17 ਕਿਸਾਨ ਜਥੇਬੰਦੀਆਂ ਅੱਜ ਰੋਕਣਗੀਆਂ ਰੇਲਾਂ *

52

ਪੰਜਾਬ ਦੀਆਂ 17 ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਲਾਏ ਨਵੇਂ ਟੈਕਸਾਂ, ਬਿਜਲੀ ਦੇ ਬਿੱਲਾਂ ਵਿਚ ਕੀਤੇ ਵਾਧੇ, ਸੋਕਾ ਰਾਹਤ, ਪੰਜਾਬ ਸਰਕਾਰ ਵੱਲੋਂ 150 ਕਰੋੜ ਰੁਪਏ ਦਾ ਬਣਦਾ ਬਕਾਇਆ ਨਾ ਦੇਣ, ਵਧਦੀ ਮਹਿੰਗਾਈ, ਬੇਰੁਜ਼ਗਾਰੀ ਅਤੇ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਨਾ ਦੇਣ ਆਦਿ ਮੰਗਾਂ ਨੂੰ ਲੈ ਕੇ ਸਮੁੱਚੇ ਪੰਜਾਬ ਵਿਚ ਅੱਜ ਰੇਲ ਮਾਰਗ ਰੋਕੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਘਬੀਰ ਸਿੰਘ ਬਲਾਕ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਜਨਰਲ ਸਕੱਤਰ ਸ਼ਮਸ਼ੇਰ ਸਿੰਘ ਰੱਤੜਾ, ਨਿਰਮਲ ਸਿੰਘ ਬਾਜਾ, ਮਾਸਟਰ ਕਰਨੈਲ ਸਿੰਘ, ਜ਼ਿਲ੍ਹਾ ਪ੍ਰਧਾਨ ਪੇਂਡੂ ਮਜ਼ਦੂਰ ਯੂਨੀਅਨ ਹੰਸਾ ਸਿੰਘ ਮੁੰਡੀ, ਅਮਰਜੀਤ ਸਿੰਘ ਜਵਾਲਾਪੁਰ ਆਦਿ ਸਾਰਿਆਂ ਨੇ ਸਾਂਝੇ ਬਿਆਨ ਵਿਚ ਦੱਸਿਆ ਕਿ ਉਪਰੋਕਤ ਮੰਗਾਂ ਨੂੰ ਲੈ ਕੇ ਜਥੇਬੰਦੀਆਂ ਦੇ ਸੂਬਾਈ ਆਗੂ ਕਈ ਵਾਰ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰ ਚੁੱਕੇ ਹਨ। ਪਰ ਮਿਹਨਤਕਸ਼ ਲੋਕਾਂ ਦੀਆਂ ਇਹਨਾਂ ਮੰਗਾਂ ਨੂੰ ਬੂਰ ਨਹੀਂ ਪਿਆ। ਅਖੀਰ ਜਥੇਬੰਦੀਆਂ ਦੇ ਸੂਬਾਈ ਆਗੂਆਂ ਦੇ ਫ਼ੈਸਲੇ ਅਨੁਸਾਰ 5 ਸਤੰਬਰ ਨੂੰ ਸਮੁੱਚੇ ਰੇਲ ਮਾਰਗ ਬੰਦ ਕੀਤੇ ਜਾਣਗੇ।