ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਟਿੱਬਾ ਦੀ ਇਕੱਤਰਤਾ ਤਲਵੰਡੀ ਚੌਧਰੀਆਂ ਵਿਖੇ ਹੋਈ ਜਿਸ ਵਿਚ ਇਕਾਈ ਦਾ ਪਿਛਲੇ ਦੋ ਸਾਲ ਦਾ ਲੇਖਾ ਜੋਖਾ ਜਥੇਬੰਧਕ ਵਿਭਾਗ ਦੇ ਮੁਖੀ ਸੁਰਜੀਤ ਟਿੱਬਾ ਵੱਲੋਂ ਪੇਸ਼ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਜਿੱਥੇ ਤਰਕਸ਼ੀਲ ਮੈਗਜ਼ੀਨ ਵਿਚ ਵਾਧਾ ਕੀਤਾ ਗਿਆ ਉੱਥੇ ਸਕੂਲਾਂ ਕਾਲਜਾਂ ਵਿਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ‘ਤੇ ਬੱਚਿਆਂ ਨੂੰ ਲੈਕਚਰ ਵੀ ਕੀਤੇ ਗਏ | ਉਪਰੰਤ ਹਾਜ਼ਰ ਮੈਂਬਰਾਂ ਨੇ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਜਿਸ ਵਿਚ ਸਰਵਸੰਮਤੀ ਨਾਲ ਅਗਲੇ ਦੋ ਸਾਲ ਲਈ ਜਥੇਬੰਧਕ ਵਿਭਾਗ ਦਾ ਮੁਖੀ ਸੁਰਜੀਤ ਟਿੱਬਾ, ਵਿੱਤ ਵਿਭਾਗ ਦਾ ਮੁਖੀ ਮਾ. ਰਾਮ ਸਿੰਘ, ਮਾਨਸਿਕ ਸਿਹਤ ਤੇ ਚੇਤਨਾ ਵਿਭਾਗ ਮਾ.ਕਰਨੈਲ ਸਿੰਘ, ਜਤਿੰਦਰ ਰਾਜੂ ਨੂੰ ਸਾਂਝੇ ਤੌਰ ‘ਤੇ ਮੀਡੀਆ ਵਿਭਾਗ ਪਰਸਨ ਲਾਲ ਭੋਲਾ, ਮੈਗਜ਼ੀਨ ਵੰਡ ਤੇ ਪ੍ਰਕਾਸ਼ਨ ਵਿਭਾਗ ਜੋਰਾਵਰ ਸਿੰਘ, ਮਾ. ਹਰਵਿੰਦਰ ਸਿੰਘ, ਜਗਦੀਪ ਮੈਰੀਪੁਰ ਅਤੇ ਮਾ. ਜਸਬੀਰ ਸਿੰਘ ਸੂਜੋਕਾਲੀਆ ਨੂੰ ਡੈਲੀਗੇਟ ਚੁਣਿਆ ਗਿਆ | ਇਸ ਮੌਕੇ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸੁਰਜੀਤ ਟਿੱਬਾ ਨੇ ਕਿਹਾ ਕਿ ਸਾਡੇ ਸਮਾਜ ਵਿਚ ਅੰਧਵਿਸ਼ਵਾਸ ਇਸ ਕਦਰ ਤੱਕ ਫੈਲੇ ਹੋਏ ਨੇ ਅਨਪੜ੍ਹ ਘੱਟ ਪੜ੍ਹੇ ਲਿਖੇ ਤੇ ਪੜ੍ਹੇ ਲਿਖਿਆ ਵਿਚ ਅੰਤਰ ਕਰਨਾ ਔਖਾ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਟੀ.ਵੀ. ਜਿਸਦਾ ਕੰਮ ਲੋਕਾਂ ਨੂੰ ਜਾਗਰੂਕ ਕਰਨਾ ਹੈ ਉਹ ਅੰਧਵਿਸ਼ਵਾਸ ਨੂੰ ਫੈਲਾਉਣ ਦਾ ਸਭ ਤੋਂ ਵੱਡਾ ਹਥਿਆਰ ਬਣਿਆ ਹੋਇਆ ਹੈ | ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਵੀ ਊਲਜਲੂਲ ਪੋਸਟਾਂ ਪਾ ਕੇ ਲੋਕਾਂ ਦੀ ਸੋਚ ਨੂੰ ਖੂੰਢਾ ਕੀਤਾ ਜਾ ਰਿਹਾ ਹੈ | ਉਨ੍ਹਾਂ ਪੰਜਾਬ ਵਿਚ ਨਵੀਂ ਬਣੀ ਕਾਂਗਰਸ ਸਰਕਾਰ ਤੋਂ ਮੰਗ ਕੀਤੀ ਕਿ ਉਹ ਵਿਧਾਨ ਸਭਾ ਵਿਚ ਅੰਧਵਿਸ਼ਵਾਸ ਰੋਕੂ ਬਿੱਲ ਪਾਸ ਕਰੇ ਅਤੇ ਪੰਜਾਬ ਦੇ ਲੋਕਾਂ ਦੀ ਹੋ ਰਹੀ ਆਰਥਿਕ ਤੇ ਮਾਨਸਿਕ ਲੁੱਟ ਨੂੰ ਬੰਦ ਕਰਵਾਵੇ | ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਸੁਸਾਇਟੀ ਵੱਲੋਂ ਪੰਜਾਬ ਦੇ ਸਾਰੇ ਵਿਧਾਨਕਾਰਾਂ ਨੂੰ ਇਸ ਬਿੱਲ ਦੇ ਖਰੜੇ ਦਿੱਤੇ ਗਏ ਸਨ ਪਰ ਇਸ ‘ਤੇ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿਚ ਫੈਲੀਆਂ ਗਲਤ ਰੀਤਾਂ ਨੂੰ ਤਿਲਾਂਜਲੀ ਦੇ ਕੇ ਨਵੇਂ ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ | ਇਸ ਮੌਕੇ ਹਰਜਿੰਦਰ ਸਿੰਘ ਮੈਂਬਰ, ਹਰਭਜਨ ਸਿੰਘ ਮੈਂਬਰ, ਅਮਰੀਕ ਸਿੰਘ ਮੈਂਬਰ, ਮਾ.ਜਰਨੈਲ ਸਿੰਘ, ਸਸ਼ੀ ਸ਼ਰਮਾ, ਵਿਕੀ ਜੈਨਪੁਰ ਆਦਿ ਹਾਜ਼ਰ ਸਨ |