Today’s Hukamnama from Gurdwara Sri Ber Sahib Ji Sultanpur Lodhi

29

ਸ਼ੁੱਕਰਵਾਰ 7 ਮਾਰਚ 2025 (25 ਫੱਗਣ ਸੰਮਤ 556 ਨਾਨਕਸ਼ਾਹੀ)

ਸੂਹੀ ਮਹਲਾ ੫ ॥ ਰਹਣੁ ਨ ਪਾਵਹਿ ਸੁਰਿ ਨਰ ਦੇਵਾ ॥ ਊਠਿ ਸਿਧਾਰੇ ਕਰਿ ਮੁਨਿ ਜਨ ਸੇਵਾ ॥੧॥ ਜੀਵਤ ਪੇਖੇ ਜਿਨ੍ਹ੍ਹੀ ਹਰਿ ਹਰਿ ਧਿਆਇਆ ॥ ਸਾਧਸੰਗਿ ਤਿਨ੍ਹ੍ਹੀ ਦਰਸਨੁ ਪਾਇਆ ॥੧॥ ਰਹਾਉ ॥ ਬਾਦਿਸਾਹ ਸਾਹ ਵਾਪਾਰੀ ਮਰਨਾ ॥ ਜੋ ਦੀਸੈ ਸੋ ਕਾਲਹਿ ਖਰਨਾ ॥੨॥ ਕੂੜੈ ਮੋਹਿ ਲਪਟਿ ਲਪਟਾਨਾ ॥ ਛੋਡਿ ਚਲਿਆ ਤਾ ਫਿਰਿ ਪਛੁਤਾਨਾ ॥੩॥ ਕ੍ਰਿਪਾ ਨਿਧਾਨ ਨਾਨਕ ਕਉ ਕਰਹੁ ਦਾਤਿ ॥ ਨਾਮੁ ਤੇਰਾ ਜਪੀ ਦਿਨੁ ਰਾਤਿ ॥੪॥੮॥੧੪॥ {ਪੰਨਾ 740}

ਪਦਅਰਥ: ਰਹਣੁ = ਸਦਾ ਦਾ ਟਿਕਾਣਾ। ਨ ਪਾਵਹਿ = ਨਹੀਂ ਹਾਸਲ ਕਰ ਸਕਦੇ। ਸੁਰਿ ਨਰ = ਦੈਵੀ ਮਨੁੱਖ। ਦੇਵਾ = ਦੇਵਤੇ। ਊਠਿ ਸਿਧਾਰੇ = ਉੱਠ ਕੇ ਤੁਰ ਪਏ। ਕਰਿ = ਕਰ ਕੇ।੧।

ਜੀਵਤ = ਜੀਊਂਦੇ, ਆਤਮਕ ਜੀਵਨ ਵਾਲੇ। ਪੇਖੇ = ਵੇਖੇ ਹਨ। ਸੰਗਿ = ਸੰਗਤਿ ਵਿਚ। ਤਿਨ੍ਹ੍ਹੀ = ਉਹਨਾਂ ਨੇ ਹੀ।੧।ਰਹਾਉ।

ਸਾਹ = ਸ਼ਾਹ। ਦੀਸੈ = ਦਿੱਸਦਾ ਹੈ। ਸੋ = ਉਸ ਨੂੰ। ਕਾਲਹਿ = ਕਾਲ ਨੇ। ਖਰਨਾ = ਲੈ ਜਾਣਾ ਹੈ।੨।

ਮੋਹਿ = ਮੋਹਿ ਵਿਚ। ਛੋਡਿ = ਛੱਡ ਕੇ।੩।

ਕ੍ਰਿਪਾ ਨਿਧਾਨ = ਹੇ ਕਿਰਪਾ ਦੇ ਖ਼ਜ਼ਾਨੇ! ਜਪੀ = ਜਪੀਂ, ਮੈਂ ਜਪਦਾ ਰਹਾਂ।੪।

ਅਰਥ: ਹੇ ਭਾਈ! ਆਤਮਕ ਜੀਵਨ ਵਾਲੇ (ਸਫਲ ਜੀਵਨ ਵਾਲੇ ਸਿਰਫ਼ ਉਹੀ) ਵੇਖੇ ਜਾਂਦੇ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹਨਾਂ ਨੇ ਹੀ ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਦਰਸਨ ਕੀਤਾ ਹੈ।੧।ਰਹਾਉ।

ਹੇ ਭਾਈ! ਅਨੇਕਾਂ ਮਨੁੱਖ ਆਪਣੇ ਆਪ ਨੂੰ) ਦੈਵੀ ਮਨੁੱਖ, ਦੇਵਤੇ (ਅਖਵਾ ਗਏ, ਅਨੇਕਾਂ ਆਪਣੇ ਆਪ ਨੂੰ) ਰਿਸ਼ੀ ਮੁਨੀ (ਅਖਵਾ ਗਏ, ਅਨੇਕਾਂ ਹੀ ਉਹਨਾਂ ਦੀ) ਸੇਵਾ ਕਰ ਕੇ (ਜਗਤ ਤੋਂ ਆਖ਼ਰ ਆਪੋ ਆਪਣੀ ਵਾਰੀ) ਚਲੇ ਜਾਂਦੇ ਰਹੇ, (ਕੋਈ ਭੀ ਇਥੇ) ਸਦਾ ਲਈ ਟਿਕੇ ਨਹੀਂ ਰਹਿ ਸਕਦੇ।੧।

ਹੇ ਭਾਈ! ਸ਼ਾਹ, ਵਾਪਾਰੀ, ਬਾਦਸ਼ਾਹ (ਸਭਨਾਂ ਨੇ ਆਖ਼ਰ) ਮਰਨਾ ਹੈ। ਜੇਹੜਾ ਭੀ ਕੋਈ (ਇਥੇ) ਦਿੱਸਦਾ ਹੈ, ਹਰੇਕ ਨੂੰ ਮੌਤ ਨੇ ਲੈ ਜਾਣਾ ਹੈ।੨।

ਹੇ ਭਾਈ! ਮਨੁੱਖ ਝੂਠੇ ਮੋਹ ਵਿਚ ਸਦਾ ਫਸਿਆ ਰਹਿੰਦਾ ਹੈ (ਤੇ, ਪਰਮਾਤਮਾ ਨੂੰ ਭੁਲਾਈ ਰੱਖਦਾ ਹੈ, ਪਰ ਜਦੋਂ ਦੁਨੀਆ ਦੇ ਪਦਾਰਥ) ਛੱਡ ਕੇ ਤੁਰਦਾ ਹੈ, ਤਾਂ ਤਦੋਂ ਪਛੁਤਾਂਦਾ ਹੈ।੩।

ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਨੂੰ) ਨਾਨਕ ਨੂੰ (ਇਹ) ਦਾਤਿ ਦੇਹ (ਕਿ) ਮੈਂ (ਨਾਨਕ) ਦਿਨ ਰਾਤ ਤੇਰਾ ਨਾਮ ਜਪਦਾ ਰਹਾਂ।੪।੮।੧੪।