ਬਾਪੂ ਨੇ ਕਮਾਈ ਕੀਤੀ, ਬੇਬੇ ਮੈਨੂੰ ਪਾਲਿਆ,
ਦੇਣ ਨਹੀਂ ਕੋਈ ਦੇ ਸਕਦਾ, ਮਾਂ-ਪਿਓ ਦਾ ਠੱਟੇ ਵਾਲਿਆ।
ਤੜ੍ਹਕੇ ਨੂੰ ਉੱਠ ਪਾਉਂਦੀ, ਬੇਬੇ ਚਾਟੀ ‘ਚ ਮਧਾਣੀ,
ਕਹਿੰਦੀ ਉੱਠ ਪੁੱਤ, ਮੱਖਣੀ ਜੇ ਤੂੰ ਖਾਣੀ।
ਲਾਹੇ ਦਾ ਸੀ ਉਹ, ਜਿਹੜਾ ਬੇਬੇ ਹੱਥੋਂ ਖਾ ਲਿਆ,
ਦੇਣ ਨਹੀਂ ਕੋਈ ਦੇ ਸਕਦਾ, ਮਾਂ-ਪਿਓ ਦਾ ਠੱਟੇ ਵਾਲਿਆ।
ਕੀਤੀਆਂ ਸੀ ਸਭੇ, ਬਾਪੂ ਰੀਝਾਂ ਪੂਰੀਆਂ,
ਕੁੱਟ-ਕੁੱਟ ਖਵਾਉਂਦੀ ਸੀ, ਬੇਬੇ ਮੈਨੂੰ ਚੂਰੀਆਂ।
ਕਿੰਨਾ ਸੋਹਣਾ ਸਮਾਂ, ਹੱਥੋਂ ਆਪਣੇ ਗਵਾ ਲਿਆ,
ਦੇਣ ਨਹੀਂ ਕੋਈ ਦੇ ਸਕਦਾ, ਮਾਂ-ਪਿਓ ਦਾ ਠੱਟੇ ਵਾਲਿਆ।
ਘਰੋਂ ਦੇਣ ਧੱਕੇ, ਮਾਂ ਪਿਓ ਨੂੰ ਏਥੇ ਕਈ,
ਪਤਾ ਉਦੋਂ ਲੱਗੂ, ਜਦੋਂ ਸਿਰ ਆਪਣੇ ਪਈ।
ਘੁੱਟ ਇੱਕ ਪਾਣੀ ਲਈ, ਰੱਬ ਜਿਹਿਆਂ ਨੂੰ ਤਰਸਾ ਲਿਆ,
ਦੇਣ ਨਹੀਂ ਕੋਈ ਦੇ ਸਕਦਾ, ਮਾਂ-ਪਿਓ ਦਾ ਠੱਟੇ ਵਾਲਿਆ।
ਦੇਣ ਨਹੀਂ ਕੋਈ ਦੇ ਸਕਦਾ, ਮਾਂ-ਪਿਓ ਦਾ ਠੱਟੇ ਵਾਲਿਆ।
-ਦਲਵਿੰਦਰ ਠੱਟੇ ਵਾਲਾ