ਗੁ: ਮਾਰਕਫੈੱਡ ਕਪੂਰਥਲਾ ਤੋਂ ਗੁ: ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੇ ਨਗਰ ਕੀਰਤਨ ਦਾ ਨਿੱਘਾ ਸਵਾਗਤ

131

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ 181ਵੇਂ ਸ਼ਹੀਦੀ ਜੋੜ ਮੇਲੇ (ਮੇਲਾ ਸਤਾਈਆਂ) ਨੂੰ ਸਮਰਪਿਤ ਗੁਰਦੁਆਰਾ ਸੰਗਤ ਸਾਹਿਬ ਮਾਰਕਫੈੱਡ ਕਪੂਰਥਲਾ ਤੋਂ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਦਾ ਇਤਿਹਾਸਿਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਮਾਰਕਫੈੱਡ ਚੌਂਕ ਕਪੂਰਥਲਾ ਤੋਂ ਭਾਈ ਸੁਰਿੰਦਰ ਸਿੰਘ ਹੈੱਡ ਗ੍ਰੰਥੀ, ਪ੍ਰਬੰਧਕ ਕਮੇਟੀ ਅਤੇ ਸਮੁੱਚੇ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੁੰਦਰ ਪਾਲਕੀ ਸਾਹਿਬ ਸਮੇਤ ਮੁਹੱਲਾ ਸੰਤ ਪੁਰਾ, ਪਿੰਡ ਭਗਤ ਪੁਰ (ਦੰਦੂਪੁਰ), ਭਗਵਾਨ ਪੁਰ, ਝੁੱਗੀਆਂ ਗੁਲਾਮ, ਮਜਾਹਦਪੁਰ ਕੁਲੀਆਂ, ਰੱਤਾ ਕਦੀਮ ਖਾਲੂ, ਕੋਲੀਆਂ ਵਾਲ, ਅੱਡਾ ਸਾਬੂਵਾਲ, ਅੱਡਾ ਦਰੀਏਵਾਲ, ਟੋਡਰਵਾਲ, ਨਵਾਂ ਠੱਟਾ, ਪੁਰਾਣਾ ਠੱਟਾ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਪਹੁੰਚਿਆ। ਨਗਰ ਕੀਰਤਨ ਮੌਕੇ ਵੱਖ-ਵੱਖ ਕੀਰਤਨੀ ਜਥਿਆਂ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਦੀਆਂ ਬੀਬੀਆਂ ਵੱਲੋਂ ਹਰ ਜਸ ਕੀਰਤਨ ਕੀਤਾ ਗਿਆ।

ਸਮੁੱਚੇ ਨਗਰਾਂ ਦੀਆਂ ਸੰਗਤਾਂ ਵੱਲੋਂ ਜਿੱਥੇ ਨਗਰ ਕੀਰਤਨ ਵਾਲੀਆਂ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਹੀ ਉਹਨਾਂ ਲਈ ਚਾਹ ਪਾਣੀ ਅਤੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ। ਸਮੁੱਚੇ ਰਸਤੇ ’ਚ ਗੱਤਕਾ ਪਾਰਟੀ ਦੇ ਸਿੰਘਾਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਗਏ। ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਣ ’ਤੇ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਵੱਲੋਂ ਪੰਜ ਪਿਆਰਿਆਂ, ਪ੍ਰਬੰਧਕਾਂ ਅਤੇ ਸੰਗਤਾਂ ਦਾ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।