ਸੂਹੀ ਮਹਲਾ ੫ ॥ ਤਉ ਮੈ ਆਇਆ ਸਰਨੀ ਆਇਆ ॥ ਭਰੋਸੈ ਆਇਆ ਕਿਰਪਾ ਆਇਆ ॥ ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥ ਮਹਾ ਦੁਤਰੁ ਮਾਇਆ ॥ ਜੈਸੇ ਪਵਨੁ ਝੁਲਾਇਆ ॥੧॥ ਸੁਨਿ ਸੁਨਿ ਹੀ ਡਰਾਇਆ ॥ ਕਰਰੋ ਧ੍ਰਮਰਾਇਆ ॥੨॥ ਗ੍ਰਿਹ ਅੰਧ ਕੂਪਾਇਆ ॥ ਪਾਵਕੁ ਸਗਰਾਇਆ ॥੩॥ ਗਹੀ ਓਟ ਸਾਧਾਇਆ ॥ ਨਾਨਕ ਹਰਿ ਧਿਆਇਆ ॥ ਅਬ ਮੈ ਪੂਰਾ ਪਾਇਆ ॥੪॥੩॥੪੬॥ {ਅੰਗ 746}
ਅਰਥ: ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਇਸ ਭਰੋਸੇ ਨਾਲ ਆਇਆ ਹਾਂ ਕਿ ਤੂੰ ਕਿਰਪਾ ਕਰੇਂਗਾ। ਸੋ, ਹੇ ਮਾਲਕ ਪ੍ਰਭੂ! ਜਿਵੇਂ ਤੈਨੂੰ ਚੰਗੇ ਲੱਗੇ, ਮੇਰੀ ਰੱਖਿਆ ਕਰ। (ਮੈਨੂੰ ਤੇਰੇ ਦਰ ਤੇ) ਗੁਰੂ ਨੇ ਭੇਜਿਆ ਹੈ, (ਮੈਨੂੰ ਤੇਰੇ ਦਰ ਦਾ) ਰਸਤਾ ਗੁਰੂ ਨੇ (ਵਿਖਾਇਆ ਹੈ)।੧।ਰਹਾਉ। ਹੇ ਪ੍ਰਭੂ! ਜਿਵੇਂ (ਤੇਜ਼) ਹਵਾ ਧੱਕੇ ਮਾਰਦੀ ਹੈ, ਤਿਵੇਂ ਮਾਇਆ (ਦੀਆਂ ਲਹਿਰਾਂ ਧੱਕੇ ਮਾਰਦੀਆਂ ਹਨ) (ਤੇਰੀ ਰਚੀ) ਮਾਇਆ (ਇਕ ਵੱਡਾ ਸਮੁੰਦਰ ਹੈ ਜਿਸ ਤੋਂ) ਪਾਰ ਲੰਘਣਾ ਬਹੁਤ ਔਖਾ ਹੈ।੧। ਹੇ ਪ੍ਰਭੂ! ਮੈਂ ਤਾਂ ਇਹ ਸੁਣ ਸੁਣ ਕੇ ਹੀ ਡਰ ਰਿਹਾ ਹਾਂ ਕਿ ਧਰਮਰਾਜ ਬੜਾ ਕਰੜਾ (ਹਾਕਮ) ਹੈ।੨। ਹੇ ਪ੍ਰਭੂ! ਇਹ ਸੰਸਾਰ ਇਕ ਅੰਨ੍ਹਾ ਖੂਹ ਹੈ, ਇਸ ਵਿਚ ਸਾਰੀ (ਤ੍ਰਿਸ਼ਨਾ ਦੀ) ਅੱਗ ਹੀ ਅੱਗ ਹੈ। ਹੇ ਨਾਨਕ (ਆਖ–ਹੇ ਪ੍ਰਭੂ! ਜਦੋਂ ਤੋਂ) ਮੈਂ ਗੁਰੂ ਦਾ ਆਸਰਾ ਲਿਆ ਹੈ, ਮੈਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ, ਤੇ, ਮੈਨੂੰ ਪੂਰਨ ਪ੍ਰਭੂ ਲੱਭ ਪਿਆ ਹੈ।੪।੩।੪੬।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥
www.thatta.in | fb/PindThatta | twitter@Pind_Thatta | YouTube/PindThatta | WhatsApp: 98728-98928