Breaking News
Home / ਸਟੇਟ ਗੁਰਦੁਆਰਾ ਕਪੂਰਥਲਾ / Today’s Hukamnama from State Gurdwara Sahib Kapurthala

Today’s Hukamnama from State Gurdwara Sahib Kapurthala

ਸਨਿੱਚਰਵਾਰ 15 ਦਸੰਬਰ 2018 (30 ਮੱਘਰ ਸੰਮਤ 550 ਨਾਨਕਸ਼ਾਹੀ)

ਸੂਹੀ ਮਹਲਾ ੪ ॥ ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ ॥ ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ ॥੧॥ ਹਰਿ ਧਨੁ ਸੰਚੀਐ ਭਾਈ ॥ ਜਿ ਹਲਤਿ ਪਲਤਿ ਹਰਿ ਹੋਇ ਸਖਾਈ ॥੧॥ ਰਹਾਉ ॥ ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ ॥ ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਝੇ ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਇਆ ਨ ਜਾਈ ॥੨॥ {ਅੰਗ 733-734}

ਪਦਅਰਥ: ਮਿਤੁ = ਮਿੱਤਰ। ਸਹਾਈ = ਮਦਦਗਾਰ। ਤੇ = ਤੋਂ, ਨਾਲ। ਮਨਿ = ਮਨ ਵਿਚ। ਹੋਰਤੁ ਬਿਧਿ = ਕਿਸੇ ਹੋਰ ਤਰੀਕੇ ਨਾਲ। {ਹੋਰਤੁ = ਹੋਰ ਦੀ ਰਾਹੀਂ। ਜਿਤੁ = ਜਿਸ ਦੀ ਰਾਹੀਂ। ਤਿਤੁ = ਉਸ ਦੀ ਰਾਹੀਂ।੧।

ਸੰਚੀਐ = ਇਕੱਠਾ ਕਰਨਾ ਚਾਹੀਦਾ ਹੈ। ਭਾਈ = ਹੇ ਭਾਈ! ਜਿ ਹਰਿ = ਜੇਹੜਾ ਹਰੀ! ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਸਖਾਈ = ਮਿੱਤਰ।੧।ਰਹਾਉ।

ਸੰਗਿ = ਨਾਲ। ਸਤ ਸੰਗਤੀ ਸੰਗਿ = ਸਤਸੰਗੀਆਂ ਨਾਲ (ਰਲ ਕੇ। ਖਟੀਐ = ਖੱਟਿਆ ਜਾ ਸਕਦਾ ਹੈ। ਹੋਰਥੈ = ਕਿਸੇ ਹੋਰ ਥਾਂ। ਹੋਰਤੁ ਉਪਾਇ = ਕਿਸੇ ਹੋਰ ਜਤਨ ਨਾਲ। ਕਿਤੈ = ਕਿਸੇ ਭੀ ਥਾਂ। ਵਿਹਾਝੇ = ਖ਼ਰੀਦਦਾ ਹੈ।

ਕਚੈ ਕੇ ਵਾਪਾਰੀਏ = ਕੱਚ ਦਾ ਵਪਾਰ ਕਰਨ ਵਾਲੇ (ਕੱਚ ਹੀ ਵਿਹਾਝਦੇ ਹਨ। ਵਾਕਿ = (ਉਹਨਾਂ ਦੇ) ਵਾਕ ਨਾਲ, (ਉਹਨਾਂ ਦੀ) ਸਿੱਖਿਆ ਨਾਲ।੨।

ਅਰਥ: ਹੇ ਭਾਈ! ਜੇਹੜਾ ਹਰੀ ਇਸ ਲੋਕ ਵਿਚ ਅਤੇ ਪਰਲੋਕ ਵਿਚ ਮਿੱਤਰ ਬਣਦਾ ਹੈ, ਉਸ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ।੧।ਰਹਾਉ।

ਹੇ ਭਾਈ! ਜਿਸ ਭੀ ਥਾਂ ਪਰਮਾਤਮਾ ਦਾ ਆਰਾਧਨ ਕੀਤਾ ਜਾਏ, ਉਹ ਮਿੱਤਰ ਪਰਮਾਤਮਾ ਉੱਥੇ ਹੀ ਆ ਮਦਦਗਾਰ ਬਣਦਾ ਹੈ। (ਪਰ ਉਹ) ਪਰਮਾਤਮਾ ਗੁਰੂ ਦੀ ਕਿਰਪਾ ਨਾਲ (ਹੀ ਮਨੁੱਖ ਦੇਮਨ ਵਿਚ ਵੱਸ ਸਕਦਾ ਹੈ, ਕਿਸੇ ਭੀ ਹੋਰ ਤਰੀਕੇ ਨਾਲ ਉਸ ਨੂੰ ਲੱਭਿਆ ਨਹੀਂ ਜਾ ਸਕਦਾ।੧।

ਹੇ ਭਾਈ! ਸਤਸੰਗੀਆਂ ਨਾਲ (ਮਿਲ ਕੇ) ਪਰਮਾਤਮਾ ਦਾ ਨਾਮ-ਧਨ ਖੱਟਿਆ ਜਾ ਸਕਦਾ ਹੈ, (ਸਤਸੰਗ ਤੋਂ ਬਿਨਾ) ਕਿਸੇ ਭੀ ਹੋਰ ਥਾਂ, ਕਿਸੇ ਭੀ ਹੋਰ ਜਤਨ ਨਾਲ ਹਰਿ-ਨਾਮ ਧਨ ਖ਼ਰੀਦਦਾ ਹੈ, ਨਾਸਵੰਤ ਪਦਾਰਥਾਂ ਦੇ ਵਪਾਰੀ (ਮਾਇਕ ਪਦਾਰਥ ਹੀ ਖ਼ਰੀਦਦੇ ਹਨ ਉਹਨਾਂ ਦੀ) ਸਿੱਖਿਆ ਨਾਲ ਹਰਿ-ਨਾਮ-ਧਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ।੨।

ਹਰਿ ਧਨੁ ਰਤਨੁ ਜਵੇਹਰੁ ਮਾਣਕੁ ਹਰਿ ਧਨੈ ਨਾਲਿ ਅੰਮ੍ਰਿਤ ਵੇਲੈ ਵਤੈ ਹਰਿ ਭਗਤੀ ਹਰਿ ਲਿਵ ਲਾਈ ॥ ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ ॥ ਹਲਤਿ ਪਲਤਿ ਹਰਿ ਧਨੈ ਕੀ ਭਗਤਾ ਕਉ ਮਿਲੀ ਵਡਿਆਈ ॥੩॥ ਹਰਿ ਧਨੁ ਨਿਰਭਉ ਸਦਾ ਸਦਾ ਅਸਥਿਰੁ ਹੈ ਸਾਚਾ ਇਹੁ ਹਰਿ ਧਨੁ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੈ ਕਾ ਗਵਾਇਆ ਨ ਜਾਈ ॥ ਹਰਿ ਧਨ ਕਉ ਉਚਕਾ ਨੇੜਿ ਨ ਆਵਈ ਜਮੁ ਜਾਗਾਤੀ ਡੰਡੁ ਨ ਲਗਾਈ ॥੪॥ {ਪੰਨਾ 734}

ਪਦਅਰਥ: ਜਵੇਹਰੁ = ਜਵਾਹਰ। ਮਾਣਕੁ = ਮੋਤੀ। ਅੰਮ੍ਰਿਤ ਵੇਲੈ = ਆਤਮਕ ਜੀਵਨ ਦੇਣ ਵਾਲੇ ਸਮੇ ਵਿਚ। ਵਤੈ = ਵੱਤਰ ਦੇ ਵੇਲੇ। ਹਰਿ ਭਗਤੀ = ਹਰੀ ਦੇ ਭਗਤਾਂ ਨੇ। ਲਿਵ = ਲਗਨ। ਲਿਵ ਲਾਈ = ਸੁਰਤਿ ਜੋੜੀ। ਨਿਖੁਟੈ = ਮੁੱਕਦਾ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਕਉ = ਨੂੰ।੩।

ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਸਾਚਾ = ਸਦਾ ਟਿਕੇ ਰਹਿਣ ਵਾਲਾ। ਤਸਕਰ = ਚੋਰ। ਉਚਕਾ = ਉਚੱਕਾ, ਚੁੱਕ ਕੇ ਲੈ ਜਾਣ ਵਾਲਾ, ਲੁਟੇਰਾ। ਜਾਗਾਤੀ = ਮਸੂਲੀਆ। ਡੰਡੁ = ਡੰਨ।੪।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ (ਭੀ) ਧਨ (ਹੈ, ਇਹ ਧਨ) ਰਤਨ ਜਵਾਹਰ ਮੋਤੀ (ਵਰਗਾ ਕੀਮਤੀ) ਹੈ। ਪ੍ਰਭੂ ਦੇ ਭਗਤਾਂ ਨੇ ਵੱਤਰ ਦੇ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ (ਉਸ ਵੇਲੇ ਉੱਠ ਕੇ ਜਦੋਂ ਆਤਮਕ ਜੀਵਨ ਪਲ੍ਹਰਦਾ ਹੈ) ਇਸ ਹਰਿ-ਨਾਮ ਧਨ ਨਾਲ ਸੁਰਤਿ ਜੋੜੀ ਹੁੰਦੀ ਹੈ। ਵੱਤਰ ਦੇ ਵੇਲੇ ਅੰਮ੍ਰਿਤ ਵੇਲੇ (ਉੱਠ ਕੇ) ਬੀਜਿਆ ਹੋਇਆ ਇਹ ਹਰਿ-ਨਾਮ-ਧਨ ਭਗਤ ਜਨ ਆਪ ਵਰਤਦੇ ਰਹਿੰਦੇ ਹਨ, ਹੋਰਨਾਂ ਨੂੰ ਵੰਡਦੇ ਰਹਿੰਦੇ ਹਨ, ਪਰ ਇਹ ਮੁੱਕਦਾ ਨਹੀਂ। ਭਗਤ ਜਨਾਂ ਨੂੰ ਇਸ ਲੋਕ ਵਿਚ ਪਰਲੋਕ ਵਿਚ ਇਸ ਹਰਿ-ਨਾਮ-ਧਨ ਦੇ ਕਾਰਨ ਇੱਜ਼ਤ ਮਿਲਦੀ ਹੈ।੩।

ਹੇ ਭਾਈ! ਇਸ ਹਰਿ-ਨਾਮ-ਧਨ ਨੂੰ ਕਿਸੇ ਕਿਸਮ ਦਾ ਕੋਈ ਡਰ-ਖ਼ਤਰਾ ਨਹੀਂ, ਇਹ ਸਦਾ ਹੀ ਕਾਇਮ ਰਹਿਣ ਵਾਲਾ ਹੈਸਦਾ ਹੀ ਟਿਕਿਆ ਰਹਿੰਦਾ ਹੈ। ਅੱਗ, ਚੋਰ, ਪਾਣੀ, ਮੌਤ-ਕਿਸੇ ਪਾਸੋਂ ਭੀ ਇਸ ਧਨ ਦਾ ਨੁਕਸਾਨ ਨਹੀਂ ਕੀਤਾ ਜਾ ਸਕਦਾ। ਕੋਈ ਲੁਟੇਰਾ ਇਸ ਹਰਿ-ਨਾਮ-ਧਨ ਦੇ ਨੇੜੇ ਨਹੀਂ ਢੁਕ ਸਕਦਾ। ਜਮ ਮਸੂਲੀਆ ਇਸ ਧਨ ਨੂੰ ਮਸੂਲ ਨਹੀਂ ਲਾ ਸਕਦਾ।੪।

ਸਾਕਤੀ ਪਾਪ ਕਰਿ ਕੈ ਬਿਖਿਆ ਧਨੁ ਸੰਚਿਆ ਤਿਨਾ ਇਕ ਵਿਖ ਨਾਲਿ ਨ ਜਾਈ ॥ ਹਲਤੈ ਵਿਚਿ ਸਾਕਤ ਦੁਹੇਲੇ ਭਏ ਹਥਹੁ ਛੁੜਕਿ ਗਇਆ ਅਗੈ ਪਲਤਿ ਸਾਕਤੁ ਹਰਿ ਦਰਗਹ ਢੋਈ ਨ ਪਾਈ ॥੫॥ ਇਸੁ ਹਰਿ ਧਨ ਕਾ ਸਾਹੁ ਹਰਿ ਆਪਿ ਹੈ ਸੰਤਹੁ ਜਿਸ ਨੋ ਦੇਇ ਸੁ ਹਰਿ ਧਨੁ ਲਦਿ ਚਲਾਈ ॥ ਇਸੁ ਹਰਿ ਧਨੈ ਕਾ ਤੋਟਾ ਕਦੇ ਨ ਆਵਈ ਜਨ ਨਾਨਕ ਕਉ ਗੁਰਿ ਸੋਝੀ ਪਾਈ ॥੬॥੩॥੧੦॥ {ਪੰਨਾ 734}

ਪਦਅਰਥ: ਸਾਕਤੀ = ਸਾਕਤੀਂ, ਸਾਕਤਾਂ ਨੇ, ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਨੇ। ਬਿਖਿਆ = ਮਾਇਆ। ਸੰਚਿਆ = ਇਕੱਠਾ ਕੀਤਾ, ਜੋੜਿਆ। ਵਿਖ = ਕਦਮ। ਦੁਹੇਲੇ = ਦੁਖੀ। ਸਾਕਤ = ਮਾਇਆ = ਵੇੜ੍ਹੇ ਮਨੁੱਖ।ਹਥਹੁ = ਹੱਥ ਵਿਚੋਂ। ਛੁੜਕਿ ਗਇਆ = ਖੁੱਸ ਗਿਆ। ਅਗੈ ਪਲਤਿ = ਅਗਾਂਹ ਪਰਲੋਕ ਵਿਚ। ਸਾਕਤੁ = ਮਾਇਆ = ਵੇੜ੍ਹਿਆ ਮਨੁੱਖ {ਇਕ-ਵਚਨ}। ਢੋਈ = ਆਸਰਾ।੫।

ਸਾਹੁ = ਸ਼ਾਹੁ, ਸਰਮਾਏ ਦਾ ਮਾਲਕ। ਸੰਤਹੁ = ਹੇ ਸੰਤ ਜਨੋ! ਜਿਸ ਨੋ = {ਲਫ਼ਜ਼ ‘ਜਿਸੁ‘ ਦਾ ੁ ਸੰਬੰਧਕ ‘ਨੋ‘ ਦੇ ਕਾਰਨ ਉੱਡ ਗਿਆ ਹੈ}। ਦੇਇ = ਦੇਂਦਾ ਹੈ। ਲਦਿ = ਲੱਦ ਕੇ। ਤੋਟਾ = ਘਾਟ। ਆਵਈ = ਆਵਏ, ਆਵੈ। ਗੁਰਿ = ਗੁਰੂ ਨੇ। ਜਨ ਕਉ = ਆਪਣੇ ਦਾਸ ਨੂੰ। ਨਾਨਕ = ਹੇ ਨਾਨਕ!੬।

ਅਰਥ: ਹੇ ਭਾਈ! ਮਾਇਆ-ਵੇੜ੍ਹੇ ਮਨੁੱਖਾਂ ਨੇ (ਸਦਾ) ਪਾਪ ਕਰ ਕਰ ਕੇ ਮਾਇਆ-ਧਨ (ਹੀ) ਜੋੜਿਆ, (ਪਰ) ਉਹਨਾਂ ਦੇ ਨਾਲ (ਜਗਤ ਤੋਂ ਤੁਰਨ ਵੇਲੇ) ਇਹ ਧਨ ਇਕ ਕਦਮ ਭੀ ਸਾਥ ਨਾਹ ਕਰ ਸਕਿਆ। (ਇਸ ਮਾਇਆ-ਧਨ ਦੇ ਕਾਰਨ) ਮਾਇਆ-ਵੇੜ੍ਹੇ ਮਨੁੱਖ ਇਸ ਲੋਕ ਵਿਚ ਦੁਖੀ ਹੀ ਰਹੇ (ਮਰਨ ਵੇਲੇ ਇਹ ਧਨ) ਹੱਥੋਂ ਖੁੱਸ ਗਿਆ, ਅਗਾਂਹ ਪਰਲੋਕ ਵਿਚ ਜਾ ਕੇ ਮਾਇਆ-ਵੇੜ੍ਹੇ ਮਨੁੱਖ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਕੋਈ ਥਾਂ ਨਹੀਂ ਮਿਲਦੀ।੫।

ਹੇ ਸੰਤ ਜਨੋ! ਇਸ ਹਰਿ-ਨਾਮ-ਧਨ ਦਾ ਮਾਲਕ ਪਰਮਾਤਮਾ ਆਪ ਹੀ ਹੈ। ਜਿਸ ਮਨੁੱਖ ਨੂੰ ਸ਼ਾਹ ਪ੍ਰਭੂ ਇਹ ਧਨ ਦੇਂਦਾ ਹੈ, ਉਹ ਮਨੁੱਖ (ਇਸ ਜਗਤ ਵਿਚਇਹ ਹਰਿ-ਨਾਮ-ਸੌਦਾ ਵਿਹਾਝ ਕੇ ਇਥੋਂ ਤੁਰਦਾ ਹੈ। ਹੇ ਨਾਨਕ! ਆਖ-ਹੇ ਭਾਈ!) ਇਸ ਹਰਿ-ਨਾਮ-ਧਨ ਦੇ ਵਪਾਰ ਵਿਚ ਕਦੇ ਘਾਟਾ ਨਹੀਂ ਪੈਂਦਾ। ਗੁਰੂ ਨੇ ਆਪਣੇ ਸੇਵਕ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਹੈ।੬।੩।੧੦।

About admin_th

Check Also

Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ …

error: Content is protected !!