ਐਤਵਾਰ 9 ਫਰਵਰੀ 2025 (27 ਮਾਘ ਸੰਮਤ 556 ਨਾਨਕਸ਼ਾਹੀ)
ਰਾਗੁ ਸੂਹੀ ਮਹਲਾ ੧ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ ॥ ਘਰਿ ਆਪਨੜੈ ਖੜੀ ਤਕਾ ਮੈ ਮਨਿ ਚਾਉ ਘਨੇਰਾ ਰਾਮ ॥ ਮਨਿ ਚਾਉ ਘਨੇਰਾ ਸੁਣਿ ਪ੍ਰਭ ਮੇਰਾ ਮੈ ਤੇਰਾ ਭਰਵਾਸਾ ॥ ਦਰਸਨੁ ਦੇਖਿ ਭਈ ਨਿਹਕੇਵਲ ਜਨਮ ਮਰਣ ਦੁਖੁ ਨਾਸਾ ॥ ਸਗਲੀ ਜੋਤਿ ਜਾਤਾ ਤੂ ਸੋਈ ਮਿਲਿਆ ਭਾਇ ਸੁਭਾਏ ॥ ਨਾਨਕ ਸਾਜਨ ਕਉ ਬਲਿ ਜਾਈਐ ਸਾਚਿ ਮਿਲੇ ਘਰਿ ਆਏ ॥੧॥ ਘਰਿ ਆਇਅੜੇ ਸਾਜਨਾ ਤਾ ਧਨ ਖਰੀ ਸਰਸੀ ਰਾਮ ॥ ਹਰਿ ਮੋਹਿਅੜੀ ਸਾਚ ਸਬਦਿ ਠਾਕੁਰ ਦੇਖਿ ਰਹੰਸੀ ਰਾਮ ॥ ਗੁਣ ਸੰਗਿ ਰਹੰਸੀ ਖਰੀ ਸਰਸੀ ਜਾ ਰਾਵੀ ਰੰਗਿ ਰਾਤੈ ॥ ਅਵਗਣ ਮਾਰਿ ਗੁਣੀ ਘਰੁ ਛਾਇਆ ਪੂਰੈ ਪੁਰਖਿ ਬਿਧਾਤੈ ॥ ਤਸਕਰ ਮਾਰਿ ਵਸੀ ਪੰਚਾਇਣਿ ਅਦਲੁ ਕਰੇ ਵੀਚਾਰੇ ॥ ਨਾਨਕ ਰਾਮ ਨਾਮਿ ਨਿਸਤਾਰਾ ਗੁਰਮਤਿ ਮਿਲਹਿ ਪਿਆਰੇ ॥੨॥ ਵਰੁ ਪਾਇਅੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ ॥ ਪਿਰਿ ਰਾਵਿਅੜੀ ਸਬਦਿ ਰਲੀ ਰਵਿ ਰਹਿਆ ਨਹ ਦੂਰੀ ਰਾਮ ॥ ਪ੍ਰਭੁ ਦੂਰਿ ਨ ਹੋਈ ਘਟਿ ਘਟਿ ਸੋਈ ਤਿਸ ਕੀ ਨਾਰਿ ਸਬਾਈ ॥ ਆਪੇ ਰਸੀਆ ਆਪੇ ਰਾਵੇ ਜਿਉ ਤਿਸ ਦੀ ਵਡਿਆਈ ॥ ਅਮਰ ਅਡੋਲੁ ਅਮੋਲੁ ਅਪਾਰਾ ਗੁਰਿ ਪੂਰੈ ਸਚੁ ਪਾਈਐ ॥ ਨਾਨਕ ਆਪੇ ਜੋਗ ਸਜੋਗੀ ਨਦਰਿ ਕਰੇ ਲਿਵ ਲਾਈਐ ॥੩॥ ਪਿਰੁ ਉਚੜੀਐ ਮਾੜੜੀਐ ਤਿਹੁ ਲੋਆ ਸਿਰਤਾਜਾ ਰਾਮ ॥ ਹਉ ਬਿਸਮ ਭਈ ਦੇਖਿ ਗੁਣਾ ਅਨਹਦ ਸਬਦ ਅਗਾਜਾ ਰਾਮ ॥ ਸਬਦੁ ਵੀਚਾਰੀ ਕਰਣੀ ਸਾਰੀ ਰਾਮ ਨਾਮੁ ਨੀਸਾਣੋ ॥ ਨਾਮ ਬਿਨਾ ਖੋਟੇ ਨਹੀ ਠਾਹਰ ਨਾਮੁ ਰਤਨੁ ਪਰਵਾਣੋ ॥ ਪਤਿ ਮਤਿ ਪੂਰੀ ਪੂਰਾ ਪਰਵਾਨਾ ਨਾ ਆਵੈ ਨਾ ਜਾਸੀ ॥ ਨਾਨਕ ਗੁਰਮੁਖਿ ਆਪੁ ਪਛਾਣੈ ਪ੍ਰਭ ਜੈਸੇ ਅਵਿਨਾਸੀ ॥੪॥੧॥੩॥ {ਪੰਨਾ 764-765}ਪਦਅਰਥ: ਆਵਹੁ = ਆਓ। ਸਜਣਾ = ਹੇ ਸੱਜਣ = ਪ੍ਰਭੂ! ਹਉ = ਮੈਂ। ਦੇਖਾ = ਦੇਖਾਂ, ਮੈਂ ਵੇਖਾਂ। ਘਰਿ = ਹਿਰਦੇ = ਘਰ ਵਿਚ, ਅੰਤਰ = ਆਤਮੇ। ਖੜੀ ਤਕਾ = ਖਲੋਤੀ ਉਡੀਕ ਰਹੀ ਹਾਂ। ਮੈ ਮਨਿ = ਮੇਰੇ ਮਨ ਵਿਚ। ਘਨੇਰਾ = ਬਹੁਤ। ਪ੍ਰਭ ਮੇਰਾ = ਹੇ ਮੇਰੇ ਪ੍ਰਭੂ! ਮੈ = ਮੈਨੂੰ। ਨਿਹਕੇਵਲ = ਪਵਿਤ੍ਰ, ਨਿਰਲੇਪ। ਜਾਤਾ = ਪਛਾਣਿਆ। ਤੂ ਸੋਈ = ਤੈਨੂੰ ਹੀ। ਭਾਇ = ਪ੍ਰੇਮ ਦੀ ਰਾਹੀਂ। ਭਾਉ = ਪ੍ਰੇਮ। ਸਾਚਿ = ਸਦਾ-ਥਿਰ ਨਾਮ ਵਿਚ ਜੁੜਿਆਂ। ਘਰਿ = ਹਿਰਦੇ ਵਿਚ। ਆਏ = ਆਇ, ਆ ਕੇ।੧।ਘਰਿ = ਘਰ ਵਿਚ, ਹਿਰਦੇ ਵਿਚ। ਆਇਅੜੇ ਸਾਜਨਾ = ਪਿਆਰੇ ਸੱਜਣ ਜੀ ਆਏ, ਪਿਆਰੇ ਸੱਜਣ = ਪ੍ਰਭੂ ਜੀ ਪ੍ਰਗਟ ਹੋਏ। ਤਾ = ਤਦੋਂ। ਧਨ = ਜੀਵ = ਇਸਤ੍ਰੀ। ਖਰੀ = ਬਹੁਤ। ਸਰਸੀ = ਸ = ਰਸੀ, ਖ਼ੁਸ਼, ਪ੍ਰਸੰਨ। ਹਰਿ ਮੋਹਿਅੜੀ ਸਾਚ ਸਬਦਿ = ਸਾਚ ਹਰਿ ਸਬਦਿ ਮੋਹਿਅੜੀ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਨੇ ਖਿੱਚ ਪਾਈ। ਰਹੰਸੀ = ਇਕਾਗਰ = ਚਿਤ, ਅਡੋਲ = ਚਿਤ। ਸੰਗਿ = ਨਾਲ। ਜਾ = ਜਦੋਂ। ਰਾਵੀ = ਮਾਣਿਆ, ਆਪਣੇ ਨਾਲ ਜੋੜ ਲਿਆ। ਰੰਗਿ ਰਾਤੈ = ਪ੍ਰੇਮ ਵਿਚ ਰੱਤੇ ਪ੍ਰਭੂ ਨੇ। ਮਾਰਿ = ਮਾਰ ਕੇ। ਗੁਣੀ = ਗੁਣਾਂ ਨਾਲ। ਘਰੁ = ਹਿਰਦਾ। ਛਾਇਆ = ਢੱਕ ਦਿੱਤਾ, ਭਰਪੂਰ ਕਰ ਦਿੱਤਾ। ਪੁਰਖਿ = ਪੁਰਖ ਨੇ। ਬਿਧਾਤੈ = ਵਿਧਾਤੇ ਨੇ, ਸਿਰਜਣਹਾਰ ਨੇ। ਤਸਕਰ = ਕਾਮਾਦਿਕ ਚੋਰ। ਪੰਚਾਇਣਿ = ਪੰਚਾਇਣ ਵਿਚ। ਪੰਚਾਇਣੁ = {ਪੰਚ = ਅਯਨ। ਪੰਚ = ਸਾਧ ਸੰਗਤਿ। ਅਯਨ = ਘਰ} ਸਾਧ ਸੰਗਤਿ ਜਿਸ ਦਾ ਘਰ ਹੈ, ਜੋ ਸਾਧ ਸੰਗਤਿ ਵਿਚ ਵੱਸਦਾ ਹੈ, ਪਰਮਾਤਮਾ। ਵੀਚਾਰੇ = ਵੀਚਾਰਿ, ਪੂਰੀ ਵਿਚਾਰ ਨਾਲ। ਅਦਲੁ = ਨਿਆਂ। ਨਿਸਤਾਰਾ = ਪਾਰ = ਉਤਾਰਾ। ਮਿਲਹਿ ਪਿਆਰੇ = ਪਿਆਰੇ ਪ੍ਰਭੂ ਜੀ ਮਿਲ ਪੈਂਦੇ ਹਨ।੨।ਵਰੁ = ਖਸਮ = ਪ੍ਰਭੂ। ਪਾਇਅੜਾ = ਲੱਭ ਲਿਆ। ਬਾਲੜੀਏ = ਜਿਸ ਜੀਵ = ਇਸਤ੍ਰੀ ਨੇ। ਮਨਸਾ = ਇੱਛਾ {मनीषा}। ਪਿਰਿ = ਪਿਰ ਨੇ, ਖਸਮ ਨੇ। ਰਾਵਿਅੜੀ = ਆਪਣੇ ਚਰਨਾਂ ਵਿਚ ਜੋੜ ਲਈ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਰਵਿ ਰਹਿਆ = ਸਭ ਥਾਈਂ ਵਿਆਪਕ (ਦਿੱਸਦਾ ਹੈ) । ਘਟਿ ਘਟਿ = ਹਰੇਕ ਘਟ ਵਿਚ। ਸਬਾਈ ਨਾਰਿ = ਸਾਰੀਆਂ ਜੀਵ = ਇਸਤ੍ਰੀਆਂ।ਰਸੀਆ = ਆਨੰਦ ਦਾ ਮਾਲਕ, ਆਨੰਦ ਦਾ ਸੋਮਾ। ਵਡਿਆਈ = ਰਜ਼ਾ। ਗੁਰਿ = ਗੁਰੂ ਦੀ ਰਾਹੀਂ। ਸਚੁ = ਸਦਾ-ਥਿਰ ਰਹਿਣ ਵਾਲਾ। ਜੋਗ ਸਜੋਗੀ = ਮਿਲਾਪ ਦਾ ਢੋ ਢੁਕਾਣ ਵਾਲਾ, ਜੋਗ ਦਾ ਸੰਜੋਗ ਬਣਾਣ ਵਾਲਾ।੩।ਪਿਰੁ = ਖਸਮ = ਪ੍ਰਭੂ। ਉਚੜੀ = ਸੋਹਣੀ ਉੱਚੀ। ਉਚੜੀਐ = ਸੋਹਣੀ ਉੱਚੀ ਵਿਚ। ਮਾੜੀ = ਮਹਲ। ਮਾੜੜੀ = ਸੋਹਣਾ ਮਹਲ। ਮਾੜੜੀਐ = ਸੋਹਣੇ ਮਹਲ ਵਿਚ। ਤਿਹੁ ਲੋਆ = ਤਿੰਨਾਂ ਲੋਕਾਂ ਦਾ। ਸਿਰਤਾਜਾ = ਸਿਰ ਦਾ ਤਾਜ, ਖਸਮ। ਹਉ = ਮੈਂ। ਬਿਖਮ = ਹੈਰਾਨ। ਅਨਹਦ = ਇਕ-ਰਸ, ਬਿਨਾ ਵਜਾਏ ਵੱਜਣ ਵਾਲਾ। ਸਬਦ = ਨਾਦ, ਜੀਵਨ = ਰੌ। ਅਗਾਜਾ = ਚੌਹੀਂ ਪਾਸੀਂ ਗੱਜਦਾ। ਵੀਚਾਰੀ = ਵਿਚਾਰਨ ਵਾਲਾ। ਕਰਣੀ = ਆਚਰਨ। ਸਾਰੀ = ਸ੍ਰੇਸ਼ਟ। ਨੀਸਾਣੋ = ਨੀਸਾਣੁ, ਪਰਵਾਨਾ, ਰਾਹਦਾਰੀ। ਠਾਹਰ = ਥਾਂ, ਟਿਕਾਣਾ। ਪਰਵਾਣੋ = ਪਰਵਾਣੁ, ਕਬੂਲ। ਪਤਿ = ਇੱਜ਼ਤ। ਪੂਰੀ = ਜਿਸ ਵਿਚ ਕੋਈ ਉਕਾਈ ਨਾਹ ਹੋਵੇ। ਪਰਵਾਨਾ = ਹੁਕਮ। ਆਪੁ = ਆਪਣੇ ਆਪ ਨੂੰ, ਆਪਣੇ ਜੀਵਨ ਨੂੰ।੪।ਅਰਥ: ਹੇ ਸੱਜਣ-ਪ੍ਰਭੂ! ਆ, ਮੈਂ ਤੇਰਾ ਦਰਸਨ ਕਰ ਸਕਾਂ। (ਹੇ ਸੱਜਣ!) ਮੈਂ ਆਪਣੇ ਹਿਰਦੇ ਵਿਚ ਪੂਰੀ ਸਾਵਧਾਨਤਾ ਨਾਲ ਤੇਰੀ ਉਡੀਕ ਕਰ ਰਹੀ ਹਾਂ, ਮੇਰੇ ਮਨ ਵਿਚ ਬੜਾ ਹੀ ਚਾਉ ਹੈ (ਕਿ ਮੈਨੂੰ ਤੇਰਾ ਦਰਸਨ ਹੋਵੇ) । ਹੇ ਮੇਰੇ ਪ੍ਰਭੂ! ਮੇਰੀ ਬੇਨਤੀ) ਸੁਣ, ਮੇਰੇ ਮਨ ਵਿਚ (ਤੇਰੇ ਦਰਸਨ ਲਈ) ਬੜਾ ਹੀ ਚਾਉ ਹੈ, ਮੈਨੂੰ ਆਸਰਾ ਭੀ ਤੇਰਾ ਹੀ ਹੈ।(ਹੇ ਪ੍ਰਭੂ!) ਜਿਸ ਜੀਵ-ਇਸਤ੍ਰੀ ਨੇ ਤੇਰਾ ਦਰਸਨ ਕਰ ਲਿਆ, ਉਹ ਪਵਿੱਤ੍ਰ-ਆਤਮਾ ਹੋ ਗਈ, ਉਸ ਦਾ ਜਨਮ ਮਰਨ ਦਾ ਦੁੱਖ ਦੂਰ ਹੋ ਗਿਆ। ਉਸ ਨੇ ਸਾਰੇ ਜੀਵਾਂ ਵਿਚ ਤੈਨੂੰ ਹੀ ਵੱਸਦਾ ਪਛਾਣ ਲਿਆ, ਉਸ ਦੇ ਪ੍ਰੇਮ (ਦੀ ਖਿੱਚ) ਦੀ ਰਾਹੀਂ ਤੂੰ ਉਸ ਨੂੰ ਮਿਲ ਪਿਆ।ਹੇ ਨਾਨਕ! ਸੱਜਣ ਪ੍ਰਭੂ ਤੋਂ ਸਦਕੇ ਹੋਣਾ ਚਾਹੀਦਾ ਹੈ। ਜੇਹੜੀ ਜੀਵ-ਇਸਤ੍ਰੀ ਉਸ ਦੇ ਸਦਾ-ਥਿਰ ਨਾਮ ਵਿਚ ਜੁੜਦੀ ਹੈ, ਉਸ ਦੇ ਹਿਰਦੇ ਵਿਚ ਉਹ ਆ ਪ੍ਰਗਟਦਾ ਹੈ।੧।ਜਦੋਂ ਸੱਜਣ-ਪ੍ਰਭੂ ਜੀ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਪਰਗਟਦੇ ਹਨ, ਤਾਂ ਜੀਵ-ਇਸਤ੍ਰੀ ਬਹੁਤ ਪ੍ਰਸੰਨ-ਚਿੱਤ ਹੋ ਜਾਂਦੀ ਹੈ। ਜਦੋਂ ਸਦਾ-ਥਿਰ ਪ੍ਰਭੂ ਦੀ ਸਿਫ਼ਤਿ ਸਾਲਾਹ ਦੇ ਸ਼ਬਦ ਨੇ ਉਸ ਨੂੰ ਖਿੱਚ ਪਾਈ, ਤਾਂ ਠਾਕੁਰ ਜੀ ਦਾ ਦਰਸਨ ਕਰ ਕੇ ਉਹ ਅਡੋਲ-ਚਿੱਤ ਹੋ ਗਈ।ਜਦੋਂ ਪ੍ਰੇਮ-ਰੰਗ ਵਿਚ ਰੱਤੇ ਪਰਮਾਤਮਾ ਨੇ ਜੀਵ-ਇਸਤ੍ਰੀ ਨੂੰ ਆਪਣੇ ਚਰਨਾਂ ਵਿਚ ਜੋੜਿਆ ਤਾਂ ਉਹ ਪ੍ਰਭੂ ਦੇ ਗੁਣਾਂ (ਦੀ ਯਾਦ) ਵਿਚ ਅਡੋਲ-ਆਤਮਾ ਹੋ ਗਈ ਤੇ ਬਹੁਤ ਪ੍ਰਸੰਨ-ਚਿੱਤ ਹੋ ਗਈ। ਪੂਰਨ ਪੁਰਖ ਨੇ ਸਿਰਜਣਹਾਰ ਨੇ (ਉਸ ਦੇ ਅੰਦਰੋਂ) ਔਗੁਣ ਦੂਰ ਕਰ ਕੇ ਉਸ ਦੇ ਹਿਰਦੇ ਨੂੰ ਗੁਣਾਂ ਨਾਲ ਭਰਪੂਰ ਕਰ ਦਿੱਤਾ ਕਾਮਾਦਿਕ ਚੋਰਾਂ ਨੂੰ ਮਾਰ ਕੇ ਉਹ ਜੀਵ-ਇਸਤ੍ਰੀ ਉਸ ਪਰਮਾਤਮਾ (ਦੇ ਚਰਨਾਂ) ਵਿਚ ਟਿਕ ਗਈ ਜੋ ਸਦਾ ਪੂਰੀ ਵਿਚਾਰ ਨਾਲ ਨਿਆਂ ਕਰਦਾ ਹੈ।ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਜੁੜਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਗੁਰੂ ਦੀ ਸਿੱਖਿਆ ਤੇ ਤੁਰਿਆਂ ਪਿਆਰੇ ਪ੍ਰਭੂ ਜੀ ਮਿਲ ਪੈਂਦੇ ਹਨ।੨।ਜਿਸ ਜੀਵ-ਇਸਤ੍ਰੀ ਨੇ ਖਸਮ-ਪ੍ਰਭੂ ਲੱਭ ਲਿਆ, ਉਸ ਦੀ ਹਰੇਕ ਆਸ ਉਸ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ (ਭਾਵ, ਉਸ ਦਾ ਮਨ ਦੁਨੀਆ ਦੀਆਂ ਆਸਾਂ ਆਦਿਕ ਵਲ ਨਹੀਂ ਦੌੜਦਾ ਭੱਜਦਾ) । ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪਣੇ ਚਰਨਾਂ ਵਿਚ ਜੋੜ ਲਿਆ, ਜੋ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪ੍ਰਭੂ ਵਿਚ ਲੀਨ ਹੋ ਗਈ, ਉਸ ਨੂੰ ਪ੍ਰਭੂ ਹਰ ਥਾਂ ਵਿਆਪਕ ਦਿੱਸਦਾ ਹੈ, ਉਸ ਨੂੰ ਆਪਣੇ ਤੋਂ ਦੂਰ ਨਹੀਂ ਜਾਪਦਾ। ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਪ੍ਰਭੂ ਕਿਤੇ ਦੂਰ ਨਹੀਂ ਹਰੇਕ ਸਰੀਰ ਵਿਚ ਉਹੀ ਮੌਜੂਦ ਹੈ, ਸਾਰੀਆਂ ਜੀਵ-ਇਸਤ੍ਰੀਆਂ ਉਸੇ ਦੀਆਂ ਹੀ ਹਨ। ਉਹ ਆਪ ਹੀ ਆਨੰਦ ਦਾ ਸੋਮਾ ਹੈ, ਜਿਵੇਂ ਉਸ ਦੀ ਰਜ਼ਾ ਹੁੰਦੀ ਹੈ ਉਹ ਆਪ ਹੀ ਆਪਣੇ ਮਿਲਾਪ ਦਾ ਆਨੰਦ ਦੇਂਦਾ ਹੈ। ਉਹ ਪਰਮਾਤਮਾ ਮੌਤ-ਰਹਿਤ ਹੈ, ਮਾਇਆ ਵਿਚ ਡੋਲਦਾ ਨਹੀਂ ਉਸ ਦਾ ਮੁੱਲ ਨਹੀਂ ਪੈ ਸਕਦਾ (ਭਾਵ, ਕੋਈ ਪਦਾਰਥ ਉਸ ਦੇ ਬਰਾਬਰ ਦਾ ਨਹੀਂ) ਉਹ ਸਦਾ-ਥਿਰ ਰਹਿਣ ਵਾਲਾ ਹੈ, ਉਹ ਬੇਅੰਤ ਹੈ, ਪੂਰੇ ਗੁਰੂ ਦੀ ਰਾਹੀਂ ਉਸ ਦੀ ਪ੍ਰਾਪਤੀ ਹੁੰਦੀ ਹੈ।ਹੇ ਨਾਨਕ! ਪ੍ਰਭੂ ਆਪ ਹੀ ਜੀਵਾਂ ਦੇ ਆਪਣੇ ਨਾਲ ਮੇਲ ਦੇ ਢੋ ਢੁਕਾਂਦਾ ਹੈ, ਜਦੋਂ ਉਹ ਮੇਹਰ ਦੀ ਨਜ਼ਰ ਕਰਦਾ ਹੈ, ਤਦੋਂ ਜੀਵ ਉਸ ਵਿਚ ਸੁਰਤਿ ਜੋੜਦਾ ਹੈ।੩।ਪ੍ਰਭੂ-ਪਤੀ ਇਕ ਸੋਹਣੇ ਉੱਚੇ ਮਹਲ ਵਿਚ ਵੱਸਦਾ ਹੈ (ਜਿੱਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ) ਉਹ ਤਿੰਨਾਂ ਲੋਕਾਂ ਦਾ ਨਾਥ ਹੈ। ਉਸ ਦੇ ਗੁਣ ਵੇਖ ਕੇ ਮੈਂ ਹੈਰਾਨ ਹੋ ਰਹੀ ਹਾਂ। ਚੌਹੀਂ ਪਾਸੀਂ (ਸਾਰੇ ਸੰਸਾਰ ਵਿਚ) ਉਸ ਦੀ ਜੀਵਨ-ਰੌ ਇਕ-ਰਸ ਰੁਮਕ ਰਹੀ ਹੈ।ਜੇਹੜਾ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਨੂੰ ਵਿਚਾਰਦਾ ਹੈ (ਭਾਵ, ਆਪਣੇ ਮਨ ਵਿਚ ਵਸਾਂਦਾ ਹੈ) ਜਿਸ ਨੇ ਇਹ ਸ੍ਰੇਸ਼ਟ ਕਰਤੱਬ ਬਣਾ ਲਿਆ ਹੈ, ਜਿਸ ਦੇ ਪਾਸ ਪਰਮਾਤਮਾ ਦਾ ਨਾਮ (ਰੂਪ) ਰਾਹਦਾਰੀ ਹੈ (ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲ ਜਾਂਦੀ ਹੈ, ਪਰ) ਨਾਮ-ਹੀਣੇ ਖੋਟੇ ਮਨੁੱਖ ਨੂੰ (ਉਸ ਦੀ ਦਰਗਾਹ ਵਿਚ) ਥਾਂ ਨਹੀਂ ਮਿਲਦੀ। (ਪ੍ਰਭੂ ਦੇ ਦਰ ਤੇ) ਪ੍ਰਭੂ ਦਾ ਨਾਮ-ਰਤਨ ਹੀ ਕਬੂਲ ਹੁੰਦਾ ਹੈ।ਜਿਸ ਮਨੁੱਖ ਦੇ ਪਾਸ (ਪ੍ਰਭੂ-ਨਾਮ ਦਾ) ਅ-ਰੁਕ ਪਰਵਾਨਾ ਹੈ, ਉਸ ਨੂੰ (ਪ੍ਰਭੂ-ਦਰ ਤੇ) ਪੂਰੀ ਇੱਜ਼ਤ ਮਿਲਦੀ ਹੈ ਉਸ ਦੀ ਅਕਲ ਉਕਾਈ-ਹੀਣ ਹੋ ਜਾਂਦੀ ਹੈ, ਉਹ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ।ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜੋ ਮਨੁੱਖ ਆਪਣੇ ਜੀਵਨ ਨੂੰ ਪੜਤਾਲਦਾ ਹੈ, ਉਹ ਅਬਿਨਾਸੀ ਪ੍ਰਭੂ ਦਾ ਰੂਪ ਹੋ ਜਾਂਦਾ ਹੈ।੪।੧।੩।ੴ ਸਤਿਗੁਰ ਪ੍ਰਸਾਦਿ ॥ ਰਾਗੁ ਸੂਹੀ ਛੰਤ ਮਹਲਾ ੧ ਘਰੁ ੪ ॥ ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥ ਦਾਨਿ ਤੇਰੈ ਘਟਿ ਚਾਨਣਾ ਤਨਿ ਚੰਦੁ ਦੀਪਾਇਆ ॥ ਚੰਦੋ ਦੀਪਾਇਆ ਦਾਨਿ ਹਰਿ ਕੈ ਦੁਖੁ ਅੰਧੇਰਾ ਉਠਿ ਗਇਆ ॥ ਗੁਣ ਜੰਞ ਲਾੜੇ ਨਾਲਿ ਸੋਹੈ ਪਰਖਿ ਮੋਹਣੀਐ ਲਇਆ ॥ ਵੀਵਾਹੁ ਹੋਆ ਸੋਭ ਸੇਤੀ ਪੰਚ ਸਬਦੀ ਆਇਆ ॥ ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥੧॥ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥ ਇਹੁ ਤਨੁ ਜਿਨ ਸਿਉ ਗਾਡਿਆ ਮਨੁ ਲੀਅੜਾ ਦੀਤਾ ॥ ਲੀਆ ਤ ਦੀਆ ਮਾਨੁ ਜਿਨ੍ਹ੍ਹ ਸਿਉ ਸੇ ਸਜਨ ਕਿਉ ਵੀਸਰਹਿ ॥ ਜਿਨ੍ਹ੍ਹ ਦਿਸਿ ਆਇਆ ਹੋਹਿ ਰਲੀਆ ਜੀਅ ਸੇਤੀ ਗਹਿ ਰਹਹਿ ॥ ਸਗਲ ਗੁਣ ਅਵਗਣੁ ਨ ਕੋਈ ਹੋਹਿ ਨੀਤਾ ਨੀਤਾ ॥ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥੨॥ ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥ ਜੇ ਗੁਣ ਹੋਵਨ੍ਹ੍ਹਿ ਸਾਜਨਾ ਮਿਲਿ ਸਾਝ ਕਰੀਜੈ ॥ ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥ ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥ ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ ॥ ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥੩॥ ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥ ਆਖਣ ਤਾ ਕਉ ਜਾਈਐ ਜੇ ਭੂਲੜਾ ਹੋਈ ॥ ਜੇ ਹੋਇ ਭੂਲਾ ਜਾਇ ਕਹੀਐ ਆਪਿ ਕਰਤਾ ਕਿਉ ਭੁਲੈ ॥ ਸੁਣੇ ਦੇਖੇ ਬਾਝੁ ਕਹਿਐ ਦਾਨੁ ਅਣਮੰਗਿਆ ਦਿਵੈ ॥ ਦਾਨੁ ਦੇਇ ਦਾਤਾ ਜਗਿ ਬਿਧਾਤਾ ਨਾਨਕਾ ਸਚੁ ਸੋਈ ॥ ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥੪॥੧॥੪॥ {ਪੰਨਾ 765-766}ਪਦਅਰਥ: ਜਿਨਿ = ਜਿਸ ਨੇ, (ਹੇ ਪ੍ਰਭੂ!) ਜਿਸ ਤੈਂ ਨੇ। ਕੀਆ = ਪੈਦਾ ਕੀਤਾ ਹੈ। ਤਿਨਿ = ਉਸ ਨੇ (ਹੇ ਪ੍ਰਭੂ!) ਉਸ ਤੈਂ ਨੇ ਹੀ। ਦੇਖਿਆ = ਸੰਭਾਲ ਕੀਤੀ ਹੋਈ ਹੈ। ਧੰਧੜੈ = ਮਾਇਆ ਦੀ ਦੌੜ = ਭੱਜ ਵਿਚ। ਦਾਨਿ ਤੇਰੈ = ਤੇਰੀ ਬਖ਼ਸ਼ਸ਼ ਨਾਲ। ਘਟਿ = ਜੀਵ ਦੇ ਹਿਰਦੇ ਵਿਚ। ਤਨਿ = ਸਰੀਰ ਵਿਚ। ਚੰਦੁ ਦੀਪਾਇਆ = ਚੰਦ ਚਮਕ ਰਿਹਾ ਹੈ, ਸੀਤਲਤਾ ਹੁਲਾਰੇ ਦੇ ਰਹੀ ਹੈ। ਦਾਨਿ ਹਰਿ ਕੈ = ਪਰਮਾਤਮਾ ਦੀ ਬਖ਼ਸ਼ਸ਼ ਨਾਲ। ਸੋਹੈ– ਸੋਭਦੀ ਹੈ। ਪਰਖਿ = ਪਰਖ ਕੇ। ਮੋਹਣੀ = ਮਨ ਨੂੰ ਮੋਹ ਲੈਣ ਵਾਲੀ, ਸੁੰਦਰ ਇਸਤ੍ਰੀ, ਉਹ ਜੀਵ = ਇਸਤ੍ਰੀ ਜਿਸ ਨੇ ਆਪਣਾ ਜੀਵਨ ਸੁੰਦਰ ਬਣਾ ਲਿਆ ਹੈ। ਮੋਹਣੀਐ = ਸੁੰਦਰ ਜੀਵ = ਇਸਤ੍ਰੀ ਨੇ। ਸੇਤੀ = ਨਾਲ। ਸੋਭ = ਸੋਭਾ। ਵੀਵਾਹੁ = ਜੀਵ = ਇਸਤ੍ਰੀ ਦਾ ਪ੍ਰਭੂ ਨਾਲ ਮਿਲਾਪ। ਪੰਚ ਸਬਦ = ਪੰਜ ਕਿਸਮਾਂ ਦੇ ਸਾਜਾਂ ਦੇ ਵੱਜਣ ਦੀਆਂ ਆਵਾਜ਼ਾਂ। ਪੰਚ ਸਬਦ ਧੁਨਿ = ਪੰਚ ਕਿਸਮਾਂ ਦੇ ਸਾਜਾਂ ਦੇ ਵੱਜਣ ਤੋਂ ਪੈਦਾ ਹੋਈ ਮਿਲਵੀਂ ਸੁਰ, ਇਕ-ਰਸ ਆਨੰਦ। ਪੰਚ ਸਬਦੀ = ਇਕ-ਰਸ ਆਨੰਦ ਦਾ ਦੇਣ ਵਾਲਾ ਪ੍ਰਭੂ। ਆਇਆ = ਹਿਰਦੇ ਵਿਚ ਪਰਗਟ ਹੋਇਆ।੧।ਹਉ = ਮੈਂ। ਅਵਰੀਤਾ = {अवृत} ਜਿਨ੍ਹਾਂ ਉਤੇ ਮਾਇਆ ਦਾ ਪਰਦਾ ਨਹੀਂ ਪਿਆ। ਜਿਨ ਸਿਉ ਗਾਡਿਆ = ਜਿਨ੍ਹਾਂ ਨਾਲ ਮਿਲਾਇਆ ਹੈ। ਤਨੁ = ਸਰੀਰ। ਮਨੁ ਲੀਅੜਾ ਦੀਤਾ = ਜਿਨ੍ਹਾਂ ਦਾ ਮਨ ਲਿਆ ਹੈ ਤੇ ਜਿਨ੍ਹਾਂ ਨੂੰ ਆਪਣਾ ਮਨ ਦਿੱਤਾ ਹੈ, ਜਿਨ੍ਹਾਂ ਨਾਲ ਦਿਲ ਦੀ ਸਾਂਝ ਪਾਈ ਹੈ। ਮਾਨੁ = ਮਨ। ਵੀਸਰਹਿ = ਭੁੱਲ ਜਾਣ। ਦਿਸਿ ਆਇਆ = ਦੀਦਾਰ ਕੀਤਿਆਂ। ਹੋਹਿ ਰਲੀਆ = ਆਤਮਕ ਖ਼ੁਸ਼ੀਆਂ ਪੈਦਾ ਹੁੰਦੀਆਂ ਹਨ। ਜੀਅ ਸੇਤੀ = ਜਿੰਦ ਨਾਲ। ਗਹਿ ਰਹਹਿ = ਫੜ ਰੱਖਦੇ ਹਨ, ਲਾ ਰੱਖਦੇ ਹਨ। ਸਗਲ = ਸਾਰੇ। ਨੀਤਾ ਨੀਤਾ = ਨਿੱਤ ਹੀ ਨਿੱਤ, ਸਦਾ ਹੀ।੨।ਵਾਸ = {वासु = to make fragrant ਸੁਗੰਧਿਤ ਕਰਨਾ} ਸੁਗੰਧੀ, ਖ਼ੁਸ਼ਬੂ। ਵਾਸੁਲਾ = ਸੁਗੰਧੀ ਦੇਣ ਵਾਲੀਆਂ ਚੀਜ਼ਾਂ ਦਾ ਡੱਬਾ। ਕਢਿ = ਕੱਢ ਕੇ। ਲਈਜੈ = ਲੈਣੀ ਚਾਹੀਦੀ ਹੈ। ਸਾਜਨਾ ਮਿਲਿ = ਗੁਰਮੁਖਾਂ ਨਾਲ ਮਿਲ ਕੇ। ਸਾਝ = ਗੁਣਾਂ ਦੀ ਸਾਂਝ। ਕਰੀਜੈ = ਕਰਨੀ ਚਾਹੀਦੀ ਹੈ। ਗੁਣਹ ਕੇਰੀ = ਗੁਣਾਂ ਦੀ। ਕੇਰੀ = ਦੀ। ਛੋਡਿ = ਤਿਆਗ ਕੇ। ਚਲੀਐ = ਜੀਵਨ = ਸਫ਼ਰ ਵਿਚ ਤੁਰਨਾ ਚਾਹੀਦਾ ਹੈ। ਪਹਿਰੇ = ਪਹਿਰਿ, ਪਹਿਨ ਕੇ। ਪਟੰਬਰ = {ਪਟ = ਅੰਬਰ} ਰੇਸ਼ਮ ਦੇ ਕੱਪੜੇ, ਕੋਮਲਤਾ ਤੇ ਪ੍ਰੇਮ ਦਾ ਵਰਤਾਵ। ਅਡੰਬਰ = ਹਾਰ = ਸਿੰਗਾਰ, ਸੋਹਣੇ ਉੱਦਮ। ਮਲੀਐ = ਮੱਲ ਲੈਣਾ ਚਾਹੀਦਾ ਹੈ, ਮੱਲਿਆ ਜਾ ਸਕਦਾ ਹੈ। ਆਪਣਾ ਪਿੜੁ ਮਲੀਐ = ਦੁਨੀਆ ਦੇ ਵਿਕਾਰਾਂ ਦੇ ਟਾਕਰੇ ਤੇ ਪਿੜ ਮੱਲਿਆ ਜਾ ਸਕਦਾ ਹੈ, ਵਿਕਾਰਾਂ ਦੇ ਟਾਕਰੇ ਤੇ ਕੁਸ਼ਤੀ ਜਿੱਤੀ ਜਾ ਸਕਦੀ ਹੈ {ਨੋਟ: ਜਗਤ ਵਿਚ ਜੀਵ, ਮਾਨੋ, ਪਹਿਲਵਾਨ ਹੈ। ਕਾਮਾਦਿਕ ਵਿਕਾਰਾਂ ਨਾਲ ਇਸ ਦੀ ਕੁਸ਼ਤੀ ਹੋ ਰਹੀ ਹੈ। ਜੇਹੜਾ ਹਾਰ ਜਾਂਦਾ ਹੈ ਉਹ ਪਿੜ ਵਿਚੋਂ ਭੱਜ ਜਾਂਦਾ ਹੈ}। ਪਿੜ = ਉਹ ਥਾਂ ਜਿੱਥੇ ਕੁਸ਼ਤੀਆਂ ਹੁੰਦੀਆਂ ਹਨ, ਘੋਲ ਹੁੰਦੇ ਹਨ। ਕਹੀਐ = ਕਹਿਣਾ ਚਾਹੀਦਾ ਹੈ। ਝੋਲਿ = ਹਿਲਾ ਕੇ, ਨਿਤਾਰ ਕੇ, ਵਿਕਾਰਾਂ ਦੇ ਬੂਰ ਆਦਿਕ ਨੂੰ ਪਰੇ ਹਟਾ ਕੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਪੀਜੈ = ਪੀਣਾ ਚਾਹੀਦਾ ਹੈ।੩।ਕਿਸੁ ਆਖੀਐ = ਹੋਰ ਕਿਸੇ ਅੱਗੇ ਗਿਲਾ ਨਹੀਂ ਕੀਤਾ ਜਾ ਸਕਦਾ। ਤਾ ਕਉ = ਉਸ (ਪਰਮਾਤਮਾ) ਨੂੰ। ਜਾਇ = ਜਾ ਕੇ। ਕਿਉ ਭੁਲੈ = ਨਹੀਂ ਭੁੱਲ ਸਕਦਾ। ਬਾਝੁ ਕਹਿਐ = (ਜੀਵਾਂ ਦੇ) ਆਖਣ ਤੋਂ ਬਿਨਾ ਹੀ। ਦਿਵੈ = ਦੇਂਦਾ ਹੈ, ਦੇਵੈ। ਦੇਇ = ਦੇਂਦਾ ਹੈ। ਜਗਿ = ਜਗਤ ਵਿਚ (ਸਭ ਜੀਵਾਂ ਨੂੰ) । ਬਿਧਾਤਾ = ਸਿਰਜਣਹਾਰ। ਸਚੁ = ਸਦਾ-ਥਿਰ ਰਹਿਣ ਵਾਲਾ।੪।ਅਰਥ: ਜਿਸ ਪ੍ਰਭੂ ਨੇ ਇਹ ਜਗਤ ਪੈਦਾ ਕੀਤਾ ਹੈ ਉਸੇ ਨੇ ਇਸ ਦੀ ਸੰਭਾਲ ਕੀਤੀ ਹੋਈ ਹੈ, ਉਸੇ ਨੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ।(ਪਰ ਹੇ ਪ੍ਰਭੂ!) ਤੇਰੀ ਬਖ਼ਸ਼ਸ਼ ਨਾਲ (ਕਿਸੇ ਸੁਭਾਗ) ਹਿਰਦੇ ਵਿਚ ਤੇਰੀ ਜੋਤਿ ਦਾ ਚਾਨਣ ਹੁੰਦਾ ਹੈ, (ਕਿਸੇ ਸੁਭਾਗ) ਸਰੀਰ ਵਿਚ ਚੰਦ ਚਮਕਦਾ ਹੈ (ਤੇਰੇ ਨਾਮ ਦੀ ਸੀਤਲਤਾ ਹੁਲਾਰੇ ਦੇਂਦੀ ਹੈ) ।ਪ੍ਰਭੂ ਦੀ ਬਖ਼ਸ਼ਸ਼ ਨਾਲ ਜਿਸ ਹਿਰਦੇ ਵਿਚ (ਪ੍ਰਭੂ-ਨਾਮ ਦੀ) ਸੀਤਲਤਾ ਲਿਸ਼ਕ ਮਾਰਦੀ ਹੈ ਉਸ ਹਿਰਦੇ ਵਿਚੋਂ (ਅਗਿਆਨਤਾ ਦਾ) ਹਨੇਰਾ ਤੇ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ। ਜਿਵੇਂ ਜੰਞ ਲਾੜੇ ਨਾਲ ਹੀ ਸੋਹਣੀ ਲੱਗਦੀ ਹੈ, ਤਿਵੇਂ ਜੀਵ-ਇਸਤ੍ਰੀ ਦੇ ਗੁਣ ਤਦੋਂ ਹੀ ਸੋਭਦੇ ਹਨ ਜੇ ਪ੍ਰਭੂ-ਪਤੀ ਹਿਰਦੇ ਵਿਚ ਵੱਸਦਾ ਹੋਵੇ। ਜਿਸ ਜੀਵ-ਇਸਤ੍ਰੀ ਨੇ ਆਪਣੇ ਜੀਵਨ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਸੁੰਦਰ ਬਣਾ ਲਿਆ ਹੈ, ਉਸ ਨੇ ਇਸ ਦੀ ਕਦਰ ਸਮਝ ਕੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ। ਉਸ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ, (ਲੋਕ ਪਰਲੋਕ ਵਿਚ) ਉਸ ਨੂੰ ਸੋਭਾ ਭੀ ਮਿਲਦੀ ਹੈ, ਇਕ-ਰਸ ਆਤਮਕ ਆਨੰਦ ਦਾ ਦਾਤਾ ਪ੍ਰਭੂ ਉਸ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ।ਜਿਸ ਪ੍ਰਭੂ ਨੇ ਇਹ ਜਗਤ ਪੈਦਾ ਕੀਤਾ ਹੈ ਉਹੀ ਇਸ ਦੀ ਸੰਭਾਲ ਕਰਦਾ ਹੈ, ਉਸ ਨੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ।੧।ਮੈਂ ਉਹਨਾਂ ਸੱਜਣਾਂ ਮਿੱਤਰਾਂ ਤੋਂ ਸਦਕੇ ਹਾਂ ਜਿਨ੍ਹਾਂ ਉਤੇ ਮਾਇਆ ਦਾ ਪਰਦਾ ਨਹੀਂ ਪਿਆ ਜਿਨ੍ਹਾਂ ਦੀ ਸੰਗਤਿ ਕਰ ਕੇ ਮੈਂ ਉਹਨਾਂ ਨਾਲ ਦਿਲੀ ਸਾਂਝ ਪਾਈ ਹੈ। ਜਿਨ੍ਹਾਂ ਗੁਰਮੁਖਾਂ ਨਾਲ ਦਿਲੀ ਸਾਂਝ ਪੈ ਸਕੇ ਉਹ ਸੱਜਣ ਕਦੇ ਭੀ ਭੁੱਲਣੇ ਨਹੀਂ ਚਾਹੀਦੇ। ਉਹਨਾਂ ਦਾ ਦਰਸਨ ਕੀਤਿਆਂ ਆਤਮਕ ਖ਼ੁਸ਼ੀਆਂ ਪੈਦਾ ਹੁੰਦੀਆਂ ਹਨ, ਉਹ ਸੱਜਣ (ਆਪਣੇ ਸਤਸੰਗੀਆਂ ਨੂੰ ਆਪਣੀ) ਜਾਨ ਨਾਲ ਲਾ ਰੱਖਦੇ ਹਨ (ਜਿੰਦ ਤੋਂ ਪਿਆਰਾ ਸਮਝਦੇ ਹਨ) । ਉਹਨਾਂ ਵਿਚ ਸਾਰੇ ਗੁਣ ਹੀ ਗੁਣ ਹੁੰਦੇ ਹਨ, ਔਗੁਣ ਉਹਨਾਂ ਦੇ ਨੇੜੇ ਨਹੀਂ ਢੁਕਦੇ।ਮੈਂ ਸਦਕੇ ਹਾਂ ਉਹਨਾਂ ਸੱਜਣਾਂ ਮਿੱਤਰਾਂ ਤੋਂ ਜਿਨ੍ਹਾਂ ਉਤੇ ਮਾਇਆ ਦਾ ਪ੍ਰਭਾਵ ਨਹੀਂ ਪਿਆ।੨।(ਜੇ ਕਿਸੇ ਮਨੁੱਖ ਪਾਸ ਸੁਗੰਧੀ ਦੇਣ ਵਾਲੀਆਂ ਚੀਜ਼ਾਂ ਨਾਲ ਭਰਿਆ ਡੱਬਾ ਹੋਵੇ, ਉਸ ਡੱਬੇ ਦਾ ਲਾਭ ਉਸ ਨੂੰ ਤਦੋਂ ਹੀ ਹੈ ਜੇ ਉਹ ਡੱਬਾ ਖੋਹਲ ਕੇ ਉਹ ਸੁਗੰਧੀ ਲਏ। ਗੁਰਮੁਖਾਂ ਦੀ ਸੰਗਤਿ ਗੁਣਾਂ ਦਾ ਡੱਬਾ ਹੈ) ਜੇ ਕਿਸੇ ਨੂੰ ਗੁਣਾਂ ਦਾ ਡੱਬਾ ਲੱਭ ਪਏ, ਤਾਂ ਉਹ ਡੱਬਾ ਖੋਹਲ ਕੇ (ਡੱਬੇ ਵਿਚਲੀ) ਸੁਗੰਧੀ ਲੈਣੀ ਚਾਹੀਦੀ ਹੈ। (ਹੇ ਭਾਈ!) ਜੇ ਤੂੰ ਚਾਹੁੰਦਾ ਹੈਂ ਕਿ ਤੇਰੇ ਅੰਦਰ ਗੁਣ ਪੈਦਾ ਹੋਣ, ਤਾਂ ਗੁਰਮੁਖਾਂ ਨੂੰ ਮਿਲ ਕੇ ਉਹਨਾਂ ਨਾਲ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ। (ਗੁਰਮੁਖਾਂ ਨਾਲ) ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ, ਇਸ ਤਰ੍ਹਾਂ (ਅੰਦਰੋਂ) ਔਗੁਣ ਤਿਆਗ ਕੇ ਜੀਵਨ-ਰਾਹ ਤੇ ਤੁਰ ਸਕੀਦਾ ਹੈ, ਸਭ ਨਾਲ ਪ੍ਰੇਮ ਵਾਲਾ ਵਰਤਾਵ ਕਰ ਕੇ ਤੇ ਭਲਾਈ ਦੇ ਸੋਹਣੇ ਉੱਦਮ ਕਰ ਕੇ ਵਿਕਾਰਾਂ ਦੇ ਟਾਕਰੇ ਤੇ ਜੀਵਨ-ਘੋਲ ਜਿੱਤਿਆ ਜਾ ਸਕਦਾ ਹੈ।(ਗੁਰਮੁਖਾਂ ਦੀ ਸੰਗਤਿ ਦੀ ਬਰਕਤਿ ਨਾਲ ਫਿਰ) ਜਿੱਥੇ ਭੀ ਜਾ ਕੇ ਬੈਠੀਏ ਭਲਾਈ ਦੀ ਗੱਲ ਹੀ ਕੀਤੀ ਜਾ ਸਕਦੀ ਹੈ, ਤੇ ਮੰਦੇ ਪਾਸੇ ਵਲੋਂ ਹਟ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਤਾ ਜਾ ਸਕਦਾ ਹੈ।(ਹੇ ਭਾਈ!) ਜੇ ਕਿਸੇ ਨੂੰ ਗੁਣਾਂ ਦਾ ਡੱਬਾ ਲੱਭ ਪਏ ਤਾਂ ਉਹ ਡੱਬਾ ਖੋਹਲ ਕੇ (ਡੱਬੇ ਵਿਚਲੀ) ਸੁਗੰਧੀ ਲੈਣੀ ਚਾਹੀਦੀ ਹੈ।੩।(ਜਗਤ ਵਿਚ ਅਨੇਕਾਂ ਜੀਵ ਗੁਣ ਵਿਹਾਝ ਰਹੇ ਹਨ, ਅਨੇਕਾਂ ਹੀ ਔਗੁਣ ਕਮਾ ਰਹੇ ਹਨ। ਇਹ ਪਰਮਾਤਮਾ ਦੀ ਆਪਣੀ ਹੀ ਰਚੀ ਖੇਡ ਹੈ) ਪਰਮਾਤਮਾ ਆਪ ਹੀ (ਇਹ ਸਭ ਕੁਝ) ਕਰ ਰਿਹਾ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ, (ਤਾਹੀਏਂ) ਕਿਸੇ ਹੋਰ ਦੇ ਪਾਸ (ਇਸ ਦੇ ਸੰਬੰਧ ਵਿਚ) ਕੋਈ ਗਿਲਾ ਆਦਿਕ ਨਹੀਂ ਕੀਤਾ ਜਾ ਸਕਦਾ। (ਫਿਰ ਜੋ ਕੁਝ ਉਹ ਪ੍ਰਭੂ ਕਰਦਾ ਹੈ ਠੀਕ ਕਰਦਾ ਹੈ) ਉਹ ਖੁੰਝਿਆ ਹੋਇਆ ਨਹੀਂ ਹੈ, ਇਸ ਵਾਸਤੇ (ਕਿਸੇ ਖੁੰਝਾਈ ਬਾਰੇ) ਉਸ ਨੂੰ ਕੁਝ ਆਖਣ ਜਾਣ ਦੀ ਲੋੜ ਹੀ ਨਹੀਂ ਪੈਂਦੀ। ਜੇ ਉਹ ਖੁੰਝਿਆ ਹੋਇਆ ਹੋਵੇ ਤਾਂ ਜਾ ਕੇ ਕੁਝ ਆਖੀਏ ਭੀ, ਪਰ ਆਪ ਕਰਤਾਰ ਕੋਈ ਭੁੱਲ ਨਹੀਂ ਕਰ ਸਕਦਾ। ਉਹ ਸਭ ਜੀਵਾਂ ਦੀਆਂ ਅਰਦਾਸਾਂ ਸੁਣਦਾ ਹੈ ਉਹ ਸਭ ਜੀਵਾਂ ਦੇ ਕੀਤੇ ਕੰਮ ਵੇਖਦਾ ਹੈ, ਮੰਗਣ ਤੋਂ ਬਿਨਾ ਹੀ ਸਭ ਨੂੰ ਦਾਨ ਦੇਂਦਾ ਹੈ। ਉਹ ਦਾਤਾਰ ਜਗਤ ਵਿਚ ਹਰੇਕ ਜੀਵ ਨੂੰ ਦਾਨ ਦੇਂਦਾ ਹੈ। ਹੇ ਨਾਨਕ! ਉਹ ਸਿਰਜਣਹਾਰ ਹੀ ਸਦਾ-ਥਿਰ ਰਹਿਣ ਵਾਲਾ ਹੈ। ਉਹ ਸਭ ਕੁਝ ਆਪ ਹੀ ਕਰਦਾ ਹੈ, ਕੋਈ ਹੋਰ (ਉਸ ਤੋਂ ਆਕੀ ਹੋ ਕੇ) ਕੁਝ ਨਹੀਂ ਕਰ ਸਕਦਾ। ਕਿਸੇ ਹੋਰ ਦੇ ਪਾਸ ਜਾ ਕੇ ਕੋਈ ਗਿਲਾ ਨਹੀਂ ਕੀਤਾ ਜਾ ਸਕਦਾ।੪।੧।੪। |