11

ਬਿਲਾਵਲੁ ਮਹਲਾ ੫ ॥ ਸਰਬ ਕਲਿਆਣ ਕੀਏ ਗੁਰਦੇਵ ॥ ਸੇਵਕੁ ਅਪਨੀ ਲਾਇਓ ਸੇਵ ॥ ਬਿਘਨੁ ਨ ਲਾਗੈ ਜਪਿ ਅਲਖ ਅਭੇਵ ॥੧॥ ਧਰਤਿ ਪੁਨੀਤ ਭਈ ਗੁਨ ਗਾਏ ॥ ਦੁਰਤੁ ਗਇਆ ਹਰਿ ਨਾਮੁ ਧਿਆਏ ॥੧॥ ਰਹਾਉ ॥ ਸਭਨੀ ਥਾਂਈ ਰਵਿਆ ਆਪਿ ॥ ਆਦਿ ਜੁਗਾਦਿ ਜਾ ਕਾ ਵਡ ਪਰਤਾਪੁ ॥ ਗੁਰ ਪਰਸਾਦਿ ਨ ਹੋਇ ਸੰਤਾਪੁ ॥੨॥ ਗੁਰ ਕੇ ਚਰਨ ਲਗੇ ਮਨਿ ਮੀਠੇ ॥ ਨਿਰਬਿਘਨ ਹੋਇ ਸਭ ਥਾਂਈ ਵੂਠੇ ॥ ਸਭਿ ਸੁਖ ਪਾਏ ਸਤਿਗੁਰ ਤੂਠੇ ॥੩॥ ਪਾਰਬ੍ਰਹਮ ਪ੍ਰਭ ਭਏ ਰਖਵਾਲੇ ॥ ਜਿਥੈ ਕਿਥੈ ਦੀਸਹਿ ਨਾਲੇ ॥ ਨਾਨਕ ਦਾਸ ਖਸਮਿ ਪ੍ਰਤਿਪਾਲੇ ॥੪॥੨॥ {ਅੰਗ 801}

ਪਦਅਰਥ: ਸਰਬ ਕਲਿਆਣ—ਸਾਰੇ ਸੁਖ। ਕੀਏ—ਬਣਾ ਦਿੱਤੇ। ਸੇਵ—ਸੇਵਾ—ਭਗਤੀ ਵਿਚ। ਬਿਘਨੁ—ਵਿਕਾਰਾਂ ਦੀ ਰੁਕਾਵਟ। ਜਪਿ—ਜਪ ਕੇ। ਅਲਖ—ਅਦ੍ਰਿਸ਼ਟ। ਅਭੇਵ—ਜਿਸ ਦਾ ਭੇਤ ਨ ਪਾਇਆ ਜਾ ਸਕੇ।੧।

ਪੁਨੀਤ—ਪਵਿੱਤਰ। ਧਰਤਿ—ਹਿਰਦਾ—ਧਰਤੀ। ਦੁਰਤੁ—ਪਾਪ।੧।ਰਹਾਉ।

ਰਵਿਆ—ਵਿਆਪਕ। ਆਦਿ—ਸ਼ੁਰੂ ਤੋਂ। ਜੁਗਾਦਿ—ਜੁਗਾਂ ਦੇ ਸ਼ੁਰੂ ਤੋਂ। ਪਰਸਾਦਿ—ਕਿਰਪਾ ਨਾਲ। ਸੰਤਾਪੁ—ਦੁੱਖ—ਕਲੇਸ਼।੨।

ਮਨਿ—ਮਨ ਵਿਚ। ਹੋਇ—ਹੋ ਕੇ। ਸਭ ਥਾਂਈ—ਹਰ ਥਾਂ (ਜਿੱਥੇ ਭੀ ਉਹ ਰਹਿੰਦਾ ਹੈ)। ਵੂਠੇ—ਵੱਸਦਾ ਹੈ। ਸਭਿ—ਸਾਰੇ। ਤੂਠੇ—ਪ੍ਰਸੰਨ ਹੋਣ ਤੇ।੩।

ਜਿਥੈ ਕਿਥੈ—ਹਰ ਥਾਂ। ਦੀਸਹਿ—ਦਿੱਸਦੇ ਹਨ। ਨਾਲੇ—ਅੰਗ—ਸੰਗ। ਖਸਮਿ—ਖਸਮ ਨੇ। ਪ੍ਰਤਿਪਾਲੇ—ਰੱਖਿਆ ਕੀਤੀ ਹੈ।੪।

ਨੋਟ: ਭੂਤ ਕਾਲ ਦਾ ਅਰਥ ਵਰਤਮਾਨ ਕਾਲ ਵਿਚ ਕਰਨਾ ਹੈ।

ਅਰਥ: (ਹੇ ਭਾਈ! ਜੇਹੜਾ ਭੀ ਮਨੁੱਖ) ਪਰਮਾਤਮਾ ਦੇ ਗੁਣ ਗਾਂਦਾ ਹੈ, ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ। ਜੇਹੜਾ ਭੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ (ਉਸ ਦੇ ਹਿਰਦੇ ਵਿਚੋਂ) ਪਾਪ ਦੂਰ ਹੋ ਜਾਂਦਾ ਹੈ।੧।ਰਹਾਉ।

(ਹੇ ਭਾਈ!) ਜਿਸ ਸੇਵਕ ਨੂੰ ਪ੍ਰਭੂ ਆਪਣੀ ਸੇਵਾ-ਭਗਤੀ ਵਿਚ ਲਾਂਦਾ ਹੈ, ਗੁਰੂ ਉਸ ਨੂੰ ਸਾਰੇ ਸੁਖ ਦੇ ਦੇਂਦਾ ਹੈ। ਅਲੱਖ ਅਤੇ ਅਭੇਵ ਪਰਮਾਤਮਾ ਦਾ ਨਾਮ ਜਪ ਕੇ (ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿਚ ਵਿਕਾਰਾਂ ਦੀ ਕੋਈ) ਰੁਕਾਵਟ ਨਹੀਂ ਪੈਂਦੀ।੧।

(ਜਿਸ ਮਨੁੱਖ ਨੂੰ ਪ੍ਰਭੂ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ, ਉਸ ਨੂੰ) ਉਹ ਪ੍ਰਭੂ ਹੀ ਹਰ ਥਾਂ ਮੌਜੂਦ ਦਿੱਸਦਾ ਹੈ। ਜਿਸ ਦਾ ਤੇਜ-ਪਰਤਾਪ ਸ਼ੁਰੂ ਤੋਂ ਜੁਗਾਂ ਦੇ ਸ਼ੁਰੂ ਤੋਂ ਹੀ ਬੜਾ ਚਲਿਆ ਆ ਰਿਹਾ ਹੈ। ਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ।੨।

ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੇ (ਸੋਹਣੇ) ਚਰਨ (ਆਪਣੇ) ਮਨ ਵਿਚ ਪਿਆਰੇ ਲੱਗਦੇ ਹਨ, ਉਹ ਜਿੱਥੇ ਭੀ ਵੱਸਦਾ ਹੈ ਹਰ ਥਾਂ (ਵਿਕਾਰਾਂ ਦੀ) ਰੁਕਾਵਟ ਤੋਂ ਬਚਿਆ ਰਹਿੰਦਾ ਹੈ। ਉਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ, ਤੇ,ਉਹ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ।੩।

ਹੇ ਨਾਨਕ! ਖਸਮ-ਪ੍ਰਭੂ ਨੇ ਸਦਾ ਹੀ ਆਪਣੇ ਦਾਸਾਂ ਦੀ ਰੱਖਿਆ ਕੀਤੀ ਹੈ, ਪ੍ਰਭੂ-ਪਾਰਬ੍ਰਹਮ ਜੀ ਸਦਾ ਆਪਣੇ ਸੇਵਕਾਂ ਦੇ ਰਾਖੇ ਬਣਦੇ ਹਨ। ਸੇਵਕਾਂ ਨੂੰ ਪ੍ਰਭੂ ਜੀ ਹਰ ਥਾਂ ਆਪਣੇ ਅੰਗ-ਸੰਗ ਦਿੱਸਦੇ ਹਨ।੪।੨।