BREAKING NEWS

Today’s Hukamnama from Gurdwara Sri Ber Sahib Ji Sultanpur Lodhi

87

ਸ਼ੁੱਕਰਵਾਰ 20 ਜੂਨ 2025 (6 ਹਾੜ ਸੰਮਤ 557 ਨਾਨਕਸ਼ਾਹੀ)

ਸੂਹੀ ਮਹਲਾ ੫ ॥ ਉਮਕਿਓ ਹੀਉ ਮਿਲਨ ਪ੍ਰਭ ਤਾਈ ॥ ਖੋਜਤ ਚਰਿਓ ਦੇਖਉ ਪ੍ਰਿਅ ਜਾਈ ॥ ਸੁਨਤ ਸਦੇਸਰੋ ਪ੍ਰਿਅ ਗ੍ਰਿਹਿ ਸੇਜ ਵਿਛਾਈ ॥ ਭ੍ਰਮਿ ਭ੍ਰਮਿ ਆਇਓ ਤਉ ਨਦਰਿ ਨ ਪਾਈ ॥੧॥ ਕਿਨ ਬਿਧਿ ਹੀਅਰੋ ਧੀਰੈ ਨਿਮਾਨੋ ॥ ਮਿਲੁ ਸਾਜਨ ਹਉ ਤੁਝੁ ਕੁਰਬਾਨੋ ॥੧॥ ਰਹਾਉ ॥ ਏਕਾ ਸੇਜ ਵਿਛੀ ਧਨ ਕੰਤਾ ॥ ਧਨ ਸੂਤੀ ਪਿਰੁ ਸਦ ਜਾਗੰਤਾ ॥ ਪੀਓ ਮਦਰੋ ਧਨ ਮਤਵੰਤਾ ॥ ਧਨ ਜਾਗੈ ਜੇ ਪਿਰੁ ਬੋਲੰਤਾ ॥੨॥ ਭਈ ਨਿਰਾਸੀ ਬਹੁਤੁ ਦਿਨ ਲਾਗੇ ॥ ਦੇਸ ਦਿਸੰਤਰ ਮੈ ਸਗਲੇ ਝਾਗੇ ॥ ਖਿਨੁ ਰਹਨੁ ਨ ਪਾਵਉ ਬਿਨੁ ਪਗ ਪਾਗੇ ॥ ਹੋਇ ਕ੍ਰਿਪਾਲੁ ਪ੍ਰਭ ਮਿਲਹ ਸਭਾਗੇ ॥੩॥ ਭਇਓ ਕ੍ਰਿਪਾਲੁ ਸਤਸੰਗਿ ਮਿਲਾਇਆ ॥ ਬੂਝੀ ਤਪਤਿ ਘਰਹਿ ਪਿਰੁ ਪਾਇਆ ॥ ਸਗਲ ਸੀਗਾਰ ਹੁਣਿ ਮੁਝਹਿ ਸੁਹਾਇਆ ॥ ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥੪॥ ਜਹ ਦੇਖਾ ਤਹ ਪਿਰੁ ਹੈ ਭਾਈ ॥ ਖੋਲ੍ਹ੍ਹਿਓ ਕਪਾਟੁ ਤਾ ਮਨੁ ਠਹਰਾਈ ॥੧॥ ਰਹਾਉ ਦੂਜਾ ॥੫॥ {ਪੰਨਾ 737-738}ਪਦਅਰਥ: ਉਮਕਿਓ = ਖ਼ੁਸ਼ੀ ਨਾਲ ਉਛਲ ਪਿਆ ਹੈ। ਹੀਉ = ਹਿਰਦਾ। ਤਾਈ = ਵਾਸਤੇ। ਖੋਜਤ ਚਰਿਓ = ਲੱਭਣ ਚੜ੍ਹ ਪਿਆ ਹੈ। ਦੇਖਉ = ਦੇਖਉਂ, ਮੈਂ ਵੇਖਾਂ। ਪ੍ਰਿਅ ਜਾਈ = ਪਿਆਰੇ (ਦੇ ਰਹਿਣ) ਦੀ ਥਾਂ। ਸਦੇਸਰੋ ਪ੍ਰਿਅ = ਪਿਆਰੇ ਦਾ ਸਨੇਹਾ। ਗ੍ਰਿਹਿ = ਹਿਰਦੇ = ਘਰ ਵਿਚ। ਭ੍ਰਮਿ ਭ੍ਰਮਿ = ਭਟਕ ਭਟਕ ਕੇ। ਤਉ = ਤਾਂ ਭੀ। ਨਦਰਿ = ਮੇਹਰ ਦੀ ਨਿਗਾਹ।੧।ਕਿਨ ਬਿਧਿ = ਕਿਨ੍ਹਾਂ ਤਰੀਕਿਆਂ ਨਾਲ? ਹੀਅਰੋ ਨਿਮਾਨੋ = ਇਹ ਵਿਚਾਰਾ ਹਿਰਦਾ। ਸਾਜਨ = ਹੇ ਸਾਜਨ! ਹਉ = ਹਉਂ, ਮੈਂ।੧।ਰਹਾਉ।ਧਨ = ਇਸਤ੍ਰੀ। ਪਿਰੁ = ਪਤੀ। ਪੀਓ = ਪੀਤਾ ਹੋਇਆ ਹੈ। ਮਦਰੋ = ਮਦਿਰਾ, ਸ਼ਰਾਬ। ਮਤਵੰਤਾ = ਮਸਤ। ਜਾਗੈ = ਜਾਗ ਪੈਂਦਾ ਹੈ। ਬੋਲੰਤਾ = ਬੁਲਾਂਦਾ ਹੈ, ਸੱਦਦਾ ਹੈ।੨।ਨਿਰਾਸੀ = ਉਦਾਸ। ਦਿਸੰਤਰ = ਦੇਸ ਅੰਤਰ। ਦੇਸ ਦਿਸੰਤਰ = ਦੇਸ ਦੇ ਦੇਸ ਅੰਤਰ, ਹੋਰ ਹੋਰ ਦੇਸ। ਝਾਗੇ = ਫਿਰੇ ਹਨ। ਨ ਪਾਵਉ = ਨ ਪਾਵਉਂ, ਮੈਂ ਨਹੀਂ ਲੱਭ ਸਕਦੀ। ਰਹਨੁ = ਟਿਕਾਉ, ਧੀਰਜ। ਪਗ = ਪੈਰ। ਬਿਨੁ ਪਗ ਪਾਗੇ = ਚਰਨਾਂ ਉਤੇ ਪੈਣ ਤੋਂ ਬਿਨਾ। ਪ੍ਰਭ ਮਿਲਹ = ਅਸੀ ਪ੍ਰਭੂ ਨੂੰ ਮਿਲ ਸਕਦੇ ਹਾਂ। ਸਭਾਗੇ = ਭਾਗਾਂ ਵਾਲੇ।੩।ਸਤ ਸੰਗਿ = ਸਤ ਸੰਗ ਵਿਚ। ਤਪਤਿ = ਤਪਸ਼, ਸੜਨ। ਘਰਹਿ = ਘਰ ਹੀ, ਘਰ ਵਿਚ ਹੀ। ਮੁਝਹਿ = ਮੈਨੂੰ। ਗੁਰਿ = ਗੁਰੂ ਨੇ। ਚੁਕਾਇਆ = ਦੂਰ ਕਰ ਦਿੱਤਾ।੪।ਜਹ = ਜਿੱਥੇ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਭਾਈ = ਹੇ ਭਾਈ! ਕਪਾਟੁ = ਕਵਾੜ, ਭਿੱਤ। ਠਹਰਾਈ = ਟਿਕ ਗਿਆ ਹੈ।੧।ਰਹਾਉ ਦੂਜਾ।ਅਰਥ: ਹੇ ਸੱਜਣ ਪ੍ਰਭੂ! ਮੈਨੂੰ) ਮਿਲ, ਮੈਂ ਤੈਥੋਂ ਸਦਕੇ ਜਾਂਦੀ ਹਾਂ। (ਤੇਰੇ ਦਰਸਨ ਤੋਂ ਬਿਨਾ) ਮੇਰਾ ਇਹ ਨਿਮਾਣਾ ਦਿਲ ਕਿਵੇਂ ਧੀਰਜ ਫੜੇ?।੧।ਰਹਾਉ।ਹੇ ਸਖੀ! ਪਿਆਰੇ ਦਾ ਸਨੇਹਾ ਸੁਣਦਿਆਂ ਮੈਂ ਹਿਰਦੇ-ਘਰ ਵਿਚ ਸੇਜ ਵਿਛਾ ਦਿੱਤੀ। ਮੇਰਾ ਹਿਰਦਾ ਪ੍ਰਭੂ ਨੂੰ ਮਿਲਣ ਵਾਸਤੇ ਖ਼ੁਸ਼ੀ ਨਾਲ ਨੱਚ ਪਿਆ, (ਪ੍ਰਭੂ ਨੂੰ) ਲੱਭਣ ਚੜ੍ਹ ਪਿਆ (ਕਿ) ਮੈਂ ਪਿਆਰੇ ਦੇ ਰਹਿਣ ਦੀ ਥਾਂ (ਕਿਤੇ) ਵੇਖਾਂ। (ਪਰ) ਭਟਕ ਭਟਕ ਕੇ ਮੁੜ ਆਇਆ, ਤਦੋਂ (ਪ੍ਰਭੂ ਦੀ ਮੇਹਰ ਦੀ) ਨਿਗਾਹ ਹਾਸਲ ਨਾਹ ਹੋਈ।੧।ਹੇ ਸਖੀ! ਜੀਵ-ਇਸਤ੍ਰੀ ਅਤੇ ਪ੍ਰਭੂ-ਪਤੀ ਦੀ ਇਕੋ ਹੀ ਸੇਜ (ਜੀਵ-ਇਸਤ੍ਰੀ ਦੇ ਹਿਰਦੇ ਵਿਚ) ਵਿਛੀ ਹੋਈ ਹੈ; ਪਰ ਜੀਵ-ਇਸਤ੍ਰੀ (ਸਦਾ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹੈ, ਪ੍ਰਭੂ-ਪਤੀ ਸਦਾ ਜਾਗਦਾ ਰਹਿੰਦਾ ਹੈ (ਮਾਇਆ ਦੇ ਪ੍ਰਭਾਵ ਤੋਂ ਉਤਾਂਹ ਰਹਿੰਦਾ ਹੈ) ਜੀਵ-ਇਸਤ੍ਰੀ ਇਉਂ ਮਸਤ ਰਹਿੰਦੀ ਹੈ ਜਿਵੇਂ ਇਸ ਨੇ ਸ਼ਰਾਬ ਪੀਤੀ ਹੋਈ ਹੈ। (ਹਾਂ) ਜੀਵ-ਇਸਤ੍ਰੀ ਜਾਗ ਭੀ ਸਕਦੀ ਹੈ, ਜੇ ਪ੍ਰਭੂ-ਪਤੀ (ਆਪ) ਜਗਾਏ।੨।ਹੇ ਸਖੀ! ਉਮਰ ਦੇ) ਬਹੁਤ ਸਾਰੇ ਦਿਨ ਬੀਤ ਗਏ ਹਨ, ਮੈਂ (ਬਾਹਰ) ਹੋਰ ਹੋਰ ਸਾਰੇ ਦੇਸ ਭਾਲ ਵੇਖੇ ਹਨ (ਪਰ ਬਾਹਰ ਪ੍ਰਭੂ-ਪਤੀ ਕਿਤੇ ਲੱਭਾ ਨਹੀਂ। ਹੁਣ) ਮੈਂ (ਬਾਹਰ ਭਾਲ ਭਾਲ ਕੇ) ਨਿਰਾਸ ਹੋ ਗਈ ਹਾਂ। ਉਸ ਪ੍ਰਭੂ-ਪਤੀ ਦੇ ਚਰਨਾਂ ਉਤੇ ਪੈਣ ਤੋਂ ਬਿਨਾ ਮੈਨੂੰ ਇਕ ਛਿਨ ਵਾਸਤੇ ਭੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। (ਹਾਂ, ਹੇ ਸਖੀ!) ਜੇ ਉਹ ਆਪ ਕਿਰਪਾਲ ਹੋਵੇ, ਤਾਂ ਸਹੀ ਜੀਵ-ਇਸਤ੍ਰੀਆਂ ਚੰਗੇ ਭਾਗ ਜਾਗਣ ਨਾਲ ਉਸ ਪ੍ਰਭੂ ਨੂੰ ਮਿਲ ਸਕਦੀਆਂ ਹਾਂ।੩।ਹੇ ਨਾਨਕ! ਆਖ-ਪ੍ਰਭੂ ਮੇਰੇ ਉਤੇ ਦਇਆਵਾਨ ਹੋ ਗਿਆ ਹੈ। ਮੈਨੂੰ ਉਸ ਨੇ ਸਤਸੰਗ ਵਿਚ ਮਿਲਾ ਦਿੱਤਾ ਹੈ। ਮੇਰੀ (ਵਿਕਾਰਾਂ ਦੀ) ਤਪਸ਼ ਮਿਟ ਗਈ ਹੈ, ਮੈਂ ਉਸ ਪ੍ਰਭੂ-ਪਤੀ ਨੂੰ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ। ਹੁਣ ਮੈਨੂੰ (ਆਪਣੇ) ਸਾਰੇ ਸਿੰਗਾਰ (ਉੱਦਮ) ਸੋਹਣੇ ਲੱਗ ਰਹੇ ਹਨ। ਗੁਰੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ।੪।ਹੇ ਭਾਈ! ਗੁਰੂ ਨੇ ਮੇਰੇ ਅੰਦਰੋਂ) ਭਰਮ ਦਾ ਪਰਦਾ ਲਾਹ ਦਿੱਤਾ ਹੈ, ਮੇਰਾ ਮਨ ਟਿਕ ਗਿਆ ਹੈ। ਹੁਣ ਮੈਂ ਜਿਧਰ ਵੇਖਦਾ ਹਾਂ, ਮੈਨੂੰ ਪ੍ਰਭੂ ਹੀ ਦਿੱਸਦਾ ਹੈ।੧।ਰਹਾਉ ਦੂਜਾ।੫।