ਬਿਲਾਵਲੁ ਮਹਲਾ ੫ ॥ ਅਹੰਬੁਧਿ ਪਰਬਾਦ ਨੀਤ ਲੋਭ ਰਸਨਾ ਸਾਦਿ ॥ ਲਪਟਿ ਕਪਟਿ ਗ੍ਰਿਹਿ ਬੇਧਿਆ ਮਿਥਿਆ ਬਿਖਿਆਦਿ ॥੧॥ ਐਸੀ ਪੇਖੀ ਨੇਤ੍ਰ ਮਹਿ ਪੂਰੇ ਗੁਰ ਪਰਸਾਦਿ ॥ ਰਾਜ ਮਿਲਖ ਧਨ ਜੋਬਨਾ ਨਾਮੈ ਬਿਨੁ ਬਾਦਿ ॥੧॥ ਰਹਾਉ ॥ ਰੂਪ ਧੂਪ ਸੋਗੰਧਤਾ ਕਾਪਰ ਭੋਗਾਦਿ ॥ ਮਿਲਤ ਸੰਗਿ ਪਾਪਿਸਟ ਤਨ ਹੋਏ ਦੁਰਗਾਦਿ ॥੨॥ ਫਿਰਤ ਫਿਰਤ ਮਾਨੁਖੁ ਭਇਆ ਖਿਨ ਭੰਗਨ ਦੇਹਾਦਿ ॥ ਇਹ ਅਉਸਰ ਤੇ ਚੂਕਿਆ ਬਹੁ ਜੋਨਿ ਭ੍ਰਮਾਦਿ ॥੩॥ ਪ੍ਰਭ ਕਿਰਪਾ ਤੇ ਗੁਰ ਮਿਲੇ ਹਰਿ ਹਰਿ ਬਿਸਮਾਦ ॥ ਸੂਖ ਸਹਜ ਨਾਨਕ ਅਨੰਦ ਤਾ ਕੈ ਪੂਰਨ ਨਾਦ ॥੪॥੮॥੩੮॥ {ਅੰਗ 810}
ਪਦਅਰਥ: ਅਹੰਬੁਧਿ—{अहंबुध्दि} ਮੈਂ ਮੈਂ ਕਰਨ ਵਾਲੀ ਅਕਲ। ਪਰਬਾਦ—{प्रवाद, ਪ੍ਰਵਾਦ} ਦੂਜਿਆਂ ਨੂੰ ਵੰਗਾਰਨ ਵਾਸਤੇ ਜੋਸ਼—ਭਰੇ ਖਰ੍ਹਵੇ ਬੋਲ। ਨੀਤ—ਨਿੱਤ, ਸਦਾ। ਸਾਦਿ—ਸੁਆਦ ਵਿਚ। ਰਸਨਾ—ਜੀਭ। ਲਪਟਿ—ਲਪਟ ਕੇ, ਫਸ ਕੇ। ਕਪਟਿ—ਕਪਟ ਵਿਚ, ਠੱਗੀ—ਫ਼ਰੇਬ ਵਿਚ। ਗ੍ਰਿਹਿ—ਘਰ (ਦੇ ਮੋਹ) ਵਿਚ। ਮਿਥਿਆ—ਨਾਸਵੰਤ। ਬਿਖਿਆਦਿ—ਬਿਖਿਆ ਆਦਿ, ਮਾਇਆ ਆਦਿਕ।੧।
ਪੇਖੀ—ਵੇਖੀ ਹੈ। ਮਹਿ—ਵਿਚ। ਗੁਰ ਪਰਸਾਦਿ—ਗੁਰੂ ਦੀ ਕਿਰਪਾ ਨਾਲ। ਬਾਦਿ—ਵਿਅਰਥ।੧।ਰਹਾਉ।
ਧੂਪ—ਧੁਖਾਣ ਵਾਲੀਆਂ ਸੁਗੰਧੀ ਵਾਲੀਆਂ ਚੀਜ਼ਾਂ। ਸੋਗੰਧਤਾ—ਖ਼ੁਸ਼ਬੂ। ਕਾਪਰ—ਕੱਪੜੇ। ਭੋਗਾਦਿ—ਭੋਗ ਆਦਿ, ਖਾਣ ਵਾਲੇ ਚੰਗੇ ਪਦਾਰਥ। ਸੰਗਿ—ਨਾਲ। ਪਾਪਿਸਟ—ਮਹਾਂ ਪਾਪੀ। ਤਨ—ਸਰੀਰ। ਦੁਰਗਾਦਿ—ਦੁਰਗੰਧੀ।
ਫਿਰਤ ਫਿਰਤ—(ਕਈ ਜੂਨਾਂ ਵਿਚ) ਭਟਕਦਾ ਭਟਕਦਾ। ਖਿਨ ਭੰਗਨ—ਇਕ ਖਿਨ ਵਿਚ ਨਾਸ ਹੋ ਜਾਣ ਵਾਲਾ। ਦੇਹਾਦਿ—ਦੇਹ, ਸਰੀਰ। ਅਉਸਰ—ਮੌਕਾ, ਵੇਲਾ। ਤੇ—ਤੋਂ। ਚੁਕਿਆ—ਖੁੰਝਿਆ। ਭ੍ਰਮਾਦਿ—ਭਟਕਦਾ ਹੈ।੩।
ਕਿਰਪਾ ਤੇ—ਕਿਰਪਾ ਤੋਂ, ਕਿਰਪਾ ਨਾਲ। ਬਿਸਮਾਦ—ਅਸਚਰਜ—ਰੂਪ। ਤਾ ਕੈ—ਉਸ (ਮਨੁੱਖ) ਦੇ ਹਿਰਦੇ ਵਿਚ। ਨਾਦ—ਧੁਨੀ, ਸ਼ਬਦ, ਵਾਜੇ। ਸਹਜ—ਆਤਮਕ ਅਡੋਲਤਾ।੪।
ਅਰਥ: ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੈਂ ਆਪਣੀ ਅੱਖੀਂ ਹੀ (ਜਗਤ ਦੇ ਪਦਾਰਥਾਂ ਦੀ) ਇਹੋ ਜਿਹੀ ਹਾਲਤ ਵੇਖ ਲਈ ਹੈ (ਕਿ ਦੁਨੀਆ ਦੀਆਂ)ਪਾਤਸ਼ਾਹੀਆਂ, ਜ਼ਮੀਨਾਂ (ਦੀ ਮਾਲਕੀ), ਧਨ ਅਤੇ ਜੁਆਨੀ (ਆਦਿਕ ਸਾਰੇ ਹੀ) ਪਰਮਾਤਮਾ ਦੇ ਨਾਮ ਤੋਂ ਬਿਨਾ ਵਿਅਰਥ ਹਨ।੧।ਰਹਾਉ।
(ਪ੍ਰਭੂ ਦੇ ਨਾਮ ਤੋਂ ਖੁੰਝ ਕੇ ਮਨੁੱਖ) ਅਹੰਕਾਰ ਦੀ ਅਕਲ ਦੇ ਆਸਰੇ ਦੂਜਿਆਂ ਨੂੰ ਵੰਗਾਰਨ ਦੇ ਖਰ੍ਹਵੇ ਬੋਲ ਬੋਲਦਾ ਹੈ, ਸਦਾ ਲਾਲਚ ਅਤੇ ਜੀਭ ਦੇ ਸੁਆਦ ਵਿਚ (ਫਸਿਆ ਰਹਿੰਦਾ ਹੈ); ਘਰ (ਦੇ ਮੋਹ) ਵਿਚ, ਠੱਗੀ–ਫ਼ਰੇਬ ਵਿਚ ਫਸ ਕੇ, ਨਾਸਵੰਤ ਮਾਇਆ (ਦੇ ਮੋਹ) ਵਿਚ ਵਿੱਝਾ ਰਹਿੰਦਾ ਹੈ।੧।
(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਮਹਾ ਵਿਕਾਰੀ ਮਨੁੱਖ (ਸਰੀਰ ਦਾ ਮਾਣ ਕਰਦਾ ਹੈ, ਪਰ ਇਸ) ਸਰੀਰ ਦੇ ਨਾਲ ਛੁਹ ਕੇ ਸੋਹਣੇ ਸੋਹਣੇ ਪਦਾਰਥ, ਧੂਪ ਆਦਿਕ ਸੁਗੰਧੀਆਂ, ਕੱਪੜੇ, ਚੰਗੇ ਚੰਗੇ ਖਾਣੇ (ਇਹ ਸਾਰੇ ਹੀ) ਦੁਰਗੰਧੀ ਦੇਣ ਵਾਲੇ ਬਣ ਜਾਂਦੇ ਹਨ।੨।
ਹੇ ਭਾਈ! ਅਨੇਕਾਂ ਜੂਨਾਂ ਵਿਚ ਭਟਕਦਾ ਭਟਕਦਾ ਜੀਵ ਮਨੁੱਖ ਬਣਦਾ ਹੈ, ਇਹ ਸਰੀਰ ਭੀ ਇਕ ਖਿਨ ਵਿਚ ਨਾਸ ਹੋ ਜਾਣ ਵਾਲਾ ਹੈ (ਇਸ ਦਾ ਮਾਣ ਭੀ ਕਾਹਦਾ? ਇਸ ਸਰੀਰ ਵਿਚ ਭੀ ਪਰਮਾਤਮਾ ਦੇ ਨਾਮ ਤੋਂ ਖੁੰਝਿਆ ਰਹਿੰਦਾ ਹੈ। ਇਸ ਮੌਕੇ ਤੋਂ ਖੁੰਝਿਆ ਹੋਇਆ ਜੀਵ (ਫਿਰ) ਅਨੇਕਾਂ ਜੂਨਾਂ ਵਿਚ ਜਾ ਭਟਕਦਾ ਹੈ।੩।
ਹੇ ਨਾਨਕ! ਪਰਮਾਤਮਾ ਦੀ ਕਿਰਪਾ ਨਾਲ ਜੇਹੜੇ ਮਨੁੱਖ ਗੁਰੂ ਨੂੰ ਮਿਲ ਪਏ, ਉਹਨਾਂ ਨੇ ਅਚਰਜ–ਰੂਪ ਹਰੀ ਦਾ ਨਾਮ ਜਪਿਆ, ਉਹਨਾਂ ਦੇ ਹਿਰਦੇ ਵਿਚ ਆਤਮਕ ਅਡੋਲਤਾ ਦੇ ਸੁਖ ਆਨੰਦ ਦੇ ਵਾਜੇ ਸਦਾ ਵੱਜਣ ਲੱਗ ਪਏ।੪।੮।੩੮।
ਬਿਲਾਵਲੁ ਮਹਲਾ ੫ ॥ ਚਰਨ ਭਏ ਸੰਤ ਬੋਹਿਥਾ ਤਰੇ ਸਾਗਰੁ ਜੇਤ ॥ ਮਾਰਗ ਪਾਏ ਉਦਿਆਨ ਮਹਿ ਗੁਰਿ ਦਸੇ ਭੇਤ ॥੧॥ ਹਰਿ ਹਰਿ ਹਰਿ ਹਰਿ ਹਰਿ ਹਰੇ ਹਰਿ ਹਰਿ ਹਰਿ ਹੇਤ ॥ ਊਠਤ ਬੈਠਤ ਸੋਵਤੇ ਹਰਿ ਹਰਿ ਹਰਿ ਚੇਤ ॥੧॥ ਰਹਾਉ ॥ ਪੰਚ ਚੋਰ ਆਗੈ ਭਗੇ ਜਬ ਸਾਧਸੰਗੇਤ ॥ ਪੂੰਜੀ ਸਾਬਤੁ ਘਣੋ ਲਾਭੁ ਗ੍ਰਿਹਿ ਸੋਭਾ ਸੇਤ ॥੨॥ ਨਿਹਚਲ ਆਸਣੁ ਮਿਟੀ ਚਿੰਤ ਨਾਹੀ ਡੋਲੇਤ ॥ ਭਰਮੁ ਭੁਲਾਵਾ ਮਿਟਿ ਗਇਆ ਪ੍ਰਭ ਪੇਖਤ ਨੇਤ ॥੩॥ ਗੁਣ ਗਭੀਰ ਗੁਨ ਨਾਇਕਾ ਗੁਣ ਕਹੀਅਹਿ ਕੇਤ ॥ ਨਾਨਕ ਪਾਇਆ ਸਾਧਸੰਗਿ ਹਰਿ ਹਰਿ ਅੰਮ੍ਰੇਤ ॥੪॥੯॥੩੯॥ {ਪੰਨਾ 810}
ਪਦਅਰਥ: ਬੋਹਿਥਾ—ਜਹਾਜ਼। ਸਾਗਰੁ—(ਸੰਸਾਰ-) ਸਮੁੰਦਰ। ਜੇਤ—ਜਿਤੁ, ਜਿਸ (ਜਹਾਜ਼) ਦੀ ਰਾਹੀਂ। ਮਾਰਗ—ਰਸਤਾ। ਉਦਿਆਨ—ਜੰਗਲ, (ਵਿਕਾਰਾਂ ਵਲ ਲੈ ਜਾਣ ਵਾਲਾ) ਔਝੜ। ਗੁਰਿ—ਗੁਰੂ ਨੇ।੧।
ਹੇਤ—ਹਿਤੁ, ਪਿਆਰ। ਚੇਤ—ਚੇਤੇ ਕਰ, ਸਿਮਰ।੧।ਰਹਾਉ।
ਪੰਚ—(ਕਾਮਾਦਿਕ) ਪੰਜ। ਆਗੈ—ਟਾਕਰੇ ਤੇ। ਭਗੇ—ਦੌੜ ਜਾਂਦੇ ਹਨ। ਸੰਗੇਤ—ਸੰਗਤਿ। ਪੂੰਜੀ (ਆਤਮਕ ਜੀਵਨ ਵਾਲੀ) ਰਾਸ, ਸਰਮਾਇਆ। ਘਣੋ—ਬਹੁਤ। ਗ੍ਰਿਹਿ—ਘਰ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਸੇਤ—ਸੇਤੀ, ਨਾਲ।੨।
ਨਿਹਚਲ—ਅਡੋਲ। ਡੋਲੇਤ—(ਵਿਕਾਰਾਂ ਵਿਚ) ਡੋਲਦਾ। ਭਰਮੁ—ਭਟਕਣਾ। ਨੇਤ—ਨੇਤ੍ਰੀ, ਅੱਖਾਂ ਨਾਲ।੩।
ਗਭੀਰ—ਡੂੰਘਾ (ਸਮੁੰਦਰ)। ਗੁਣ ਨਾਇਕਾ—ਗੁਣਾਂ ਦਾ ਮਾਲਕ, ਗੁਣਾਂ ਦਾ ਖ਼ਜ਼ਾਨਾ। ਕਹੀਅਹਿ—ਕਹੇ ਜਾਂਦੇ ਹਨ। ਕਹੀਅਹਿ ਕੇਤ—ਕਿਤਨੇ ਕੁ(ਗੁਣ) ਕਹੇ ਜਾ ਸਕਣ? ਸਾਧ ਸੰਗਿ—ਗੁਰੂ ਦੀ ਸੰਗਤਿ ਵਿਚ। ਅੰਮ੍ਰੇਤ—ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਹਰਿ—ਨਾਮ ਜਲ।੪।
ਅਰਥ: ਹੇ ਭਾਈ! ਉਠਦਿਆਂ ਬੈਠਦਿਆਂ ਸੁੱਤਿਆਂ (ਹਰ ਵੇਲੇ) ਪਰਮਾਤਮਾ ਦਾ ਨਾਮ ਯਾਦ ਕਰਿਆ ਕਰ। ਸਦਾ ਹੀ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਪਿਆਰ ਪਾ।੧।ਰਹਾਉ।
(ਹੇ ਭਾਈ! ਜਿਸ ਮਨੁੱਖ ਨੂੰ ਹਰਿ–ਨਾਮ ਸਿਮਰਨ ਦਾ) ਭੇਤ ਗੁਰੂ ਨੇ ਦੱਸ ਦਿੱਤਾ, ਉਸ ਨੇ (ਵਿਕਾਰਾਂ ਵਲ ਲੈ ਜਾਣ ਵਾਲੇ) ਔਝੜ ਵਿਚ (ਜੀਵਨ ਦਾ ਸਹੀ) ਰਸਤਾ ਲੱਭ ਲਿਆ, ਗੁਰੂ ਦੇ ਚਰਨ (ਉਸ ਮਨੁੱਖ ਵਾਸਤੇ) ਜਹਾਜ਼ ਬਣ ਗਏ ਜਿਸ (ਜਹਾਜ਼) ਦੀ ਰਾਹੀਂ ਉਹ ਮਨੁੱਖ (ਸੰਸਾਰ-) ਸਮੁੰਦਰ ਤੋਂ ਪਾਰ ਲੰਘ ਗਿਆ।੧।
(ਹੇ ਭਾਈ!) ਜਦੋਂ (ਮਨੁੱਖ) ਸਾਧ ਸੰਗਤਿ ਵਿਚ (ਜਾ ਟਿਕਦਾ ਹੈ, ਤਦੋਂ ਕਾਮਾਦਿਕ) ਪੰਜੇ ਚੋਰ ਉਸ ਦੇ ਟਾਕਰੇ ਤੋਂ ਭੱਜ ਜਾਂਦੇ ਹਨ, ਉਸ ਦੀ ਆਤਮਕ ਜੀਵਨ ਦੀ ਸਾਰੀ ਦੀ ਸਾਰੀ ਰਾਸਿ–ਪੂੰਜੀ (ਲੁੱਟੇ ਜਾਣ ਤੋਂ) ਬਚ ਜਾਂਦੀ ਹੈ, (ਸਗੋਂ ਉਸ ਨੂੰ ਇਸ ਨਾਮ–ਵਣਜ ਵਿਚ) ਬਹੁਤਾ ਨਫ਼ਾ ਭੀ ਪੈਂਦਾ ਹੈ, ਅਤੇ ਪਰਲੋਕ ਵਿਚ ਸੋਭਾ ਨਾਲ ਜਾਂਦਾ ਹੈ।੨।
(ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ ਹਰ ਥਾਂ) ਅੱਖਾਂ ਨਾਲ ਪਰਮਾਤਮਾ ਦਾ ਦਰਸ਼ਨ ਕਰ ਕੇ ਉਸ ਮਨੁੱਖ ਦੀ ਭਟਕਣਾ ਮੁੱਕ ਜਾਂਦੀ ਹੈ,ਕੁਰਾਹੇ ਜਾਣ ਵਾਲੀ ਆਦਤ ਦੂਰ ਹੋ ਜਾਂਦੀ ਹੈ, (ਵਿਕਾਰਾਂ ਦੇ ਟਾਕਰੇ ਤੇ) ਉਸ ਦਾ ਹਿਰਦਾ–ਆਸਣ ਅਟੱਲ ਹੋ ਜਾਂਦਾ ਹੈ, ਉਸ ਦੀ (ਹਰੇਕ ਕਿਸਮ ਦੀ) ਚਿੰਤਾ ਮਿਟ ਜਾਂਦੀ ਹੈ, ਉਹ ਮਨੁੱਖ (ਵਿਕਾਰਾਂ ਦੇ ਸਾਹਮਣੇ) ਡੋਲਦਾ ਨਹੀਂ।੩।
ਹੇ ਨਾਨਕ! ਪਰਮਾਤਮਾ ਗੁਣਾਂ ਦਾ ਅਥਾਹ ਸਮੁੰਦਰ ਹੈ, ਗੁਣਾਂ ਦਾ ਖ਼ਜ਼ਾਨਾ ਹੈ (ਬਿਆਨ ਕੀਤਿਆਂ) ਉਸ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਪਰ ਜੇਹੜਾ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ ਆਤਮਕ ਜੀਵਨ ਦੇਣ ਵਾਲਾ ਹਰਿ–ਨਾਮ ਜਲ ਪੀਂਦਾ ਹੈ, ਉਸ ਨੂੰ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ।੪।੯।੩੯।