ਜੈਤਸਰੀ ਮਹਲਾ ੫ ॥ ਮਨਿ ਤਨਿ ਬਸਿ ਰਹੇ ਮੇਰੇ ਪ੍ਰਾਨ ॥ ਕਰਿ ਕਿਰਪਾ ਸਾਧੂ ਸੰਗਿ ਭੇਟੇ ਪੂਰਨ ਪੁਰਖ ਸੁਜਾਨ ॥੧॥ ਰਹਾਉ ॥ ਪ੍ਰੇਮ ਠਗਉਰੀ ਜਿਨ ਕਉ ਪਾਈ ਤਿਨ ਰਸੁ ਪੀਅਉ ਭਾਰੀ ॥ ਤਾ ਕੀ ਕੀਮਤਿ ਕਹਣੁ ਨ ਜਾਈ ਕੁਦਰਤਿ ਕਵਨ ਹਮ੍ਹ੍ਹਾਰੀ ॥੧॥ ਲਾਇ ਲਏ ਲੜਿ ਦਾਸ ਜਨ ਅਪੁਨੇ ਉਧਰੇ ਉਧਰਨਹਾਰੇ ॥ ਪ੍ਰਭੁ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਓ ਨਾਨਕ ਸਰਣਿ ਦੁਆਰੇ ॥੨॥੭॥੧੧॥ {ਅੰਗ 702}
ਅਰਥ: ਹੇ ਭਾਈ! ਮੇਰੇ ਪ੍ਰਾਣਾਂ ਦੇ ਆਸਰੇ ਪ੍ਰਭੂ ਜੀ ਹੁਣ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਵੱਸ ਰਹੇ ਹਨ। ਉਹ ਸਰਬ–ਗੁਣ–ਭਰਪੂਰ, ਸਰਬ–ਵਿਆਪਕ, ਸਭ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਭੂ ਜੀ (ਆਪਣੀ) ਮੇਹਰ ਕਰ ਕੇ ਮੈਨੂੰ ਗੁਰੂ ਦੀ ਸੰਗਤਿ ਵਿਚ ਮਿਲ ਪਏ।੧।ਰਹਾਉ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ (ਗੁਰੂ ਪਾਸੋਂ ਪਰਮਾਤਮਾ ਦੇ) ਪਿਆਰ ਦੀ ਠੱਗ–ਬੂਟੀ ਲੱਭ ਪਈ, ਉਹਨਾਂ ਨਾਮ–ਜਲ ਰੱਜ ਰੱਜ ਕੇ ਪੀ ਲਿਆ। ਉਸ (ਨਾਮ–ਜਲ) ਦੀ ਕੀਮਤ ਦੱਸੀ ਨਹੀਂ ਜਾ ਸਕਦੀ। ਮੇਰੀ ਕੀਹ ਤਾਕਤ ਹੈ (ਕਿ ਮੈਂ ਉਸ ਨਾਮ–ਜਲ ਦਾ ਮੁੱਲ ਦੱਸ ਸਕਾਂ)?।੧। ਹੇ ਨਾਨਕ! ਪ੍ਰਭੂ ਨੇ (ਸਦਾ) ਆਪਣੇ ਦਾਸ ਆਪਣੇ ਸੇਵਕ ਆਪਣੇ ਲੜ ਲਾ ਕੇ ਰੱਖੇ ਹਨ, (ਤੇ, ਇਸ ਤਰ੍ਹਾਂ) ਉਸ ਬਚਾਣ ਦੀ ਸਮਰਥਾ ਵਾਲੇ ਪ੍ਰਭੂ ਨੇ (ਸੇਵਕਾਂ ਨੂੰ ਸੰਸਾਰ ਦੇ ਵਿਕਾਰਾਂ ਤੋਂ ਸਦਾ) ਬਚਾਇਆ ਹੈ। ਪ੍ਰਭੂ ਦੇ ਦਰ ਤੇ ਆ ਕੇ, ਪ੍ਰਭੂ ਦੀ ਸਰਨ ਪੈ ਕੇ, ਸੇਵਕਾਂ ਨੇ ਪ੍ਰਭੂ ਨੂੰ ਸਦਾ ਸਦਾ ਸਿਮਰ ਕੇ (ਸਦਾ) ਆਤਮਕ ਆਨੰਦ ਮਾਣਿਆ ਹੈ।੨।੭।੧੧।