ਧਨਾਸਰੀ ਮਹਲਾ ੫ ॥ ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥੧॥ ਠਾਕੁਰੁ ਗਾਈਐ ਆਤਮ ਰੰਗਿ ॥ ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ ॥੧॥ ਰਹਾਉ ॥ ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ ॥ ਜਨ ਕੀ ਧੂਰਿ ਦੇਹੁ ਕਿਰਪਾ ਨਿਧਿ ਨਾਨਕ ਕੈ ਸੁਖੁ ਏਹੀ ॥੨॥੪॥੩੫॥ {ਅੰਗ 679-680}
ਪਦਅਰਥ: ਜਾ ਕਉ—ਜਿਸ (ਮਨੁੱਖ) ਨੂੰ। ਰੰਗੁ—ਪ੍ਰੇਮ। ਇਸੁ ਜੁਗ ਮਹਿ—ਇਸ ਜਗਤ ਵਿਚ। ਸੂਰਾ—ਸੂਰਮਾ। ਆਤਮੁ—ਆਪਣੇ ਆਪ ਨੂੰ, ਆਪਣੇ ਮਨ ਨੂੰ। ਜਿਣੈ—ਜਿੱਤ ਲੈਂਦਾ ਹੈ। ਵਸਿ—ਵੱਸ ਵਿਚ। ਤਾ ਕੈ ਵਸਿ—ਉਸ ਦੇ ਵੱਸ ਵਿਚ।੧।
ਆਤਮ ਰੰਗਿ—ਦਿਲੀ ਪਿਆਰ ਨਾਲ। ਗਾਈਐ—ਗਾਣਾ ਚਾਹੀਦਾ ਹੈ। ਸਹਜਿ—ਆਤਮਕ ਅਡੋਲਤਾ ਵਿਚ। ਸੰਗਿ—ਨਾਲ।੧।ਰਹਾਉ।
ਵਸਹਿ—ਵੱਸ ਪੈਣ। ਮੇਰੈ ਹੀਅਰੈ—ਮੇਰੇ ਹਿਰਦੇ ਵਿਚ। ਪੁਨੀਤਾ—ਪਵਿਤ੍ਰ। ਦੇਹੀ—ਸਰੀਰ। ਕਿਰਪਾ ਨਿਧਿ—ਹੇ ਕਿਰਪਾ ਦੇ ਖ਼ਜ਼ਾਨੇ! ਨਾਨਕ ਕੈ—ਨਾਨਕ ਦੇ ਹਿਰਦੇ ਵਿਚ।੨।
ਅਰਥ: ਹੇ ਭਾਈ! ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਉਸ ਪਰਮਾਤਮਾ ਦੀ ਸਰਨ ਵਿਚ ਟਿਕੇ ਰਹਿਣਾ, ਉਸ ਦਾ ਨਾਮ ਸਿਮਰਨਾ-ਇਸ ਤਰੀਕੇ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਉਸ ਵਿਚ ਲੀਨ ਹੋ ਜਾਈਦਾ ਹੈ।੧।ਰਹਾਉ।
ਹੇ ਭਾਈ! ਇਸ ਜਗਤ ਵਿਚ ਉਹ ਮਨੁੱਖ ਸੂਰਮਾ ਆਖਿਆ ਜਾਂਦਾ ਹੈ ਜਿਸ ਨੂੰ (ਜਿਸ ਦੇ ਹਿਰਦੇ ਵਿਚ) ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਹੈ। ਪੂਰਾ ਗੁਰੂ ਜਿਸ ਮਨੁੱਖ ਦਾ (ਮਦਦਗਾਰ ਬਣ ਜਾਂਦਾ) ਹੈ, ਉਹ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਸਾਰੀ (ਸ੍ਰਿਸ਼ਟੀ) ਉਸ ਦੇ ਵੱਸ ਵਿਚ ਆ ਜਾਂਦੀ ਹੈ (ਦੁਨੀਆ ਦਾ ਕੋਈ ਪਦਾਰਥ ਉਸ ਨੂੰ ਮੋਹ ਨਹੀਂ ਸਕਦਾ)।੧।
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਜੇ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿਚ ਵੱਸ ਪੈਣ, ਤਾਂ ਉਹਨਾਂ ਦੀ ਸੰਗਤਿ ਵਿਚ ਮੇਰਾ ਸਰੀਰ ਪਵਿਤ੍ਰ ਹੋ ਜਾਏ। (ਮੇਹਰ ਕਰ, ਮੈਨੂੰ) ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖ਼ਸ਼, ਮੈਂ ਨਾਨਕ ਵਾਸਤੇ (ਸਭ ਤੋਂ ਵੱਡਾ) ਇਹੀ ਸੁਖ ਹੈ।੨।੪।੩੫।
Home ਹੁਕਮਨਾਮਾ ਸਾਹਿਬ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਸ਼ੁੱਕਰਵਾਰ 6 ਜੂਨ 2014 (ਮੁਤਾਬਿਕ 24 ਜੇਠ ਸੰਮਤ 546 ਨਾਨਕਸ਼ਾਹੀ)

ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਸ਼ੁੱਕਰਵਾਰ 6 ਜੂਨ 2014 (ਮੁਤਾਬਿਕ 24 ਜੇਠ ਸੰਮਤ 546 ਨਾਨਕਸ਼ਾਹੀ)
106
Previous Postਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ |ਸ਼ਨੀਵਾਰ 7 ਜੂਨ 2014 (ਮੁਤਾਬਿਕ 25 ਜੇਠ ਸੰਮਤ 546 ਨਾਨਕਸ਼ਾਹੀ)
Next Postਸੁਲਤਾਨਪੁਰ ਲੋਧੀ ਵਿਖੇ ਮਲਟੀਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ 8 ਜੂਨ ਨੂੰ-ਹੈਡਮਾਸਟਰ ਸੁਰਜਨ ਸਿੰਘ ਸੈਦਪੁਰ