
ਮੈਂ ਇੱਕ ਵਣਜਾਰਨ,
ਬਣ ਪ੍ਰੇਮ ਪੁਜਾਰਨ,
ਮੰਗਾਂ ਕਿਉਂ ਨਾ ਸਭ ਦੀ ਖ਼ੈਰ,
ਇਸ ਦੁਨੀਆਂ ਤੇ ਕੁਝ ਵੀ ਨਾ ਮੇਰਾ,
ਫਿਰ ਕਾਹਦਾ ਕਿਸੇ ਨਾਲ ਵੈਰ?
ਕਿਸੇ ਦੇ ਲਈ ਮੈਂ ਕੀ ਕਰ ਲੈਣਾ,
ਘੁੰਮਾਂ ਦਿਨ ਰਾਤ ਆਪਣੀਆਂ ਗਰਜ਼ਾਂ ਨੂੰ,
ਆਪਣੇ ਹੱਕ ਤਾਂ ਚੇਤੇ ਮੈਂ ਰੱਖਾਂ,
ਪਰ ਭੁੱਲ ਕਿਉਂ ਜਾਵਾਂ ਸਭ ਫਰਜ਼ਾਂ ਨੂੰ।
ਇਨਸਾਨ ਹੋ ਕੇ ਇਨਸਾਨਾਂ ਨੂੰ
ਡੰਗਾਂ ਕਿਉਂ ਮਨ ਵਿੱਚ ਭਰ ਗਿਆ ਜ਼ਹਿਰ
ਇਸ ਦੁਨੀਆਂ ਤੇ ਕੁਝ ਵੀ ਨਾ ਮੇਰਾ,
ਫਿਰ ਕਾਹਦਾ ਕਿਸੇ ਨਾਲ ਵੈਰ?
ਮੇਰੇ ਮਨ ਵਿੱਚ ਕਈ ਅਸ਼ੰਕੇ,
ਤੇ ਕਈ ਝੂਠੀਆਂ ਸੱਚੀਆਂ ਰੀਤਾਂ ਨੇ,
ਮੈਂ ਹੀ ਮੈਂ,ਬਸ ਭਰ ਗਈ ਦਿਲ ਵਿੱਚ,
ਦੂਰ ਨੱਸ ਗਈਆਂ ਕਿਤੇ ਪ੍ਰੀਤਾਂ ਨੇ।
ਆਪਣਾ ਮਤਲਬ ਕੱਢਣ ਲਈ ਮੈਂ,
ਕਰਾਂ ਆਪਣਿਆਂ ਤੇ ਹੀ ਕਹਿਰ
ਇਸ ਦੁਨੀਆਂ ਤੇ ਕੁਝ ਵੀ ਨਾ ਮੇਰਾ,
ਫਿਰ ਕਾਹਦਾ ਕਿਸੇ ਨਾਲ ਵੈਰ?
ਕਿਉਂ ਘੁਣ ਲੱਗ ਗਿਆ ਦੇਹੀ ਮੇਰੀ ਨੂੰ,
ਕਿਉਂ ਬੰਜ਼ਰ ਮੇਰਾ ਜ਼ਮੀਰ ਪਿਆ,
ਮਿੱਟੀ ਨੇ ਮਿਲ ਮਿੱਟੀ ਵਿੱਚ ਜਾਣਾ,
ਜੋ ਸੋਨੇ ਜਿਹਾ ਲੱਗੇ ਸਰੀਰ ਪਿਆ।
ਜ਼ਿੰਦਾ ਰਹਿ ਕੇ ਨਜ਼ਰੋਂ ਡਿੱਗਣ ਤੋ ਪਹਿਲਾਂ,
ਮੈਂ ਮਰ ਕੇ ਜਾਵਾਂ ਤੈਰ
ਇਸ ਦੁਨੀਆਂ ਤੇ ਕੁਝ ਵੀ ਨਾ ਮੇਰਾ,
ਫਿਰ ਕਾਹਦਾ ਕਿਸੇ ਨਾਲ ਵੈਰ?
ਮੇਰੀ ਜ਼ਿੰਦਗੀ ਦਾ ਸਿਖਰ ਦੁਪਹਿਰਾ
ਜਾਂ ਪਈ ਢਲ਼ਦੀ ਸ਼ਾਮ ਹਾਂ ਮੈਂ,
ਉੱਜਵਲ ਮੇਰਾ ਕੱਲ੍ਹ ਹੈ ਦਾਤਾ
ਜਾਂ ਹੋਣਾ ਹੋਰ ਹਾਲੇ ਬਦਨਾਮ ਹੈ ਮੈਂ।
ਤੇਰੇ ਮਨ ਦੀਆਂ ਤੂੰ ਹੀ ਜਾਣੇ,
ਜਾਣ ਸਕਦਾ ਨਹੀਂ ਕੋਈ ਗ਼ੈਰ
ਇਸ ਦੁਨੀਆਂ ਤੇ ਕੁਝ ਵੀ ਨਾ ਮੇਰਾ,
ਫਿਰ ਕਾਹਦਾ ਕਿਸੇ ਨਾਲ ਵੈਰ?
ਇਹ ਦੁਨੀਆਂ ਸਿਰਫ ਸਰਾਂ ਇੱਕ ਹੈ,
ਮੇਰੀ ਸੋਚ ਨੁੰ ਕਰ ਸਾਕਾਰ ਦਾਤਾ,
ਸਭ ਝੂਠਾ ਮਾਇਆ ਜਾਲ ਹੈ ਜੱਗ ਤੇ,
ਬਸ ਤੂੰ ਹੀ ਇੱਕ ਦਿਲਦਾਰ ਦਾਤਾ।
ਜੇ ਮਿਹਰ ਤੇਰੀ ਹੋ ਜਾਵੇ ਮੌਲਾ,
ਤਾਂ ਵਹਿ ਦੁੱਧ ਦੀ ਜਾਵੇ ਨਹਿਰ
ਇਸ ਦੁਨੀਆਂ ਤੇ ਕੁਝ ਵੀ ਨਾ ਮੇਰਾ ,
ਫਿਰ ਕਾਹਦਾ ਕਿਸੇ ਨਾਲ ਵੈਰ?
-ਸੁਰਜੀਤ ਕੌਰ ਬੈਲਜ਼ੀਅਮ