ਮਹਾਨ ਸ਼ਹੀਦ ਬ੍ਰਹਮ ਗਿਆਨੀ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਜਨਮ ਦਿਹਾੜਾ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸੰਤ ਬਾਬਾ ਹਰਜੀਤ ਸਿੰਘ ਕਾਰ ਸੇਵਾ ਵਾਲਿਆਂ ਦੀ ਸੁਚੱਜੀ ਅਗਵਾਈ ਹੇਠ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਇਲਾਕੇ ਭਰ ਦੀ ਸੰਗਤ ਦੀ ਇੱਕ ਮੀਟਿੰਗ ਗੁਰਦੁਆਰਾ ਸ੍ਰੀ ਦਮਦਾ ਸਾਹਿਬ ਠੱਟਾ ਵਿਖੇ ਹੋਈ ਜਿਸ ਵਿੱਚ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਜੀ ਨੇ ਦੱਸਿਆ ਕਿ ਮਹਾਨ ਸ਼ਹੀਦ ਬਾਬਾ ਬੀਰ ਸਿੰਘ ਜੀ ਦਾ ਜਨਮ ਦਿਹਾੜਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 15 ਅਗਸਤ 2025 ਦਿਨ ਸ਼ੁੱਕਰਵਾਰ ਨੂੰ ਮਨਾਇਆ ਜਾ ਰਿਹਾ ਹੈ। 13 ਅਗਸਤ ਨੂੰ ਸਵੇਰੇ 10 ਵਜੇ ਸਮੇਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 15 ਅਗਸਤ ਨੂੰ ਸਵੇਰੇ 9 ਵਜੇ ਪੈਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਨੂੰ ਮੁੱਖ ਰੱਖਦਿਆਂ ਦੀਵਾਨ ਹਾਲ ਵਿਚ ਸੁੰਦਰ ਦੀਵਾਨ ਸਜਾਏ ਜਾਣਗੇ ਜਿਸ ਵਿਚ ਸੰਤ ਮਹਾਂਪੁਰਸ਼, ਕਥਾਵਾਚਕ, ਕੀਰਤਨੀ ਜਥੇ ਤੇ ਢਾਡੀ ਜਥੇ ਸੰਗਤਾਂ ਨੂੰ ਕਥਾ ਵਿਚਾਰ, ਕੀਰਤਨ ਤੇ ਢਾਡੀ ਵਾਰਾਂ ਨਾਲ ਗੁਰਬਾਣੀ ਨਾਲ ਜੋੜਨਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਸਮੂਹ ਸੇਵਾ ਸੁਸਾਇਟੀਆਂ ਦੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਪਾਵਨ ਅਸਥਾਨ ਤੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਲਈ ਉਚੇਚੇ ਪ੍ਰਬੰਧ ਕੀਤੇ ਜਾ ਸਕਣ। ਇਨ੍ਹਾਂ ਸਮਾਗਮਾਂ ਸਮੇਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।