ਮਾਂ ਨਾਂ ਪੁੱਤ ਤੋਂ ਰਹਿੰਦੀ ਵਾਂਝੀ,
ਹਰ ਇਕ ਖੁਸ਼ੀ ਹੋਣੀ ਸੀ ਸਾਂਝੀ,
ਓਹ ਪਲ ਬੜੇ ਬੇ-ਮੁੱਲ ਹੋਣੇ ਸੀ,
ਹਰ ਟਾਹਣੀ ਤੇ ਫੁੱਲ ਹੋਣੇ ਸੀ,
ਨਾਂ ਚਾਅ ਕੋਈ ਦਿਲ ਵਿੱਚ ਦੱਬ ਹੁੰਦਾ,
ਪਰ ਜੇਕਰ ਮੈਂ ਰੱਬ ਹੁੰਦਾ।
—————————–
ਕੁੱਖ ਅੰਦਰ ਕੋਈ ਧੀ ਨਾਂ ਮਰਦੀ,
ਨਾਂ ਕੋਈ ਬਲੀ ਦਾਜ਼ ਦੀ ਚੜ੍ਹਦੀ,
ਖੁਸ਼ੀਆਂ ਨੂੰ ਵੀ ਬੂਰ ਪੈਣੇ ਸੀ,
ਗਮ ਤਾਂ ਕੋਹਾਂ ਦੂਰ ਰਹਿਣੇ ਸੀ,
ਨਾ ਪਾਪ ਭਾਲਿਆਂ ਲੱਭ ਹੁੰਦਾ,
ਪਰ ਜੇਕਰ ਮੈਂ ਰੱਬ ਹੁੰਦਾ।
—————————–
ਦੁੱਖ ਤਕਲੀਫ ਨਾਂ ਹੁੰਦੀ ਬਿਮਾਰੀ,
ਤੰਦਰੁਸਤ ਹੁੰਦੀ ਦੁਨੀਆ ਸਾਰੀ,
ਦਰਦ ਪੀੜ ਨਾਂ ਉੱਠਦੀਆਂ ਚੀਸਾਂ,
ਜੰਨਤ ਕਰਦੀ ਸਾਡੀਆਂ ਰੀਸਾਂ,
ਨਾਂ ਜਨਮ ਮਰਨ ਦਾ ਯੱਭ ਹੁੰਦਾ,
ਪਰ ਜੇਕਰ ਮੈਂ ਰੱਬ ਹੁੰਦਾ।
—————————–
ਨਫਰਤ ਦਿਲ ਵਿਚ ਬੀਜ਼ ਨਾਂ ਹੁੰਦੀ,
ਨਸ਼ੇ ਦੇ ਨਾਂਅ ਦੀ ਚੀਜ਼ ਨਾਂ ਹੁੰਦੀ,
ਨਾਂ ਅੱਧ ਖਿੜਿਆ ਮੁਰਝਾਓਂਦਾ ਬੰਦਾ,
ਪੂਰੀ ਉਮਰ ਹੰਢਾਉਂਦਾ ਬੰਦਾ,
ਪਿਆਰ ਨਾਂ ਦਿਲੋ ਅਲੱਗ ਹੁੰਦਾ,
ਪਰ ਜੇਕਰ ਮੈ ਰੱਬ ਹੁੰਦਾ।
—————————–
ਨਾਂ ਕਿਤੇ ਡੁੱਲ੍ਹਦੀ ਰੱਤ ਹੋਣੀ ਸੀ,
ਹਰ ਇਕ ਸਿਰ ਤੇ ਛ੍ੱਤ ਹੋਣੀ ਸੀ,
ਨਾਂ ਤਨ ਕਿਸੇ ਦਾ ਹੁੰਦਾ ਨੰਗਾ,
ਠੰਡ ਵਿਚ ਨਾਂ ਫਿਰ ਠਰਦਾ ਬੰਦਾ,
ਮੈ ਬਲਦਾ ਬਣ ਕੇ ਅੱਗ ਹੁੰਦਾ,
ਪਰ ਜੇਕਰ ਮੈਂ ਰੱਬ ਹੁੰਦਾ।
—————————–
ਬੰਜ਼ਰ ਧਰਤੀ ਦਿਸੇ ਨਾਂ ਖਾਲ਼ੀ,
ਹਰ ਥਾਂ ਤੇ ਹੁੰਦੀ ਹਰਿਆਲੀ,
ਚਾਨਣੀਆਂ ਰਾਤਾਂ ਹੀ ਹੁੰਦੀਆਂ,
ਗਮ ਦੀ ਰਾਤ ਨਾਂ ਹੁੰਦੀ ਕਾਲ਼ੀ,
ਕਿੰਨਾਂ ਸੋਹਣਾਂ ਇਹ ਜਗ ਹੁੰਦਾ
ਪਰ ਜੇਕਰ ਮੈਂ ਰੱਬ ਹੁੰਦਾ।
—————————–
ਸ਼ੁਕਰ ਕਿ ਰੂਬੀ ਰੱਬ ਨਹੀ ਏ,
ਰੱਬ ਦੇ ਵਰਗਾ ਠੱਗ ਨਹੀ ਏ,
ਰੱਬ ਹੁੰਦਾ ਮੇਰਾ ਨਾਂਅ ਨਾਂ ਵਿਕਦਾ,
ਡੇਰਿਆਂ ਵਿਚ ਥਾਂ ਥਾਂ ਨਾਂ ਵਿਕਦਾ,
ਨਾਂ ਮਗਰ ਭੇਡਾਂ ਦਾ ਵੱਗ ਹੁੰਦਾ,
ਪਰ…ਜੇਕਰ ਮੈ ਰੱਬ ਹੁੰਦਾ।
ਪਰ ਜੇਕਰ ਮੈ ਰੱਬ ਹੁੰਦਾ।
-ਰੂਬੀ ਟਿੱਬੇ ਵਾਲਾ

ਸ਼ੁਕਰ ਕਿ ਰੂਬੀ ਰੱਬ ਨਹੀ ਏ, ਰੱਬ ਦੇ ਵਰਗਾ ਠੱਗ ਨਹੀ ਏ-ਰੂਬੀ ਟਿੱਬੇ ਵਾਲਾ
359
Previous Postਮੰਗਲਵਾਰ 23 ਦਸੰਬਰ 2014 (ਮੁਤਾਬਿਕ 8 ਪੋਹ ਸੰਮਤ 546 ਨਾਨਕਸ਼ਾਹੀ)
Next Postਅਕਾਲ ਚਲਾਣਾ ਕਾਮਰੇਡ ਪ੍ਰੀਤਮ ਸਿੰਘ ਠੱਟਾ ਵਾਸੀ ਪਿੰਡ ਠੱਟਾ ਪੁਰਾਣਾ।
2 thoughts on “ਸ਼ੁਕਰ ਕਿ ਰੂਬੀ ਰੱਬ ਨਹੀ ਏ, ਰੱਬ ਦੇ ਵਰਗਾ ਠੱਗ ਨਹੀ ਏ-ਰੂਬੀ ਟਿੱਬੇ ਵਾਲਾ”
Comments are closed.
VEER JI BAHUT GOOD J
NICE
wah,gallin khiaal pkaai jande o,….te chakkran'ch rab nu paai jande o…….