ਅੱਜ ਸੇਵਾ ਮੁਕਤੀ ‘ਤੇ ਵਿਸ਼ੇਸ਼-ਗਣਿਤ ਅਧਿਆਪਕਾ ਰਜਿੰਦਰ ਕੌਰ

451

ਸਰਕਾਰੀ ਹਾਈ ਸਕੂਲ ਬੂੜੇਵਾਲ ਵਿਖੇ ਲਗਾਤਾਰ 25 ਸਾਲ ਬਤੌਰ ਗਣਿਤ ਅਧਿਆਪਕਾ ਵਜੋਂ ਵਡਮੁੱਲੀਆਂ ਸੇਵਾਵਾਂ ਦੇਣ ਵਾਲੀ ਅਧਿਆਪਕਾ ਰਜਿੰਦਰ ਕੌਰ ਦਾ ਜਨਮ 25 ਅਪ੍ਰੈਲ 1967 ਨੂੰ ਹਲਕੇ ਦੇ ਪ੍ਰਸਿੱਧ ਪਿੰਡ ਠੱਟਾ ਨਵਾਂ ਵਿਖੇ ਪਿਤਾ ਹਰਭਜਨ ਸਿੰਘ ਅਤੇ ਮਾਤਾ ਹਰਬੰਸ ਕੌਰ ਦੀ ਕੁੱਖੋਂ ਹੋਇਆ। ਮੁੱਢਲੀ ਵਿਦਿਆ ਸਰਕਾਰੀ ਮਿਡਲ ਸਕੂਲ ਠੱਟਾ ਨਵਾਂ ਅਤੇ ਦਸਵੀਂ ਸਰਕਾਰੀ ਹਾਈ ਸਕੂਲ ਟਿੱਬਾ ਤੋਂ ਪ੍ਰਾਪਤ ਕੀਤੀ ।ਗਰੈਜੂਏਸ਼ਨ ਦੀ ਪੜ੍ਹਾਈ ਐਸ ਡੀ ਕਾਲਜ ਸੁਲਤਾਨਪੁਰ ਲੋਧੀ ਅਤੇ ਬੀ ਐਡ ਦੀ ਡਿਗਰੀ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਕਪੂਰਥਲਾ ਤੋਂ ਕੀਤੀ। ਆਪ ਦਾ ਵਿਆਹ 02-04-1989 ਨੂੰ ਪਿੰਡ ਸੈਦਪੁਰ ਦੇ ਮਾਸਟਰ ਬਲਵਿੰਦਰ ਸਿੰਘ ਹੀਰਾ ਨਾਲ ਹੋਇਆ। ਆਪ ਦੇ ਘਰ ਦੋ ਪੁੱਤਰਾਂ ਪੱਲਵਪ੍ਰੀਤ ਸਿੰਘ ਅਤੇ ਵਿਸ਼ਵਪ੍ਰੀਤ ਸਿੰਘ ਨੇ ਜਨਮ ਲਿਆ ਜੋ ਇੰਜੀਨੀਅਰਿੰਗ ਦੀ ਉਚੇਰੀ ਪੜ੍ਹਾਈ ਕਰਨ ਤੋਂ ਬਾਅਦ ਕੈਨੇਡਾ ਵਿੱਚ ਚੰਗੀਆਂ ਕੰਪਨੀਆਂ ਵਿੱਚ ਤਾਇਨਾਤ ਹਨ। ਰਜਿੰਦਰ ਕੌਰ ਮਿਤੀ 14.08.1997 ਨੂੰ ਸਿੱਖਿਆ ਵਿਭਾਗ ਚ ਬਤੌਰ ਈ ਟੀ ਟੀ ਅਧਿਆਪਕ ਭਰਤੀ ਹੋ ਕੇ ਸਰਕਾਰੀ ਪ੍ਰਾਇਮਰੀ ਸਕੂਲ ਬਾਜਾ ਤੋਂ ਆਪਣੀ ਸਰਵਿਸ ਸ਼ੁਰੂ ਕੀਤੀ। 2001 ਨੂੰ ਆਪ ਦੀ ਤਰੱਕੀ ਗਣਿਤ ਅਧਿਆਪਕਾ ਵਜੋਂ ਹੋਈ ਤੇ ਸਰਕਾਰੀ ਹਾਈ ਸਕੂਲ ਬੂੜੇਵਾਲ ਵਿਖੇ ਸੇਵਾਵਾਂ ਸ਼ੁਰੂ ਕੀਤੀਆਂ। ਲਗਾਤਾਰ 25 ਸਾਲ ਇਸ ਸਕੂਲ ਵਿੱਚ ਸ਼ਾਨਦਾਰ ਸੇਵਾਵਾਂ ਦਿੰਦਿਆਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੇ ਮਨਾਂ ਵਿੱਚ ਵਿਸ਼ੇਸ਼ ਥਾਂ ਬਣਾਈ। ਅੱਜ ਸੇਵਾ ਮੁਕਤੀ ਤੇ ਸਮੂਹ ਅਧਿਆਪਕਾਂ, ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ।