ਹੱਸਦਾ ਰੱਬ ਬੰਦੇ ‘ਤੇ ਜਦ
ਬੰਦਾ ਅਰਦਾਸਾਂ ਰੋ-ਰੋ ਕਰਦਾ
ਰੱਬਾ ਕੀ ਜ਼ਿੰਦਗੀ ਹੈ ਦਿੱਤੀ
ਨਾ ਮੈਂ ਜਿਇਂਦਾ ਨਾ ਮੈਂ ਮਰਦਾ।
ਰੱਬ ਕਹਿੰਦਾ ਮੈਂ ਰਾਜ਼ ਖੁਸ਼ੀ ਦਾ
ਤੇਰੇ ਜਿਸਮ ਦੇ ਵਿੱਚ ਸਮਾਇਆ।
ਸਿੱਦਾ ਜਿਹਾ ਇਲਾਜ ਦੁੱਖਾਂ ਦਾ
ਪਰ ਤੂੰ ਇਸ ਦਾ ਭੇਦ ਨਾ ਪਾਇਆ।
ਦੋ ਕੰਨ, ਇੱਕ ਮੂੰਹ ਦਿੱਤਾ ਤੈਨੂੰ
ਤਾਂ ਕਿ ਸੁਣੇ ਜਿਆਦਾ, ਬੋਲੇਂ ਘੱਟ।
ਸੁਣਦਾ ਹੈ ਨਹੀਂ ਤੂੰ ਕਿਸੇ ਦੀ
ਫਿਰ ਵੱਜਦੀ ਤੇਰੇ ਡਾਡ੍ਹੀ ਸੱਟ।
ਦੋ ਹੱਥ, ਇੱਕ ਮੂੰਹ ਦਿੱਤਾ ਤੈਨੂੰ
ਤਾਂ ਕਿ ਮਿਹਨਤ ਕਰੇਂ ਤੇ ਥੋੜ੍ਹਾ ਖਾਵੇਂ
ਮਜਬੂਰੀ ਵਿੱਚ ਕੰਮ ਤੂੰ ਕਰਦਾ
ਬੈਠਾ ਖਾ-ਖਾ ਢਿੱਡ ਵਧਾਵੇਂ।
ਦੋ ਅੱਖਾਂ ਤੇ ਇੱਕ ਮੂੰਹ ਦਿੱਤਾ
ਵੇਖ, ਸਮਝ ਪਰ ਥੋੜ੍ਹਾ ਬੋਲ।
ਬੜ-ਬੜ ਕਰਦਾ ਸਾਹ ਨਾ ਲੈਂਦਾ
ਪੈਂਦੀਆਂ ਫਿਰ ਜਿਵੇਂ ਵੱਜਦਾ ਢੋਲ।
ਦਿਲ, ਸੀਨੇ ਦਿਮਾਗ ਸਿਖਰ ‘ਤੇ
ਫੇਸਲੇ ਲੈ ਤੂੰ ਸੋਚ ਵਿਚਾਰ
ਤੂੰ ਕਰਦਾ ਸਿਰਫ ਆਪਣੇ ਦਿਲ ਦੀ
ਤਾਹੀਓਂ ਤਾਂ ਤੂੰ ਖਾਵੇਂ ਮਾਰ।
ਦਿਮਾਗ ਹੈ ਰਾਜਾ, ਦਿਲ ਵਜੀਰ
ਅੰਤਿਮ ਫੈਸਲੇ ਰਾਜੇ ਤੋਂ ਲੈ
ਵੇਖ, ਸੁਣ, ਸਮਝ ਫਿਰ ਬੋਲ
ਸ਼ਾਨ ਨਾਲ ਰਾਜਾ ਬਣ ਕੇ ਰਹਿ।
ਬੰਦੇ ਨੂੰ ਫਿਰ ਸੋਝੀ ਆਈ
ਕਹਿੰਦਾ ਸਾਰਾ ਮੇਰਾ ਕਸੂਰ
ਹਰ ਕੋਈ ਹੋ ਸਕਦਾ ਹੈ ਸੁਖੀ
ਜੇ ਮੰਨੇ ਤੇਰਾ ਦਸਤੂਰ
ਜੇ ਮੰਨੇ ਤੇਰਾ ਦਸਤੂਰ।
ਪ੍ਰੋ.ਅਵਤਾਰ ਸਿੰਘ ਵਿਰਦੀ
ਸਰੀ, ਬੀ.ਸੀ.