BREAKING NEWS

Today’s Hukamnama from Gurdwara Damdama Sahib Thatta

135

ਬੁੱਧਵਾਰ 9 ਅਗਸਤ 2017 (25 ਸਾਵਣ ਸੰਮਤ 549 ਨਾਨਕਸ਼ਾਹੀ)

ਧਨਾਸਰੀ ਮਹਲਾ ੫ ॥ ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ ॥ ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ ॥੧॥ ਪ੍ਰਭ ਜੀ ਕੋ ਨਾਮੁ ਜਪਤ ਮਨ ਚੈਨ ॥ ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ ਬਿਖਮੁ ਨ ਜਾਈ ਲੈਨ ॥੧॥ ਰਹਾਉ ॥ ਜਾਪ ਤਾਪ ਭ੍ਰਮਨ ਬਸੁਧਾ ਕਰਿ ਉਰਧ ਤਾਪ ਲੈ ਗੈਨ ॥ ਇਹ ਬਿਧਿ ਨਹ ਪਤੀਆਨੋ ਠਾਕੁਰ ਜੋਗ ਜੁਗਤਿ ਕਰਿ ਜੈਨ ॥੨॥ ਅੰਮ੍ਰਿਤ ਨਾਮੁ ਨਿਰਮੋਲਕੁ ਹਰਿ ਜਸੁ ਤਿਨਿ ਪਾਇਓ ਜਿਸੁ ਕਿਰਪੈਨ ॥ ਸਾਧਸੰਗਿ ਰੰਗਿ ਪ੍ਰਭ ਭੇਟੇ ਨਾਨਕ ਸੁਖਿ ਜਨ ਰੈਨ ॥੩॥੧੩॥ {ਅੰਗ 674}

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਜਪਿਆਂ (ਹੀ) ਮਨ ਨੂੰ ਸ਼ਾਂਤੀ (ਪ੍ਰਾਪਤ ਹੁੰਦੀ ਹੈ) ! ਸਾਰੇ ਲੋਕ ਕਈ ਤਰੀਕਿਆਂ ਨਾਲ ਉਸ ਪਰਮਾਤਮਾ ਨੂੰ ਲੱਭਦੇ ਹਨ, (ਪਰ ਸਿਮਰਨ ਤੋਂ ਬਿਨਾ ਉਸ ਨੂੰ ਲੱਭਣਾ) ਔਖਾ ਹੈ, ਨਹੀਂ ਲੱਭ ਸਕੀਦਾ।੧।ਰਹਉ। ਹੇ ਭਾਈ! ਲੋਕ ਦੇਵ-ਪੂਜਾ ਕਰਦੇ ਹਨ, ਵਰਤ ਰੱਖਦੇ ਹਨਮੱਥੇ ਉਤੇ ਤਿਲਕ ਲਾਂਦੇ ਹਨ, ਤੀਰਥਾਂ ਉਤੇ ਇਸ਼ਨਾਨ ਕਰਦੇ ਹਨ, (ਗਰੀਬਾਂ ਨੂੰ) ਬੜੇ ਦਾਨ-ਪੁੰਨ ਕਰਦੇ ਹਨ, ਮਿੱਠੇ ਬੋਲ ਬੋਲਦੇ ਹਨ, ਪਰ ਅਜੇਹੀ ਕਿਸੇ ਭੀ ਜੁਗਤਿ ਨਾਲ ਮਾਲਕ-ਪ੍ਰਭੂ ਖ਼ੁਸ਼ ਨਹੀਂ ਹੁੰਦਾ।੧। ਹੇ ਭਾਈ! ਜਪ ਤਪ ਕਰ ਕੇਸਾਰੀ ਧਰਤੀ ਉਤੇ ਚੱਕਰ ਲਾ ਕੇ, ਸਿਰ-ਭਾਰ ਤਪ ਕਰ ਕੇ, ਪ੍ਰਾਣ ਦਸਮ ਦੁਆਰ ਵਿਚ ਚਾੜ੍ਹ ਕੇਜੋਗ-ਮਤ ਦੀਆਂ ਜੁਗਤੀਆਂ ਕਰ ਕੇ, ਜੈਨ-ਮਤ ਦੀਆਂ ਜੁਗਤੀਆਂ ਕਰ ਕੇ-ਇਹਨਾਂ ਤਰੀਕਿਆਂ ਨਾਲ ਭੀ ਮਾਲਕ-ਪ੍ਰਭੂ ਨਹੀਂ ਪਤੀਜਦਾ।੨। ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਇਕ ਐਸਾ ਪਦਾਰਥ ਹੈ ਜਿਸ ਦਾ ਕੋਈ ਮੁੱਲ ਨਹੀਂ ਪੈ ਸਕਦਾ-ਇਹ ਦਾਤਿ ਉਸ ਮਨੁੱਖ ਨੇ ਹਾਸਲ ਕੀਤੀ ਹੈ ਜਿਸ ਉੱਤੇ ਪਰਮਾਤਮਾ ਦੀ ਕਿਰਪਾ ਹੋਈ ਹੈ। ਹੇ ਨਾਨਕ! ਆਖ-ਹੇ ਭਾਈ!) ਗੁਰੂ ਦੀ ਸੰਗਤਿ ਦੀ ਰਾਹੀਂ ਪ੍ਰੇਮ-ਰੰਗ ਵਿਚ ਜੁੜ ਕੇ ਜਿਸ ਮਨੁੱਖ ਨੂੰ ਪ੍ਰਭੂ ਜੀ ਮਿਲੇ ਹਨ, ਉਸ ਮਨੁੱਖ ਦੀ ਜੀਵਨ-ਰਾਤ ਸੁਖ-ਆਨੰਦ ਵਿਚ ਬੀਤਦੀ ਹੈ।੩।੧੩। ਨੋਟ: ਇਥੋਂ ਤਕ ਧਨਾਸਰੀ ਰਾਗ ਵਿਚ ‘ਮਹਲਾ ੫‘ ਦੇ ੧੩ ਸ਼ਬਦ ਆ ਚੁਕੇ ਹਨ। ਇਸ ਤੋਂ ਅਗਲੇ ਸ਼ਬਦ ਦਾ ਜੋੜ-ਅੰਕ ੧੪ ਹੈ। ਇਸ ਦਾ ਭਾਵ ਇਹ ਹੈ ਕਿ ਅੰਕ ੧੩ ਤੋਂ ਅਗਾਂਹ ਨਵਾਂ ਸ਼ਬਦ ਸ਼ੁਰੂ ਹੋਇਆ ਹੈ। ਸਿਰਲੇਖ ‘ਧਨਾਸਰੀ ਮਹਲਾ ੫‘ ਨਾ ਲਿਖਣ ਨਾਲ ਭੀ ਕੋਈ ਭਲੇਖੇ ਵਾਲੀ ਗੱਲ ਨਹੀਂ ਹੈ।

ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥