈ, ਉਸ ਉਤੇ ਗੁਰੂ) ਆਪਣੀ ਮੇਹਰ ਦੀ ਨਿਗਾਹ ਕਰਦਾ ਹੈ; ਉਸ ਦੀ ਇੱਜ਼ਤ ਰੱਖਦਾ ਹੈ, ਉਸ ਨੂੰ ਪ੍ਰਭੂ ਦਾ ਨਾਮ ਬਖ਼ਸ਼ਦਾ ਹੈ (ਜੋ ਇਕ ਵੱਡੀ) ਇੱਜ਼ਤ ਹੈ।ਰਹਾਉ। ਹੇ ਭਾਈ! ਗੁਰੂ ਦੀ ਰਾਹੀਂ ਸਦਾਥਿਰ ਪ੍ਰਭੂ ਦੀ ਭਗਤੀ ਹੋ ਸਕਦੀ ਹੈ, ਸਦਾਥਿਰ ਪ੍ਰਭੂ ਦੀ ਸਿਫ਼ਤਿਸਾਲਾਹ ਦੀ ਬਾਣੀ ਹਿਰਦੇ ਵਿਚ ਟਿਕ ਜਾਂਦੀ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਸਦਾ ਸੁਖ ਮਾਣਦਾ ਹੈ, ਉਸ ਦੀ ਹਉਮੈ ਗੁਰੂ ਦੇ ਸ਼ਬਦ ਵਿਚ ਹੀ ਮੁੱਕ ਜਾਂਦੀ ਹੈ। ਸੱਚੇ ਗੁਰੂ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ, ਜੇਹੜੀ ਅੰਞਾਣ ਲੁਕਾਈ ਗੁਰੂ ਦੇ ਦਰ ਤੇ ਨਹੀਂ ਆਉਂਦੀ, ਉਹ ਕੁਰਾਹੇ ਪਈ ਰਹਿੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਦੇ ਫਿਰਦੇ ਹਨ, ਸਦਾ ਦੁੱਖ ਪਾਂਦੇ ਹਨ; ਉਹ, ਮਾਨੋ, ਪਾਣੀ ਤੋਂ ਬਿਨਾ ਹੀ ਡੁੱਬ ਮਰਦੇ ਹਨ।੧। ਜਿਸ ਮਨੁੱਖ ਨੇ ਪੂਰੇ ਗੁਰੂ ਦੀ ਰਾਹੀਂ ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦਿੱਤਾ, ਉਸ ਨੇ ਸਦਾਥਿਰ ਪ੍ਰਭੂ ਦੀ ਸਿਫ਼ਤਿਸਾਲਾਹ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਗੁਣਾਂ ਨੂੰ ਵਿਚਾਰਨਾ ਸ਼ੁਰੂ ਕਰ ਦਿੱਤਾ। ਕਾਮ ਕ੍ਰੋਧ ਅਹੰਕਾਰ(ਆਦਿਕ ਵਿਕਾਰ) ਤਿਆਗਣ ਨਾਲ ਉਸ ਦੇ ਹਿਰਦੇ ਵਿਚ ਜਗਤ ਦਾ ਜੀਵਨ ਪ੍ਰਭੂ ਸਦਾ ਲਈ ਆ ਵੱਸਿਆ। ਬੇਅੰਤ ਪ੍ਰਭੂ ਦਾ ਨਾਮ ਉਸ ਦੇ ਹਿਰਦੇ ਵਿਚ ਆ ਵੱਸਣ ਕਰਕੇ ਪ੍ਰਭੂ ਉਸ ਨੂੰ ਹਰ ਵੇਲੇ ਅੰਗਸੰਗ ਵੱਸਦਾ ਦਿੱਸ ਪਿਆ, ਸਭ ਥਾਵਾਂ ਵਿਚ ਮੌਜੂਦ ਦਿੱਸ ਪਿਆ। ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਇਹ ਪਛਾਣ ਆ ਗਈ ਕਿ (ਪਰਮਾਤਮਾ ਨਾਲ ਮਿਲਾਪ ਦਾ ਵਸੀਲਾ) ਹਰੇਕ ਜੁਗ ਵਿਚ ਗੁਰੂ ਦੀ ਬਾਣੀ ਹੀ ਹੈ, ਪਰਮਾਤਮਾ ਦਾ ਨਾਮ ਉਸ ਨੂੰ ਆਪਣੇ ਮਨ ਵਿਚ ਪਿਆਰਾ ਲੱਗਣ ਲੱਗ ਪਿਆ।੨। ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਪਾ ਲਈ, ਜਗਤ ਵਿਚ ਆ ਕੇ ਉਸਦੀ ਜ਼ਿੰਦਗੀ ਕਾਮਯਾਬ ਹੋ ਗਈ। ਪਰਮਾਤਮਾ ਦੇ ਨਾਮ ਸੁਆਦ ਚੱਖ ਕੇ ਉਸ ਦਾ ਮਨ ਸਦਾ ਲਈ ਤ੍ਰਿਪਤ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਤੇ, ਗੁਣਾਂ ਦੀ ਰਾਹੀਂ ਮਾਇਆ ਵਲੋਂ ਰੱਜ ਜਾਂਦਾ ਹੈ। ਉਸ ਦਾ ਹਿਰਦਾਕਮਲ ਖਿੜ ਕੇ ਸਦਾ ਪ੍ਰਭੂ ਦੇ ਪ੍ਰੇਮਰੰਗ ਵਿਚ ਰੰਗਿਆ ਰਹਿੰਦਾ ਹੈ, ਉਹ (ਆਪਣੇ ਹਿਰਦੇ ਵਿਚ) ਇਕਰਸ ਗੁਰਸ਼ਬਦ (ਦਾ ਵਾਜਾ) ਵਜਾਂਦਾ ਰਹਿੰਦਾ ਹੈ। ਪਵਿਤ੍ਰ ਬਾਣੀ ਦੀ ਬਰਕਤਿ ਨਾਲ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ, ਉਹ ਸਦਾਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ।੩। ਕੋਈ ਮਨੁੱਖ ਨਹੀਂ ਸਮਝ ਸਕਦਾ ਕਿ ਪਰਮਾਤਮਾ ਦੇ ਨਾਮ ਨਾਲ ਕਿਤਨੀ ਕੁ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ (ਉਂਞ) ਗੁਰੂ ਦੀ ਮਤਿ ਲਿਆਂ ਨਾਮ (ਮਨੁੱਖ ਦੇ) ਹਿਰਦੇ ਵਿਚ ਆ ਵੱਸਦਾ ਹੈ। ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਜਾਂਦਾ ਹੈ ਉਹ (ਪਰਮਾਤਮਾ ਦੇ ਮਿਲਾਪ ਦਾ) ਰਸਤਾ ਪਛਾਣ ਲੈਂਦਾ ਹੈ, ਉਸ ਦੀ ਜੀਭ ਨਾਮਰਸ ਨਾਲ ਰਸ ਬਣ ਜਾਂਦੀ ਹੈ। ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਹਿਰਦੇ ਵਿਚ ਆ ਵੱਸਦਾ ਹੈਇਹੀ ਹੈ ਜਪ, ਇਹੀ ਹੈ ਤਪ, ਇਹੀ ਹੈ ਸੰਜਮ। ਹੇ ਨਾਨਕ!ਜੇਹੜੇ ਮਨੁੱਖ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾਈ ਰੱਖਦੇ ਹਨ, ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ, ਸਦਾਥਿਰ ਪ੍ਰਭੂ ਦੇ ਦਰ ਤੇ ਉਹਨਾਂ ਨੂੰ ਇੱਜ਼ਤ ਮਿਲਦੀ ਹੈ।੪।੭।

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
for more details, please visit www.thatta.in
ਪੰਜਾਬ ਦੇ ਕਿਸੇ ਪਿੰਡ ਦੀ ਪੰਜਾਬੀ ਭਾਸ਼ਾ ਵਿੱਚ ਬਣੀ ਹੋਈ ਪਹਿਲੀ ਵੈਬਸਾਈਟ।
Whatsapp alerts +91-98728-98928