ਰਾਗੁ ਬੈਰਾੜੀ ਮਹਲਾ ੫ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੰਤ ਜਨਾ ਮਿਲਿ ਹਰਿ ਜਸੁ ਗਾਇਓ ॥ ਕੋਟਿ ਜਨਮ ਕੇ ਦੂਖ ਗਵਾਇਓ ॥੧॥ ਰਹਾਉ ॥ ਜੋ ਚਾਹਤ ਸੋਈ ਮਨਿ ਪਾਇਓ ॥ ਕਰਿ ਕਿਰਪਾ ਹਰਿ ਨਾਮੁ ਦਿਵਾਇਓ ॥੧॥ ਸਰਬ ਸੂਖ ਹਰਿ ਨਾਮਿ ਵਡਾਈ ॥ ਗੁਰ ਪ੍ਰਸਾਦਿ ਨਾਨਕ ਮਤਿ ਪਾਈ ॥੨॥੧॥੭॥ {ਅੰਗ 720}
ਪਦਅਰਥ: ਮਿਲਿ—ਮਿਲ ਕੇ। ਜਸੁ—ਸਿਫ਼ਤਿ–ਸਾਲਾਹ ਦਾ ਗੀਤ। ਗਾਇਓ—ਗਾਇਆ। ਕੋਟਿ—ਕ੍ਰੋੜਾਂ। ਗਵਾਇਓ—ਦੂਰ ਕਰ ਲਏ।੧।ਰਹਾਉ।
ਚਾਹਤ—ਚਾਹੁੰਦਾ ਹੈ। ਸੋਈ—ਉਹੀ ਮੁਰਾਦ। ਮਨਿ—ਮਨ ਵਿਚ। ਪਾਇਓ—ਪ੍ਰਾਪਤ ਕਰ ਲਈ। ਕਰਿ—ਕਰ ਕੇ। ਦਿਵਾਇਓ—(ਪ੍ਰਭੂ ਪਾਸੋਂ) ਦਿਵਾ ਦਿੱਤਾ।੧।
ਹਰਿ ਨਾਮਿ—ਪ੍ਰਭੂ ਦੇ ਨਾਮ ਵਿਚ (ਜੁੜਿਆਂ)। ਸਰਬ—ਸਾਰੇ। ਵਡਾਈ—ਆਦਰ ਇੱਜ਼ਤ। ਪ੍ਰਸਾਦਿ—ਕਿਰਪਾ ਨਾਲ। ਮਤਿ—ਅਕਲ।੨।
ਅਰਥ: ਹੇ ਭਾਈ! ਜਿਸ ਭੀ ਮਨੁੱਖ ਨੇ ਗੁਰਮੁਖਾਂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ–ਸਾਲਾਹ ਦਾ ਗੀਤ ਗਾਇਆ ਹੈ, ਉਸ ਨੇ ਆਪਣੇ ਕ੍ਰੋੜਾਂ ਜਨਮਾਂ ਦੇ ਦੁੱਖ ਦੂਰ ਕਰ ਲਏ ਹਨ।੧।ਰਹਾਉ।
ਹੇ ਭਾਈ! ਸਿਫ਼ਤਿ–ਸਾਲਾਹ ਕਰਨ ਵਾਲੇ ਮਨੁੱਖ ਨੇ ਜੋ ਕੁਝ ਭੀ ਆਪਣੇ ਮਨ ਵਿਚ ਚਾਹ ਕੀਤੀ, ਉਸ ਨੂੰ ਉਹੀ ਪ੍ਰਾਪਤ ਹੋ ਗਈ। (ਗੁਰੂ ਨੇ) ਕਿਰਪਾ ਕਰ ਕੇ ਉਸ ਨੂੰ (ਪ੍ਰਭੂ ਦੇ ਦਰ ਤੋਂ) ਪ੍ਰਭੂ ਦਾ ਨਾਮ ਭੀ ਦਿਵਾ ਦਿੱਤਾ।
ਹੇ ਭਾਈ! ਪਰਮਾਤਮਾ ਦੇ ਨਾਮ ਵਿਚ (ਜੁੜਿਆਂ) ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ, (ਲੋਕ ਪਰਲੋਕ ਵਿਚ) ਇੱਜ਼ਤ (ਭੀ ਮਿਲ ਜਾਂਦੀ ਹੈ)। ਹੇ ਨਾਨਕ! (ਪ੍ਰਭੂ ਦੇ ਨਾਮ ਵਿਚ ਜੁੜਨ ਦੀ ਇਹ) ਅਕਲ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ।੨।੧।੭।
ਨੋਟ: ਅੰਕ ੧–ਮਹਲਾ ੫ ਦਾ ਇਕ ਸ਼ਬਦ
ਮਹਲਾ ੪ — ੬ ਸ਼ਬਦ
ਮਹਲਾ ੫ — ੧ ਸ਼ਬਦ
. . . . . . . —
. ਜੋੜ . . . . . ੭