ਸਨਿੱਚਰਵਾਰ 28 ਅਪ੍ਰੈਲ 2018 (15 ਵੈਸਾਖ ਸੰਮਤ 550 ਨਾਨਕਸ਼ਾਹੀ)

ਸਲੋਕੁ ਮਃ ੩ ॥ ਹਉਮੈ ਮਮਤਾ ਮੋਹਣੀ ਮਨਮੁਖਾ ਨੋ ਗਈ ਖਾਇ ॥ ਜੋ ਮੋਹਿ ਦੂਜੈ ਚਿਤੁ ਲਾਇਦੇ ਤਿਨਾ ਵਿਆਪਿ ਰਹੀ ਲਪਟਾਇ ॥ ਗੁਰ ਕੈ ਸਬਦਿ ਪਰਜਾਲੀਐ ਤਾ ਏਹ ਵਿਚਹੁ ਜਾਇ ॥ ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥ ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥੧॥ {ਅੰਗ 513}

ਪਦਅਰਥ: ਮਮਤਾ = (ਮਮ = ਮੇਰੀ। ਮਮਤਾ = ਇਹ ਖ਼ਿਆਲ ਕਿ ਫਲਾਣੀ ਚੀਜ਼ ਮੇਰੀ ਬਣ ਜਾਏ ਜਾਂ ਮੇਰੀ ਹੈ) ਅਪਣੱਤ। ਮੋਹਣੀ = ਮੋਹ ਲੈਣ ਵਾਲੀ, ਠਗਣੀ, ਚੁੜੇਲ। ਲਪਟਾਇ = ਚੰਬੜ ਕੇ। ਪਰਜਾਲੀਐ = ਚੰਗੀ ਤਰ੍ਹਾਂ ਸਾੜੀਦੀ ਹੈ। ਮਾਰਣੁ = (ਸੰਖੀਏ ਆਦਿਕ ਜ਼ਹਿਰ ਨੂੰਕੁਸ਼ਤਾ ਕਰਨ ਵਾਲੀ ਬੂਟੀ।

ਅਰਥ: ਹਉਮੈ ਤੇ ਅਪਣੱਤ (ਸਰੂਪ ਵਾਲੀ ਮਾਇਆ, ਮਾਨੋ) ਚੁੜੇਲ ਹੈ ਜੋ ਆਪ-ਹੁਦਰਿਆਂ ਨੂੰ ਹੜੱਪ ਕਰ ਜਾਂਦੀ ਹੈ, ਜੋ ਮਨੁੱਖ (ਰੱਬ ਨੂੰ ਛੱਡ ਕਿਸੇ) ਹੋਰ ਦੇ ਮੋਹ ਵਿਚ ਚਿੱਤ ਜੋੜਦੇ ਹਨ ਉਹਨਾਂ ਨੂੰ ਚੰਬੜ ਕੇ ਆਪਣੇ ਵੱਸ ਵਿਚ ਕਰ ਲੈਂਦੀ ਹੈ। ਜੇ ਗੁਰੂ ਦੇ ਸ਼ਬਦ ਨਾਲ ਇਸ ਨੂੰ ਚੰਗੀ ਤਰ੍ਹਾਂ ਸਾੜੀਏ (ਜਿਵੇਂ, ਚੰਬੜੇ ਹੋਏ ਭੂਤਾਂ ਚੁੜੇਲਾਂ ਨੂੰ ਮਾਂਦਰੀ ਲੋਕ ਅੱਗ ਨਾਲ ਸਾੜਨ ਦਾ ਡਰਾਵਾ ਦੇਂਦੇ ਸੁਣੀਦੇ ਹਨ) ਤਾਂ ਇਹ ਅੰਦਰੋਂ ਨਿਕਲਦੀ ਹੈਸਰੀਰ ਤੇ ਮਨ ਸੁਅੱਛ ਹੋ ਜਾਂਦਾ ਹੈਪ੍ਰਭੂ ਦਾ ਨਾਮ ਮਨ ਵਿਚ ਆ ਵੱਸਦਾ ਹੈ।

ਹੇ ਨਾਨਕ! ਇਸ ਮਾਇਆ (ਸੰਖੀਏ ਨੂੰ ਕੁਸ਼ਤਾ ਕਰਨ) ਦੀ ਬੂਟੀ ਇੱਕ ਹਰਿ-ਨਾਮ ਹੀ ਹੈ ਜੋ ਗੁਰੂ ਤੋਂ ਹੀ ਮਿਲ ਸਕਦਾ ਹੈ।੧।