ਸਨਿੱਚਰਵਾਰ 15 ਦਸੰਬਰ 2018 (30 ਮੱਘਰ ਸੰਮਤ 550 ਨਾਨਕਸ਼ਾਹੀ)
ਸੂਹੀ ਮਹਲਾ ੪ ॥ ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥ ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ॥ ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ॥ ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ॥ ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥੧॥ {ਅੰਗ 773}
ਪਦਅਰਥ: ਹਰਿ ਪਹਿਲੜੀ ਲਾਵ = ਪ੍ਰਭੂ = ਪਤੀ ਨਾਲ (ਜੀਵ = ਇਸਤ੍ਰੀ ਦੇ ਵਿਆਹ ਦੀ) ਇਹ ਪਹਿਲੀ ਸੋਹਣੀ ਲਾਵ ਹੈ। ਪਰਵਿਰਤੀ ਕਰਮ = ਪਰਮਾਤਮਾ ਦਾ ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ। ਦ੍ਰਿੜਾਇਆ = (ਗੁਰੂ ਨੇ) ਨਿਸ਼ਚੇ ਕਰਾਇਆ ਹੈ। ਬਾਣੀ = ਗੁਰੂ ਦੀ ਬਾਣੀ। ਦ੍ਰਿੜਹੁ = ਹਿਰਦੇ ਵਿਚ ਪੱਕਾ ਕਰੋ। ਤਜਾਇਆ = ਤਜੇ ਜਾਂਦੇ ਹਨ। ਸਿਮ੍ਰਿਤਿ ਨਾਮੁ ਦ੍ਰਿੜਾਇਆ = ਗੁਰੂ ਨੇ ਜੋ ਹਰਿ = ਨਾਮ = ਸਿਮਰਨ ਦੀ ਤਾਕੀਦ ਕੀਤੀ ਹੈ– ਇਹੀ ਸਿੱਖ ਵਾਸਤੇ ਸਿਮ੍ਰਿਤਿ (ਦਾ ਉਪਦੇਸ਼) ਹੈ। ਸਭਿ = ਸਾਰੇ। ਕਿਲਵਿਖ = ਪਾਪ। ਸਹਜ ਅਨੰਦੁ = ਆਤਮਕ ਅਡੋਲਤਾ ਦਾ ਸੁਖ। ਮਨਿ = ਮਨ ਵਿਚ। ਆਰੰਭੁ = ਮੁੱਢ। ਕਾਜੁ = ਵਿਆਹ।੧।
ਅਰਥ: ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮਿਹਰ ਨਾਲ ਗੁਰੂ ਨੇ ਸਿੱਖ ਨੂੰ) ਹਰਿ-ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ ਨਿਸ਼ਚੇ ਕਰਾਇਆ ਹੈ (ਤਾਕੀਦ ਕੀਤੀ ਹੈ। ਇਹੀ ਹੈ ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਪਹਿਲੀ ਸੋਹਣੀ ਲਾਂਵ। ਹੇ ਭਾਈ! ਗੁਰੂ ਦੀ ਬਾਣੀ ਹੀ (ਸਿੱਖ ਵਾਸਤੇ) ਬ੍ਰਹਮਾ ਦਾ ਵੇਦ ਹੈ। ਇਸ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਨ ਦਾ) ਧਰਮ (ਆਪਣੇ ਹਿਰਦੇ ਵਿਚ) ਪੱਕਾ ਕਰੋ (ਨਾਮ ਸਿਮਰਿਆਂ ਸਾਰੇ) ਪਾਪ ਦੂਰ ਹੋ ਜਾਂਦੇ ਹਨ। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦੇ ਰਹੋ, (ਮਨੁੱਖਾ ਜੀਵਨ ਦਾ ਇਹ) ਧਰਮ (ਆਪਣੇ ਅੰਦਰ) ਪੱਕਾ ਕਰ ਲਵੋ। ਗੁਰੂ ਨੇ ਜੋ ਨਾਮ ਸਿਮਰਨ ਦੀ ਤਾਕੀਦ ਕੀਤੀ ਹੈ, ਇਹੀ ਸਿੱਖ ਵਾਸਤੇ ਸਿਮ੍ਰਿਤਿ (ਦਾ ਉਪਦੇਸ਼) ਹੈ। ਹੇ ਭਾਈ! ਪੂਰੇ ਗੁਰੂ (ਦੇ ਇਸ ਉਪਦੇਸ਼ ਨੂੰ) ਹਰ ਵੇਲੇ ਚੇਤੇ ਰੱਖੋ, ਸਾਰੇ ਪਾਪ ਵਿਕਾਰ (ਇਸ ਦੀ ਬਰਕਤਿ ਨਾਲ) ਦੂਰ ਹੋ ਜਾਂਦੇ ਹਨ।
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਵੱਡੇ ਭਾਗਾਂ ਵਾਲੇ ਨੂੰ ਆਤਮਕ ਅਡੋਲਤਾ ਦਾ ਸੁਖ ਮਿਲਿਆ ਰਹਿੰਦਾ ਹੈ। ਦਾਸ ਨਾਨਕ ਆਖਦਾ ਹੈ-ਪਰਮਾਤਮਾ ਦਾ ਨਾਮ ਜਪਣਾ ਹੀ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਪਹਿਲੀ ਲਾਂਵ ਹੈ। ਹਰਿ-ਨਾਮ ਸਿਮਰਨ ਤੋਂ ਹੀ (ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ) ਵਿਆਹ (ਦਾ) ਮੁੱਢ ਬੱਝਦਾ ਹੈ।੧।
ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ॥ ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ॥ ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥ ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ॥ ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ ॥ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ॥੨॥ {ਪੰਨਾ 774}
ਪਦਅਰਥ: ਹਰਿ ਦੂਜੜੀ ਲਾਵ = ਪ੍ਰਭੂ = ਪਤੀ (ਜੀਵ = ਇਸਤ੍ਰੀ ਦੇ ਵਿਆਹ ਦੀ) ਦੂਜੀ ਸੋਹਣੀ ਲਾਂਵ। ਸਤਿਗੁਰੁ ਪੁਰਖੁ ਮਿਲਾਇਆ = (ਪ੍ਰਭੂ ਨੇ ਜੀਵ = ਇਸਤ੍ਰੀ ਨੂੰ) ਗੁਰੂ ਮਹਾ ਪੁਰਖ ਮਿਲਾ ਦਿੱਤਾ। ਬਲਿ ਰਾਮ ਜੀਉ = ਹੇ ਰਾਮ ਜੀ! ਤੈਥੋਂ ਸਦਕੇ ਹਾਂ। ਭੈ = (ਦੁਨੀਆ ਦੇ) ਸਾਰੇ ਡਰਾਂ ਤੋਂ। ਨਿਰਭਉ = ਨਿਡਰ। ਹੋਇ = ਹੋ ਜਾਂਦਾ ਹੈ। ਗਵਾਇਆ = (ਗੁਰੂ) ਦੂਰ ਕਰ ਦੇਂਦਾ ਹੈ। ਭਉ = ਡਰ। ਨਿਰਮਲੁ ਭਉ = ਪਵਿੱਤਰ ਡਰ, ਅਦਬ = ਸਤਕਾਰ। ਵੇਖੈ = ਵੇਖਦੀ ਹੈ। ਹਦੂਰੇ = ਹਾਜ਼ਰ = ਨਾਜ਼ਰ, ਅੰਗ = ਸੰਗ। ਆਤਮ ਰਾਮੁ ਪਸਾਰਿਆ = ਪ੍ਰਭੂ ਆਪਣੇ ਆਪੇ ਦਾ ਪਸਾਰਾ ਪਸਾਰ ਰਿਹਾ ਹੈ! ਸਰਬ = ਸਭ ਜੀਵਾਂ ਵਿਚ। ਭਰਪੂਰੇ = ਵਿਆਪਕ। ਏਕੋ = ਇੱਕ ਹੀ। ਮਿਲਿ ਹਰਿ ਜਨ = ਸੰਤ ਜਨਾਂ ਨਾਲ ਮਿਲ ਕੇ, ਸਾਧ ਸੰਗਤਿ ਵਿਚ ਮਿਲ ਕੇ। ਮੰਗਲ = ਸਿਫ਼ਤਿ-ਸਾਲਾਹ ਦੇ ਗੀਤ। ਚਲਾਈ = ਤੋਰ ਦਿੱਤੀ। ਅਨਹਦ = ਇਕ-ਰਸ, ਬਿਨਾ ਵਜਾਇਆਂ। ਸਬਦ ਵਜਾਏ = ਸਿਫ਼ਤਿ-ਸਾਲਾਹ ਦੀ ਬਾਣੀ ਦੇ ਮਾਨੋ, ਵਾਜੇ ਵਜਾ ਦੇਂਦਾ ਹੈ।੨।
ਅਰਥ: ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਤੂੰ ਮਿਹਰ ਕਰ ਕੇ ਜਿਸ ਜੀਵ-ਇਸਤ੍ਰੀ ਨੂੰ) ਗੁਰੂ ਮਹਾ ਪੁਰਖ ਮਿਲਾ ਦੇਂਦਾ ਹੈਂ (ਉਸ ਦਾ) ਮਨ (ਦੁਨੀਆ ਦੇ) ਸਾਰੇ ਡਰਾਂ ਵਲੋਂ ਨਿਡਰ ਹੋ ਜਾਂਦਾ ਹੈ, (ਗੁਰੂ ਉਸ ਦੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਦੇਂਦਾ ਹੈ-ਇਹੀ ਹੈ ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਦੂਜੀ ਸੋਹਣੀ ਲਾਂਵ।
ਹੇ ਭਾਈ! ਜੇਹੜੀ ਜੀਵ-ਇਸਤ੍ਰੀ ਹਉਮੈ ਦੂਰ ਕਰ ਕੇ) ਪਰਮਾਤਮਾ ਦੇ ਗੁਣ ਗਾਂਦੀ ਹੈ, ਉਸ ਦੇ ਅੰਦਰ (ਪ੍ਰਭੂ-ਪਤੀ ਵਾਸਤੇ) ਆਦਰ-ਸਤਕਾਰ ਪੈਦਾ ਹੋ ਜਾਂਦਾ ਹੈ, ਉਹ ਪਰਮਾਤਮਾ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਦੀ ਹੈ। (ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਇਹ ਜਗਤ-ਖਿਲਾਰਾ) ਪ੍ਰਭੂ ਆਪਣੇ ਆਪੇ ਦਾ ਪਸਾਰਾ ਪਸਾਰ ਰਿਹਾ ਹੈ, ਅਤੇ ਉਹ ਮਾਲਕ-ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੋ ਰਿਹਾ ਹੈ। (ਉਸ ਜੀਵ-ਇਸਤ੍ਰੀ ਨੂੰ ਆਪਣੇ) ਅੰਦਰ ਅਤੇ ਬਾਹਰ (ਸਾਰੇ ਜਗਤ ਵਿਚ) ਸਿਰਫ਼ ਪਰਮਾਤਮਾ ਹੀ (ਵੱਸਦਾ ਦਿੱਸਦਾ ਹੈ) , ਸਾਧ ਸੰਗਤਿ ਵਿਚ ਮਿਲ ਕੇ ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੀ ਰਹਿੰਦੀ ਹੈ।
ਹੇ ਦਾਸ ਨਾਨਕ! ਆਖ-ਗੁਰੂ ਦੀ ਸਰਨ ਪੈ ਕੇ, ਹਉਮੈ ਦੂਰ ਕਰਕੇ ਪ੍ਰਭੂ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਅਤੇ ਉਸ ਨੂੰ ਸਰਬ-ਵਿਆਪਕ ਵੇਖਣਾ-ਪ੍ਰਭੂ ਨੇ ਇਹ) ਦੂਜੀ ਲਾਂਵ (ਜੀਵ-ਇਸਤ੍ਰੀ ਦੇ ਵਿਆਹ ਦੀ) ਤੋਰ ਦਿੱਤੀ ਹੈ, (ਇਸ ਆਤਮਕ ਅਵਸਥਾ ਤੇ ਪਹੁੰਚੀ ਜੀਵ-ਇਸਤ੍ਰੀ ਦੇ ਅੰਦਰ ਪ੍ਰਭੂ) ਸਿਫ਼ਤਿ-ਸਾਲਾਹ ਦੀ ਬਾਣੀ ਦੇ, ਮਾਨੋ, ਇਕ-ਰਸ ਵਾਜੇ ਵਜਾ ਦੇਂਦਾ ਹੈ।੨।
ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ ॥ ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ ॥ ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥ ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ॥ ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ॥ ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥ {ਪੰਨਾ 774}
ਪਦਅਰਥ: ਤੀਜੜੀ ਲਾਵ = ਤੀਜੀ ਸੋਹਣੀ ਲਾਂਵ। ਹਰਿ ਤੀਜੜੀ ਲਾਵ = ਪ੍ਰਭੂ = ਪਤੀ ਨਾਲ (ਜੀਵ = ਇਸਤ੍ਰੀ ਦੇ ਵਿਆਹ ਦੀ) ਤੀਜੀ ਸੋਹਣੀ ਲਾਂਵ। ਮਨਿ = ਮਨ ਵਿਚ। ਬੈਰਾਗੀਆ ਮਨਿ = ਵੈਰਾਗਵਾਨਾਂ ਦੇ ਮਨ ਵਿਚ। ਚਾਉ= (ਪ੍ਰਭੂ = ਮਿਲਾਪ ਲਈ) ਉਤਸ਼ਾਹ। ਮੇਲੁ = ਮਿਲਾਪ। ਵਡਭਾਗੀਆ = ਵੱਡੇ ਭਾਗਾਂ ਵਾਲੇ ਮਨੁੱਖ। ਮੁਖਿ = ਮੂੰਹ ਤੋਂ। ਬੋਲੀ = ਉਚਾਰੀ। ਹਰਿ ਬਾਣੀ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਕਥੀਐ = ਕਥਨ ਕਰਨੀ ਚਾਹੀਦੀ ਹੈ। ਅਕਥ = ਅਕੱਥ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਕਥ ਕਹਾਣੀ = ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ। ਹਿਰਦੈ = ਹਿਰਦੇ ਵਿਚ। ਧੁਨਿ = ਰੌ, ਲਗਨ। ਜਪੀਐ = ਜਪਿਆ ਜਾ ਸਕਦਾ ਹੈ। ਮਸਤਕਿ = ਮੱਥੇ ਉੱਤੇ। ਭਾਗੁ = ਚੰਗੀ ਕਿਸਮਤ। ਨਾਨਕੁ ਬੋਲੇ = ਨਾਨਕ ਬੋਲਦਾ ਹੈ। ਤੀਜੀ ਲਾਵੈ = ਤੀਜੀ ਲਾਂਵ ਦੀ ਰਾਹੀਂ, ਪ੍ਰਭੂ = ਪਤੀ ਨਾਲ ਜੀਵ = ਇਸਤ੍ਰੀ ਦੇ ਵਿਆਹ ਦੀ ਤੀਜੀ ਲਾਂਵ ਸਮੇ। ਮਨਿ = (ਜੀਵ = ਇਸਤ੍ਰੀ ਦੇ) ਮਨ ਵਿਚ। ਹਰਿ ਬੈਰਾਗੁ = ਪ੍ਰਭੂ (-ਮਿਲਾਪ ਦੀ) ਤੀਬਰ ਤਾਂਘ। ਉਪਜੈ = ਪੈਦਾ ਹੋ ਜਾਂਦੀ ਹੈ।੩।
ਅਰਥ: ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮਿਹਰ ਨਾਲ) ਵੈਰਾਗਵਾਨਾਂ ਦੇ ਮਨ ਵਿਚ (ਤੇਰੇ ਮਿਲਾਪ ਲਈ) ਤਾਂਘ ਪੈਦਾ ਹੁੰਦੀ ਹੈ, (ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ) ਤੀਜੀ ਸੋਹਣੀ ਲਾਂਵ ਹੈ।
ਹੇ ਭਾਈ! ਜਿਨ੍ਹਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਨੂੰ ਸੰਤ ਜਨਾਂ ਦਾ ਮਿਲਾਪ ਹਾਸਲ ਹੁੰਦਾ ਹੈ, ਉਹਨਾਂ ਨੂੰ ਪਰਮਾਤਮਾ ਦਾ ਮੇਲ ਪ੍ਰਾਪਤ ਹੁੰਦਾ ਹੈ, (ਉਹ ਮਨੁੱਖ ਜੀਵਨ ਨੂੰ) ਪਵਿੱਤਰ ਕਰਨ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰਦੇ ਹਨ, ਸਦਾ ਪ੍ਰਭੂ ਦੇ ਗੁਣ ਗਾਂਦੇ ਹਨ, ਅਤੇ ਮੂੰਹ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ, ਉਹ ਵਡ-ਭਾਗੀ ਮਨੁੱਖ ਸੰਤ ਜਨਾਂ ਦੀ ਸੰਗਤਿ ਵਿਚ ਪ੍ਰਭੂ-ਮਿਲਾਪ ਪ੍ਰਾਪਤ ਕਰਦੇ ਹਨ।
ਹੇ ਭਾਈ! ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਸਦਾ ਕਰਦੇ ਰਹਿਣਾ ਚਾਹੀਦਾ ਹੈ, (ਜਿਹੜਾ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਉਸ ਦੇ) ਹਿਰਦੇ ਵਿਚ ਸਦਾ ਟਿਕੀ ਰਹਿਣ ਵਾਲੀ ਪ੍ਰਭੂ-ਪ੍ਰੇਮ ਦੀ ਰੌ ਚੱਲ ਪੈਂਦੀ ਹੈ। ਪਰ, ਹੇ ਭਾਈ! ਪਰਮਾਤਮਾ ਦਾ ਨਾਮ (ਤਦੋਂ ਹੀ) ਜਪਿਆ ਜਾ ਸਕਦਾ ਹੈ, ਜੇ ਮੱਥੇ ਉੱਤੇ ਚੰਗਾ ਭਾਗ ਜਾਗ ਪਏ।
ਹੇ ਭਾਈ! ਦਾਸ ਨਾਨਕ ਆਖਦਾ ਹੈ (ਕਿ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ) ਤੀਜੀ ਲਾਂਵ ਸਮੇ (ਜੀਵ-ਇਸਤ੍ਰੀ ਦੇ) ਮਨ ਵਿਚ ਪ੍ਰਭੂ (-ਮਿਲਾਪ ਦੀ) ਤੀਬਰ ਤਾਂਘ ਪੈਦਾ ਹੋ ਜਾਂਦੀ ਹੈ।੩।
ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ ॥ ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ ॥ ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵ ਲਾਈ ॥ ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ ॥ ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ ॥ ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥ {ਪੰਨਾ 774}
ਪਦਅਰਥ: ਚਉਥੜੀ ਲਾਵ = ਚੌਥੀ ਸੋਹਣੀ ਲਾਂਵ। ਹਰਿ ਚਉਥੜੀ ਲਾਵ = ਪ੍ਰਭੂ = ਪਤੀ ਨਾਲ (ਜੀਵ = ਇਸਤ੍ਰੀ ਦੇ ਵਿਆਹ ਦੀ) ਚੌਥੀ ਸੋਹਣੀ ਲਾਂਵ। ਮਨਿ = (ਜੀਵ = ਇਸਤ੍ਰੀ ਦੇ) ਮਨ ਵਿਚ। ਸਹਜੁ = ਆਤਮਕ ਅਡੋਲਤਾ। ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੇ ਸਨਮੁਖ ਰਹਿ ਕੇ। ਸੁਭਾਇ = (ਪ੍ਰਭੂ ਦੇ) ਪਿਆਰ ਵਿਚ (ਟਿਕ ਕੇ) । ਮਨਿ = ਮਨ ਵਿਚ। ਤਨਿ = ਤਨ ਵਿਚ। ਪ੍ਰਭ ਭਾਇਆ = ਪ੍ਰਭੂ ਨੂੰ ਪਿਆਰਾ ਲੱਗਾ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਲਿਵ ਲਾਈ = ਸੁਰਤਿ ਜੋੜੀ ਰੱਖੀ। ਮਨ ਚਿੰਦਿਆ = ਮਨ = ਇੱਛਤ।
ਨਾਮਿ-ਨਾਮ ਦੀ ਰਾਹੀਂ। ਵਜੀ ਵਾਧਾਈ-ਚੜ੍ਹਦੀ ਕਲਾ ਬਣ ਗਈ। ਪ੍ਰਭਿ-ਪ੍ਰਭੂ ਨੇ। ਠਾਕੁਰਿ-ਠਾਕੁਰ ਨੇ। ਕਾਜੁ-(ਜੀਵ-ਇਸਤ੍ਰੀ ਦੇ) ਵਿਆਹ ਦਾ ਉੱਦਮ। ਰਚਾਇਆ-ਅਰੰਭ ਦਿੱਤਾ। ਧਨ-ਜੀਵ-ਇਸਤ੍ਰੀ। ਹਿਰਦੈ-ਹਿਰਦੇ ਵਿਚ। ਨਾਮਿ-ਨਾਮ ਦੀ ਬਰਕਤਿ ਨਾਲ। ਵਿਗਾਸੀ-ਖਿੜ ਪਈ, ਆਨੰਦ-ਭਰਪੂਰ ਹੋ ਗਈ। ਚਉਥੀ ਲਾਵੈ-ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਚੌਥੀ ਲਾਂਵ ਸਮੇ। ਅਵਿਨਾਸੀ-ਕਦੇ ਨਾਸ ਨਾਹ ਹੋਣ ਵਾਲਾ।੪।
ਅਰਥ: ਹੇ ਸੋਹਣੇ ਰਾਮ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮੇਹਰ ਨਾਲ ਜਿਸ ਜੀਵ-ਇਸਤ੍ਰੀ ਦੇ) ਮਨ ਵਿਚ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਸ ਨੂੰ ਤੇਰਾ ਮਿਲਾਪ ਹੋ ਜਾਂਦਾ ਹੈ। (ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਮਿਲਾਪ ਦੀ) ਚੌਥੀ ਸੋਹਣੀ ਲਾਂਵ ਹੈ।
ਹੇ ਭਾਈ! ਗੁਰੂ ਦੀ ਸਰਨ ਪੈ ਕੇ (ਪ੍ਰਭੂ-) ਪ੍ਰੇਮ ਵਿਚ (ਟਿਕ ਕੇ, ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ) ਮਿਲ ਪੈਂਦਾ ਹੈ, (ਉਸ ਦੇ) ਮਨ ਵਿਚ (ਉਸ ਦੇ) ਤਨ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ।
ਹੇ ਭਾਈ! ਜਿਸ ਜੀਵ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਪ੍ਰਭੂ ਨੂੰ ਉਹ ਜੀਵ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹ ਮਨੁੱਖ ਸਦਾ ਪ੍ਰਭੂ (ਦੀ ਯਾਦ ਵਿਚ (ਆਪਣੀ) ਸੁਰਤਿ ਜੋੜੀ ਰੱਖਦਾ ਹੈ, ਉਹ ਮਨੁੱਖ ਪ੍ਰਭੂ-ਮਿਲਾਪ ਦਾ ਮਨ-ਇੱਛਤ ਫਲ ਪ੍ਰਾਪਤ ਕਰ ਲੈਂਦਾ ਹੈ। ਪ੍ਰਭੂ ਦੇ ਨਾਮ ਦੀ ਬਰਕਤਿ ਨਾਲ (ਉਸ ਦੇ ਅੰਦਰ ਸਦਾ) ਚੜ੍ਹਦੀ ਕਲਾ ਬਣੀ ਰਹਿੰਦੀ ਹੈ।
ਹੇ ਭਾਈ! ਪ੍ਰਭੂ ਨੇ, ਮਾਲਕ-ਹਰੀ ਨੇ (ਜਿਸ ਜੀਵ-ਇਸਤ੍ਰੀ ਦੇ) ਵਿਆਹ ਦਾ ਉੱਦਮ ਸ਼ੁਰੂ ਕਰ ਦਿੱਤਾ, ਉਹ ਜੀਵ-ਇਸਤ੍ਰੀ ਨਾਮ ਸਿਮਰਨ ਦੀ ਬਰਕਤਿ ਨਾਲ (ਆਪਣੇ) ਹਿਰਦੇ ਵਿਚ ਸਦਾ ਆਨੰਦ-ਭਰਪੂਰ ਰਹਿੰਦੀ ਹੈ। ਦਾਸ ਨਾਨਕ ਆਖਦਾ ਹੈ-ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਚੌਥੀ ਲਾਂਵ ਸਮੇ ਜੀਵ-ਇਸਤ੍ਰੀ ਕਦੇ ਨਾਸ ਨਾਹ ਹੋਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ।੪।੨।