BREAKING NEWS

Today’s Hukamnama from Gurdwara Baba Darbara Singh Ji

118

ਸਨਿੱਚਰਵਾਰ 14 ਅਕਤੂਬਰ 2017 (29 ਅੱਸੂ ਸੰਮਤ 549 ਨਾਨਕਸ਼ਾਹੀ)

ਸੋਰਠਿ ਮਹਲਾ ੪ ॥ ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ ॥ ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜੁ ਕਰਾਇਆ ॥ ਆਪੇ ਧਰਤੀ ਸਾਜੀਅਨੁ ਪਿਆਰੈ ਪਿਛੈ ਟੰਕੁ ਚੜਾਇਆ ॥੧॥ ਮੇਰੇ ਮਨ ਹਰਿ ਹਰਿ ਧਿਆਇ ਸੁਖੁ ਪਾਇਆ ॥ ਹਰਿ ਹਰਿ ਨਾਮੁ ਨਿਧਾਨੁ ਹੈ ਪਿਆਰਾ ਗੁਰਿ ਪੂਰੈ ਮੀਠਾ ਲਾਇਆ ॥ ਰਹਾਉ ॥ ਆਪੇ ਧਰਤੀ ਆਪਿ ਜਲੁ ਪਿਆਰਾ ਆਪੇ ਕਰੇ ਕਰਾਇਆ ॥ ਆਪੇ ਹੁਕਮਿ ਵਰਤਦਾ ਪਿਆਰਾ ਜਲੁ ਮਾਟੀ ਬੰਧਿ ਰਖਾਇਆ ॥ ਆਪੇ ਹੀ ਭਉ ਪਾਇਦਾ ਪਿਆਰਾ ਬੰਨਿ ਬਕਰੀ ਸੀਹੁ ਹਢਾਇਆ ॥੨॥ ਆਪੇ ਕਾਸਟ ਆਪਿ ਹਰਿ ਪਿਆਰਾ ਵਿਚਿ ਕਾਸਟ ਅਗਨਿ ਰਖਾਇਆ ॥ ਆਪੇ ਹੀ ਆਪਿ ਵਰਤਦਾ ਪਿਆਰਾ ਭੈ ਅਗਨਿ ਨ ਸਕੈ ਜਲਾਇਆ ॥ ਆਪੇ ਮਾਰਿ ਜੀਵਾਇਦਾ ਪਿਆਰਾ ਸਾਹ ਲੈਦੇ ਸਭਿ ਲਵਾਇਆ ॥੩॥ ਆਪੇ ਤਾਣੁ ਦੀਬਾਣੁ ਹੈ ਪਿਆਰਾ ਆਪੇ ਕਾਰੈ ਲਾਇਆ ॥ ਜਿਉ ਆਪਿ ਚਲਾਏ ਤਿਉ ਚਲੀਐ ਪਿਆਰੇ ਜਿਉ ਹਰਿ ਪ੍ਰਭ ਮੇਰੇ ਭਾਇਆ ॥ ਆਪੇ ਜੰਤੀ ਜੰਤੁ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ॥੪॥੪॥ {ਅੰਗ 605-606}

ਅਰਥ: ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਸਿਮਰਨ ਕਰ, (ਜਿਸ ਕਿਸੇ ਨੇ ਸਿਮਰਿਆ ਹੈ, ਉਸ ਨੇਸੁਖ ਪਾਇਆ ਹੈ। ਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ) ਸੁਖਾਂ ਦਾ ਖ਼ਜ਼ਾਨਾ ਹੈ (ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪਿਆ ਹੈ) ਪੂਰੇ ਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ ਮਿੱਠਾ ਅਨੁਭਵ ਕਰਾ ਦਿੱਤਾ ਹੈ।ਰਹਾਉ। ਹੇ ਭਾਈ! ਪ੍ਰਭੂ ਨੇ ਆਪ ਹੀ ਧਰਤੀ ਪੈਦਾ ਕੀਤੀ ਹੋਈ ਹੈ (ਆਪਣੀ ਮਰਯਾਦਾ ਰੂਪ ਤੱਕੜੀ ਦੇ) ਪਿਛਲੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਰੱਖ ਕੇ (ਪ੍ਰਭੂ ਨੇ ਆਪ ਹੀ ਇਸ ਸ੍ਰਿਸ਼ਟੀ ਨੂੰ ਆਪਣੀ ਮਰਯਾਦਾ ਵਿਚ ਰੱਖਿਆ ਹੋਇਆ ਹੈ।ਇਹ ਕੰਮ ਉਸ ਪ੍ਰਭੂ ਵਾਸਤੇ ਬਹੁਤ ਸਾਧਾਰਨ ਤੇ ਸੌਖਾ ਜਿਹਾ ਹੈ। ਉਹ ਤੱਕੜੀ ਭੀ ਪ੍ਰਭੂ ਆਪ ਹੀ ਹੈ, ਉਸ ਤੱਕੜੀ ਦੀ ਸੂਈ (ਬੋਦੀਭੀ ਪ੍ਰਭੂ ਆਪ ਹੀ ਹੈ, ਪ੍ਰਭੂ ਨੇ ਆਪ ਹੀ ਵੱਟੇ ਨਾਲ (ਇਸ ਸ੍ਰਿਸ਼ਟੀ ਨੂੰ) ਤੋਲਿਆ ਹੋਇਆ ਹੈ (ਆਪਣੇ ਹੁਕਮ ਵਿਚ ਰੱਖਿਆ ਹੋਇਆ ਹੈ। ਪ੍ਰਭੂ ਆਪ ਹੀ (ਇਸ ਧਰਤੀ ਉਤੇ ਵਣਜ ਕਰਨ ਵਾਲਾ) ਸ਼ਾਹਕਾਰ ਹੈ, ਆਪ ਹੀ (ਜੀਵ-ਰੂਪ ਹੋ ਕੇ) ਵਣਜ ਕਰਨ ਵਾਲਾ ਹੈ, ਆਪ ਹੀ ਵਣਜ ਕਰ ਰਿਹਾ ਹੈ।੧। ਹੇ ਭਾਈ! ਪ੍ਰਭੂ ਪਿਆਰਾ ਆਪ ਹੀ ਧਰਤੀ ਪੈਦਾ ਕਰਨ ਵਾਲਾ ਹੈ, ਆਪ ਹੀ ਪਾਣੀ ਪੈਦਾ ਕਰਨ ਵਾਲਾ ਹੈਆਪ ਹੀ ਸਭ ਕੁਝ ਕਰਦਾ ਹੈ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਂਦਾ ਹੈ। ਆਪ ਹੀ ਆਪਣੇ ਹੁਕਮ ਅਨੁਸਾਰ ਹਰ ਥਾਂ ਕਾਰ ਚਲਾ ਰਿਹਾ ਹੈ, ਪਾਣੀ ਨੂੰ ਮਿੱਟੀ ਨਾਲ (ਉਸ ਨੇ ਆਪਣੇ ਹੁਕਮ ਵਿਚ ਹੀ) ਬੰਨ੍ਹ ਰੱਖਿਆ ਹੈ (ਪਾਣੀ ਮਿੱਟੀ ਨੂੰ ਰੋੜ੍ਹ ਨਹੀਂ ਸਕਦਾ, ਪਾਣੀ ਵਿਚ ਉਸ ਨੇ) ਆਪ ਹੀ ਆਪਣਾ ਡਰ ਪਾ ਰੱਖਿਆ ਹੈ, (ਮਾਨੋ) ਬੱਕਰੀ ਸ਼ੇਰ ਨੂੰ ਬੰਨ੍ਹ ਕੇ ਫਿਰਾ ਰਹੀ ਹੈ।੨। ਹੇ ਭਾਈ! ਪ੍ਰਭੂ ਆਪ ਹੀ ਲੱਕੜੀ (ਪੈਦਾ ਕਰਨ ਵਾਲਾ) ਹੈ, (ਆਪ ਹੀ ਅੱਗ ਬਣਾਣ ਵਾਲਾ ਹੈ) ਲੱਕੜੀ ਵਿਚ ਉਸ ਨੇ ਆਪ ਹੀ ਅੱਗ ਟਿਕਾ ਰੱਖੀ ਹੈ। ਪ੍ਰਭੂ ਪਿਆਰਾ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ (ਉਸ ਦੇ ਹੁਕਮ ਵਿਚ) ਅੱਗ (ਲੱਕੜ ਨੂੰ) ਸਾੜ ਨਹੀਂ ਸਕਦੀ। ਪ੍ਰਭੂ ਆਪ ਹੀ ਮਾਰ ਕੇ ਜੀਵਾਲਣ ਵਾਲਾ ਹੈ। ਸਾਰੇ ਜੀਵ ਉਸ ਦੇ ਪ੍ਰੇਰੇ ਹੋਏ ਹੀ ਸਾਹ ਲੈ ਰਹੇ ਹਨ।੩। ਹੇ ਭਾਈ! ਪ੍ਰਭੂ ਆਪ ਹੀ ਤਾਕਤ ਹੈ, ਆਪ ਹੀ (ਤਾਕਤ ਵਰਤਣ ਵਾਲਾਹਾਕਮ ਹੈ, (ਸਾਰੇ ਜਗਤ ਨੂੰ ਉਸ ਨੇ) ਆਪ ਹੀ ਕਾਰ ਵਿਚ ਲਾਇਆ ਹੋਇਆ ਹੈ। ਹੇ ਪਿਆਰੇ ਸੱਜਣ! ਜਿਵੇਂ ਪ੍ਰਭੂ ਆਪ ਜੀਵਾਂ ਨੂੰ ਤੋਰਦਾ ਹੈ, ਜਿਵੇਂ ਮੇਰੇ ਹਰੀ-ਪ੍ਰਭੂ ਨੂੰ ਭਾਉਂਦਾ ਹੈ, ਤਿਵੇਂ ਹੀ ਚੱਲ ਸਕੀਦਾ ਹੈ। ਹੇ ਦਾਸ ਨਾਨਕ! ਪ੍ਰਭੂ ਆਪ ਹੀ (ਜੀਵ-) ਵਾਜਾ (ਬਣਾਣ ਵਾਲਾ) ਹੈਆਪ ਵਾਜਾ ਵਜਾਣ ਵਾਲਾ ਹੈ, ਸਾਰੇ ਜੀਵ-ਵਾਜੇ ਉਸੇ ਦੇ ਵਜਾਏ ਵੱਜ ਰਹੇ ਹਨ।੪।੪।

ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥