BREAKING NEWS

Today’s Hukamnama from Gurdwara Sri Ber Sahib Ji Sultanpur Lodhi

71

ਸਨਿੱਚਰਵਾਰ 7 ਜੂਨ 2025 (25 ਜੇਠ ਸੰਮਤ 557 ਨਾਨਕਸ਼ਾਹੀ)

ਸੋਰਠਿ ਮਹਲਾ ੧ ਘਰੁ ੧ ॥ ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥ ਬਾਬਾ ਮਾਇਆ ਸਾਥਿ ਨ ਹੋਇ ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ ਰਹਾਉ ॥ ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ ॥ ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥ ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ ॥੨॥ ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ ॥ ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ ॥ ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥੩॥ ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ ॥ ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥ ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥੪॥੨॥ {ਪੰਨਾ 595}

ਪਦਅਰਥ: ਹਾਲੀ = ਹਲ ਵਾਹੁਣ ਵਾਲਾ। ਕਿਰਸਾਣੀ = ਵਾਹੀ ਦਾ ਕੰਮ। ਕਰਣੀ = ਉੱਚਾ ਆਚਰਨ। ਸਰਮੁ = {श्रम} ਮੇਹਨਤ, ਉੱਦਮ। ਰਖੁ = ਰਾਖਾ। ਗਰੀਬੀ ਵੇਸੁ = ਸਾਦਾ ਲਿਬਾਸ, ਸਾਦਗੀ, ਸਾਦਾ ਜੀਵਨ। ਭਾਉ = ਪ੍ਰੇਮ। ਕਰਮ = ਬਖ਼ਸ਼ਸ਼। ਕਰਮ ਕਰਿ = (ਪਰਮਾਤਮਾ ਦੀ) ਮੇਹਰ ਨਾਲ। ਜੰਮਸੀ = ਉੱਗੇਗਾ, ਪੈਦਾ ਹੋਵੇਗਾ। ਭਾਗਠ = ਭਾਗਾਂ ਵਾਲੇ, ਧਨਾਢ।੧।

ਬਾਬਾ = ਹੇ ਭਾਈ! ਇਨਿ = ਇਸ ਨੇ।ਰਹਾਉ।

ਹਾਣੁ = ਬੀਤਣਾ, ਗੁਜ਼ਰਨਾ। ਆਰਜਾ = ਉਮਰ। ਆਰਜਾ ਹਾਣੁ = ਉਮਰ ਦਾ ਬੀਤਣਾ, ਸੁਆਸਾਂ ਦਾ ਚਲਣਾ, ਹਰੇਕ ਸੁਆਸ ਦੇ ਨਾਲ ਨਾਮ ਨੂੰ ਪ੍ਰੋਣਾ। ਹਟੁ = ਦੁਕਾਨ। ਵਥੁ = ਸੌਦਾ। ਸੋਚ = ਵਿਚਾਰ। ਭਾਂਡਸਾਲ = ਭਾਂਡਿਆਂ ਦੀ ਕਤਾਰ। ਤਿਸੁ ਵਿਚ = ਉਸ ਭਾਂਡਸਾਲ ਵਿਚ। ਤਿਸ ਨੋ = ਉਸ ਨਾਮ = ਵਥ ਨੂੰ {ਨੋਟ: ‘ਜਿਸੁ, ਕਿਸੁ, ਤਿਸੁ, ਉਸੁ’ ਦਾ ਅੰਤਲਾ ੁ ਹੇਠ = ਲਿਖੇ ਸੰਬੰਧਕਾਂ ਦੇ ਨਾਲ ਉੱਡ ਜਾਂਦਾ ਹੈ– ਕਾ, ਕੇ, ਕੀ, ਦਾ, ਦੇ, ਦੀ, ਨੈ, ਨੋ, ਤੇ}। ਵਣਜਾਰੇ = ਸਤਸੰਗੀ। ਮਨ ਹਸੁ = ਮਨ ਦਾ ਹਾਸਾ, ਮਨ ਦਾ ਖਿੜਾਉ।੨।

ਸਾਸਤ = ਧਰਮ = ਪੁਸਤਕ। ਸਤੁ = ਉੱਚਾ ਆਚਰਨ। ਮਨ = ਹੇ ਮਨ! ਮਤੁ ਜਾਣਹਿ ਕਲੁ = ਮਤਾਂ ਕੱਲ ਜਾਣੇ, ਕੱਲ ਤੇ ਨਾਹ ਪਾਈਂ। ਦੇਸਿ = ਦੇਸ ਵਿਚ। ਸੁਖਿ = ਸੁਖ ਵਿਚ, ਆਤਮਕ ਆਨੰਦ ਵਿਚ। ਮਹਲੁ = ਟਿਕਾਣਾ।੩।

ਚਾਕਰੀ = ਨੌਕਰੀ। ਕੰਮੁ = ਨੌਕਰੀ ਦਾ ਕੰਮ। ਬੰਨੁ = ਰੋਕ ਰੱਖ। ਧਾਵਣੀ = ਨੌਕਰੀ ਦੀ ਦੌੜ = ਭੱਜ। ਤਾ = ਤਦੋਂ ਹੀ। ਧੰਨੁ = ਸ਼ਾਬਾਸ਼ੇ। ਚਵਗਣ = ਚੌਗੁਣਾ। ਵੰਨੁ = ਰੰਗ।੪।

ਨੋਟ: ਧਨ ਕਮਾਣ ਲਈ ਆਮ ਤੌਰ ਤੇ ਚਾਰ ਵਸੀਲੇ ਹਨ-ਵਾਹੀ, ਦੁਕਾਨ, ਵਪਾਰ, ਤੇ ਨੌਕਰੀ। ਇਸ ਸ਼ਬਦ ਵਿਚ ਫ਼ੁਰਮਾਂਦੇ ਹਨ ਕਿ ਦੁਨੀਆ ਦਾ ਧਨ ਤਾਂ ਇਥੋਂ ਤੁਰਨ ਵੇਲੇ ਸਾਥ ਛੱਡ ਦੇਵੇਗਾ, ਨਾਲ ਨਿਭਣ ਵਾਲਾ ਨਾਮ-ਧਨ ਹੈ, ਉਸ ਨੂੰ ਇਕੱਠਾ ਕਰਨ ਲਈ ਉਵੇਂ ਹੀ ਮੇਹਨਤ ਕਰਨੀ ਹੈ ਜਿਵੇਂ ਕਿਸਾਨ ਵਾਹੀ ਦੀ ਮੇਹਨਤ ਕਰਦਾ ਹੈ, ਜਿਵੇਂ ਦੁਕਾਨਦਾਰ ਦੁਕਾਨ ਵਿਚ, ਜਿਵੇਂ ਵਪਾਰੀ ਵਪਾਰ ਵਿਚ ਤੇ ਜਿਵੇਂ ਮੁਲਾਜ਼ਮ ਨੌਕਰੀ ਵਿਚ।

ਅਰਥ: ਹੇ ਭਾਈ! ਇਥੋਂ ਤੁਰਨ ਵੇਲੇ) ਮਾਇਆ ਜੀਵ ਦੇ ਨਾਲ ਨਹੀਂ ਜਾਂਦੀ (ਇਹ ਹਰੇਕ ਨੂੰ ਪਤਾ ਹੈ ਫਿਰ ਭੀ) ਇਸ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਕੋਈ ਵਿਰਲਾ ਮਨੁੱਖ ਸਮਝਦਾ ਹੈ (ਕਿ ਸਦਾ ਨਾਲ ਨਿਭਣ ਵਾਲਾ ਧਨ ਹੋਰ ਹੈ) ।੧।ਰਹਾਉ।

(ਹੇ ਭਾਈ! ਸਦਾ ਨਾਲ ਨਿਭਣ ਵਾਲਾ ਧਨ ਕਮਾਣ ਲਈ) ਮਨ ਨੂੰ ਹਾਲੀ (ਵਰਗਾ ਉੱਦਮੀ) ਬਣਾ, ਉਚੇ ਆਚਰਨ ਨੂੰ ਵਾਹੀ ਸਮਝ, ਮੇਹਨਤ (ਨਾਮ ਫ਼ਸਲ ਵਾਸਤੇ) ਪਾਣੀ ਹੈ, (ਇਹ ਆਪਣਾ) ਸਰੀਰ (ਹੀ) ਪੈਲੀ ਹੈ। (ਇਸ ਪੈਲੀ ਵਿਚ) ਪਰਮਾਤਮਾ ਦਾ ਨਾਮ ਬੀਜ, (ਬੀ ਬੀਜ ਕੇ ਉਸ ਨੂੰ ਪੰਛੀਆ ਤੋਂ ਬਚਾਣ ਲਈ ਸੁਹਾਗਾ ਫੇਰਨਾ ਜ਼ਰੂਰੀ ਹੈ, ਇਸੇ ਤਰ੍ਹਾਂ ਜੇ ਸੰਤੋਖ ਵਾਲਾ ਜੀਵਨ ਨਹੀਂ, ਤਾਂ ਮਾਇਆ ਦੀ ਤ੍ਰਿਸ਼ਨਾ ਨਾਮ-ਬੀਜ ਨੂੰ ਮੁਕਾ ਦੇਵੇਗੀ) ਸੰਤੋਖ (ਨਾਮ-ਬੀਜ ਨੂੰ ਤ੍ਰਿਸ਼ਨਾ-ਪੰਛੀਆਂ ਤੋਂ ਬਚਾਣ ਲਈ) ਸੁਹਾਗਾ ਹੈ, ਸਾਦਾ ਜੀਵਨ (ਨਾਮ-ਫ਼ਸਲ ਦੀ ਰਾਖੀ ਕਰਨ ਲਈ) ਰਾਖਾ ਹੈ। (ਹੇ ਭਾਈ! ਇਹ ਵਾਹੀ ਕੀਤਿਆਂ ਸਰੀਰ-ਪੈਲੀ ਵਿਚ) ਪਰਮਾਤਮਾ ਦੀ ਮੇਹਰ ਨਾਲ ਪ੍ਰੇਮ ਪੈਦਾ ਹੋਵੇਗਾ। ਵੇਖ, (ਜਿਨ੍ਹਾਂ ਇਹ ਵਾਹੀ ਕੀਤੀ) ਉਹ ਹਿਰਦੇ (ਨਾਮ-ਧਨ ਨਾਲ) ਧਨਾਢ ਹੋ ਗਏ।੧।

(ਹੇ ਭਾਈ!) ਉਮਰ ਦੇ ਹਰੇਕ ਸੁਆਸ ਨੂੰ ਖੱਟੀ ਬਣਾ, ਇਸ ਹੱਟੀ ਵਿਚ ਸਦਾ-ਥਿਰ ਰਹਿਣ ਵਾਲਾ ਹਰੀ ਨਾਮ ਸੌਦਾ ਬਣਾ। ਆਪਣੀ ਸੁਰਤਿ ਤੇ ਵਿਚਾਰ-ਮੰਡਲ ਨੂੰ ਭਾਂਡਿਆਂ ਦੀ ਕਤਾਰ ਬਣਾ, ਇਸ ਭਾਂਡਸਾਲ ਵਿਚ ਇਸ ਹਰੀ-ਨਾਮ ਸੌਦੇ ਨੂੰ ਪਾ। ਇਹ ਨਾਮ-ਵਣਜ ਕਰਨ ਵਾਲੇ ਸਤਸੰਗੀਆਂ ਨਾਲ ਮਿਲ ਕੇ ਤੂੰ ਭੀ ਹਰੀ-ਨਾਮ ਦਾ ਵਣਜ ਕਰ। ਇਸ ਵਣਜ ਵਿਚੋਂ ਖੱਟੀ ਮਿਲੇਗੀ ਮਨ ਦਾ ਖਿੜਾਓ।੨।

(ਹੇ ਭਾਈ! ਸੌਦਾਗਰਾਂ ਵਾਂਗ ਹਰੀ-ਨਾਮ ਦਾ ਸੌਦਾਗਰ ਬਣ) ਧਰਮ-ਪੁਸਤਕਾਂ (ਦਾ ਉਪਦੇਸ਼) ਸੁਣਿਆ ਕਰ, ਇਹ ਹਰੀ-ਨਾਮ ਦੀ ਸੌਦਾਗਰੀ ਹੈ, (ਸੌਦਾਗਰੀ ਦਾ ਮਾਲ ਲੱਦਣ ਵਾਸਤੇ) ਉੱਚੇ ਆਚਰਨ ਨੂੰ ਘੋੜੇ ਬਣਾ ਕੇ ਲੈ ਤੁਰ, (ਜ਼ਿੰਦਗੀ ਦੇ ਸਫ਼ਰ ਵਿਚ ਭੀ ਖ਼ਰਚ ਦੀ ਲੋੜ ਹੈ) ਚੰਗੇ ਗੁਣਾਂ ਨੂੰ ਜੀਵਨ-ਸਫ਼ਰ ਦਾ ਖ਼ਰਚ ਬਣਾ। ਹੇ ਮਨ! ਇਸ ਵਪਾਰ ਦੇ ਉੱਦਮ ਨੂੰ) ਕੱਲ ਤੇ ਨਾਹ ਪਾਈਂ। ਇਸ ਵਪਾਰ ਨਾਲ ਜੇ ਤੂੰ ਪਰਮਾਤਮਾ ਦੇ ਦੇਸ ਵਿਚ (ਪਰਮਾਤਮਾ ਦੇ ਚਰਨਾਂ ਵਿਚ) ਟਿਕ ਜਾਏਂ, ਤਾਂ ਆਤਮਕ ਸੁਖ ਵਿਚ ਥਾਂ ਲੱਭ ਲਏਂਗਾ।੩।

(ਹੇ ਭਾਈ! ਨੌਕਰ ਰੋਜ਼ੀ ਕਮਾਣ ਲਈ ਮੇਹਨਤ ਨਾਲ ਮਾਲਕ ਦੀ ਸੇਵਾ ਕਰਦਾ ਹੈ, ਤੂੰ ਭੀ) ਪੂਰੇ ਧਿਆਨ ਨਾਲ (ਪ੍ਰਭੂ-ਮਾਲਕ ਦੀ) ਨੌਕਰੀ ਕਰ (ਜਿਵੇਂ ਨੌਕਰ ਆਪਣੇ ਮਾਲਕ ਦੇ ਹੁਕਮ ਨੂੰ ਭੁਲਾਂਦਾ ਨਹੀਂ ਤੂੰ ਭੀ) ਪਰਮਾਤਮਾ-ਮਾਲਕ ਦੇ ਨਾਮ ਨੂੰ ਮਨ ਵਿਚ ਪੱਕਾ ਕਰ ਰੱਖ, ਇਹੀ ਹੈ ਉਸ ਦੀ ਸੇਵਾ। ਵਿਕਾਰਾਂ ਨੂੰ (ਆਪਣੇ ਨੇੜੇ ਆਉਣੋਂ) ਰੋਕ ਦੇ, ਇਹ ਹੈ ਪਰਮਾਤਮਾ ਦੀ ਨੌਕਰੀ ਵਾਸਤੇ ਦੌੜ-ਭੱਜ। (ਜੇ ਇਹ ਉੱਦਮ ਕਰੇਂਗਾ) ਤਾਂ ਹਰ ਕੋਈ ਤੈਨੂੰ ਸ਼ਾਬਾਸ਼ੇ ਆਖੇਗਾ। ਹੇ ਨਾਨਕ! ਇਹ ਨੌਕਰੀ ਕੀਤਿਆਂ ਪਰਮਾਤਮਾ ਤੈਨੂੰ ਮੇਹਰ ਦੀ ਨਜ਼ਰ ਨਾਲ ਵੇਖੇਗਾ, ਤੇਰੀ ਜਿੰਦ ਉਤੇ ਚੌ-ਗੁਣਾਂ ਆਤਮਕ ਰੂਪ ਚੜ੍ਹੇਗਾ।੪।੨।