Surjit Kaur Belgium
ਮੇਰੇ ਇਸ ਸ਼ਹਿਰ ਵਿੱਚ,ਮਿਲਦੇ ਆ ਹਰ ਥਾਂ ਲਿਸ਼ਕਵੇਂ ਸ਼ੀਸ਼ੇ,
ਕਿਤੇ ਤਿੜਕੇ ਦਿਸਦੇ ਆ ਚਿਹਰੇ, ਕਿਸੇ ਚਿਹਰੇ ਉੱਤੇ ਪਰਦਾ ਹੈ।
ਮੇਰੇ ਇਸ ਸ਼ਹਿਰ ਵਿੱਚ,ਬੜੀ ਖ਼ੁੱਦਾਰ ਜਿਹੀ ਇਨਸਾਨੀਅਤ ਆ,
ਕਿਤੇ ਅੰਨ ਦੇ ਭਰੇ ਗੁਦਾਮ ਰੁਲਣ, ਕਿਤੇ ਅੰਨਦਾਤਾ ਭੁੱਖਾ ਮਰਦਾ ਹੈ।
ਮੇਰੇ ਇਸ ਸ਼ਹਿਰ ਵਿੱਚ,ਬੜੀ ਪਾਕ ਮੁਹੱਬਤ ਹੈ ਰਾਜਨੀਤੀ,
ਸ਼ੇਰਾਂ ਨੂੰ ਡੱਕਿਆ ਪਿੰਜਰੇ ਵਿੱਚ, ਗਿੱਦੜ ਕੁਰਸੀ ਲਈ ਲੜਦਾ ਹੈ।
ਮੇਰੇ ਇਸ ਸ਼ਹਿਰ ਵਿੱਚ,ਬੜੀ ਬੇਰੰਗ ਜਿਹੀ ਸਭ ਦੁਨੀਆਂ ਹੈ,
ਕਿਤੇ ਚਿੱਟੇ ਦੀ ਭਰਮਾਰ ਦਿਸੇ, ਕਿਤੇ ਰੱਤ ਨਬਜ਼ਾਂ ਵਿੱਚ ਖੜ੍ਹਦਾ ਹੈ।
ਮੇਰੇ ਇਸ ਸ਼ਹਿਰ ਵਿੱਚ, ਹਰ ਥਾਂ ਤੇ ਹੀ ਮੰਦਹਾਲੀ ਹੈ,
ਕਿਤੇ ਬੰਜਰ ਪਈ ਜ਼ਮੀਨ ਸਾਰੀ, ਕਿਤੇ ਬਿਨ ਬੱਦਲੋਂ ਮੀਂਹ ਵਰ੍ਹਦਾ ਹੈ।
ਮੇਰੇ ਇਸ ਸ਼ਹਿਰ ਵਿੱਚ,ਇੱਕ ਅਜ਼ਬ ਨਿਰਾਲਾ ਮੌਸਮ ਹੈ,
ਕਿਤੇ ਸਿਰ ਖੁਰਕਣ ਦੀ ਵਿਹਲ ਨਹੀਂ, ਕੋਈ ਵਿਹਲਾ ਬੈਠਾ ਠਰਦਾ ਹੈ।
ਮੇਰੇ ਇਸ ਸ਼ਹਿਰ ਵਿੱਚ,ਬਹੁਤੇ ਇੱਜ਼ਤਾਂ ਦੇ ਸੌਦਾਗਰ ਆ,
ਕਿਤੇ ਪੁੱਤ ਨਾ ਪੁੱਛਣ ਮਾਪੇ ਨੂੰ, ਕਿਤੇ ਮਾਪਾ ਧੀਅ ਜੰਮਣ ਤੋਂ ਡਰਦਾ ਹੈ।
ਮੇਰੇ ਇਸ ਸ਼ਹਿਰ ਵਿੱਚ,ਮਿਲਦੇ ਆ ਹਰ ਥਾਂ ਲਿਸ਼ਕਵੇਂ ਸ਼ੀਸ਼ੇ,
ਕਿਤੇ ਤਿੜਕੇ ਦਿਸਦੇ ਆ ਚਿਹਰੇ, ਕਿਸੇ ਚਿਹਰੇ ਉੱਤੇ ਪਰਦਾ ਹੈ।
-ਸੁਰਜੀਤ ਕੌਰ ਬੈਲਜ਼ੀਅਮ