
ਪਿੰਡ ਠੱਟਾ ਨਵਾਂ ਵਿਖੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਸਮੂਹ ਨਗਰ ਨਿਵਾਸੀਆਂ ਵੱਲੋਂ ਬਹੁਤ ਸ਼ਰਧਾ ਭਾਵਨਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਸਵੇਰੇ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸੁੰਦਰ ਧਾਰਮਿਕ ਦੀਵਾਨ ਸਜਾਏ ਗਏ। ਸਮਾਗਮ ਵਿੱਚ ਸ਼ਾਮਿਲ ਬੁਲਾਰਿਆਂ ਨੇ ਭਗਤ ਰਵਿਦਾਸ ਜੀ ਦੇ ਜੀਵਨ, ਸੰਘਰਸ਼ ਅਤੇ ਸਿੱਖਿਆਵਾਂ ‘ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਆਖਿਆ ਕਿ ਭਗਤ ਰਵਿਦਾਸ ਜੀ ਨੇ ਆਪਣੇ ਸਮੇਂ ‘ਚ ਪ੍ਰਾਣੀ ਮਾਤਰ ਨੂੰ ਊਚ ਨੀਚ, ਜਾਤ-ਪਾਤ ਦੇ ਫੋਕੇ ਕਰਮਕਾਂਡੀ ਅਡੰਬਰਾਂ ਦੇ ਬੰਧਨ ਤੋੜ ਕੇ ਮਨੁੱਖੀ ਬਰਾਬਰੀ ਵਾਲੇ ਸਮਾਜ ਦੀ ਸਿਰਜਨਾ ਦਾ ਹੋਕਾ ਬੁਲੰਦ ਕੀਤਾ। ਉਹਨਾਂ ਨੇ ਸਤਿਗੁਰੂ ਦੀ ਕ੍ਰਿਪਾ ਦਾ ਪਾਤਰ ਬਣਨ ਦੀ ਗੱਲ ਬਾਣੀ ‘ਚ ਕੀਤੀ ਹੈ। ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਧਰਮਾਂ, ਜਾਤ ਬਿਰਾਦਰੀਆਂ ਤੇ ਫਿਰਕਿਆਂ ਦੇ ਵੰਡ ਵਰਨ ਤੋਂ ਉਪਰ ਉਠ ਕੇ ਭਗਤ ਰਵਿਦਾਸ ਜੀ ਦੀ ਬਾਣੀ ਦੇ 16 ਰਾਗਾਂ ‘ਚ 40 ਸ਼ਬਦਾਂ ਨੂੰ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਢੁੱਕਵਾਂ ਸਨਮਾਨ ਦਿੱਤਾ ਹੈ। ਇਸ ਮੌਕੇ ਸਾਰਾ ਦਿਨ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਸਮਾਗਮ ਨੂੰ ਸਫਲ ਬਣਾਉਣ ਵਿੱਚ ਰਮੇਸ਼ ਕੁਮਾਰ, ਹਰਬਿਲਾਸ, ਗੁਰਨਾਮ ਸਿੰਘ, ਦਿਲਬਾਗ ਸਿੰਘ, ਜਸਵਿੰਦਰ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ, ਪਿਆਰਾ ਲਾਲ, ਬਖਸ਼ੀਸ਼ ਸਿੰਘ ਥਿੰਦ, ਗੁਰਮੇਲ ਸਿੰਘ, ਗੁਰਦੀਪ ਸਿੰਘ, ਲਖਬੀਰ ਸਿੰਘ, ਮਾ.ਮਹਿੰਗਾ ਸਿੰਘ, ਅੈਡਵੋਕੇਟ ਬਲਵਿੰਦਰ ਸਿੰਘ ਮੋਮੀ, ਸੁਖਵਿੰਦਰ ਸਿੰਘ, ਦੀਪਕ ਬੱਧਨ, ਕਰਨ ਬੱਧਨ, ਰਾਜਾ, ਅਮਨ ਅਤੇ ਬੱਬਲ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਗਰਾਮ ਪੰਚਾਇਤ ਅਤੇ ਹੋਰ ਪਿੰਡ ਵਾਸੀਆਂ ਨੇ ਵੀ ਸ਼ਮੂਲੀਅਤ ਕੀਤੀ।
