ਬਿਜਲੀ ਕੱਟਾਂ ਨਾਲ ਟੈਲੀਫ਼ੋਨ ਤੇ ਇੰਟਰਨੈੱਟ ਸੇਵਾਵਾਂ ਵੀ ਠੱਪ।

29

ਇੱਕ ਪਾਸੇ ਤਾਂ ਭਾਰਤੀ ਦੂਰਸੰਚਾਰ ਨਿਗਮ ਲਿਮਟਿਡ ਦੂਸਰੀਆਂ ਨਿੱਜੀ ਕੰਪਨੀਆਂ ਦੇ ਮੁਕਾਬਲੇ ਆਪਣੇ ਆਪ ਨੂੰ ਨੰਬਰ ਇੱਕ ਅਖਵਾਉਣ ਦੇ ਦਾਅਵੇ ਕਰਦਾ ਥੱਕਦਾ ਨਹੀਂ ਜਦਕਿ ਬੀ. ਐਸ. ਐਨ. ਐਲ ਤੋਂ ਘਰੇਲੂ ਟੈਲੀਫ਼ੋਨ ਤੇ ਇੰਟਰਨੈੱਟ ਕੁਨੈਕਸ਼ਨ ਪ੍ਰਾਪਤ ਖਪਤਕਾਰ ਡਾਢੇ ਪ੍ਰੇਸ਼ਾਨ ਹਨ। ਜਿਸ ਦੀ ਮਿਸਾਲ ਮੁੱਖ ਐਕਸਚੇਂਜ਼ ਸੁਲਤਾਨਪੁਰ ਲੋਧੀ ਦੇ ਅਧੀਨ ਆਉਂਦੀ ਬੂਲਪੁਰ ਐਕਸਚੇਂਜ਼ ਤੋਂ ਮਿਲਦੀ ਹੈ। ਪਿਛਲੇ ਕਈ ਦਿਨਾਂ ਤੋ ਬਿਜਲੀ ਕੱਟ ਲੱਗਣ ਕਰਕੇ ਜਿੱਥੇ ਟੈਲੀਫ਼ੋਨ ਤੇ ਇੰਟਰਨੈੱਟ ਸੇਵਾਵਾਂ ਠੱਪ ਹੋ ਜਾਂਦੀਆਂ ਹਨ, ਨਾਲ 40 ਪਿੰਡਾਂ ਦੇ ਸੈਂਕੜੇ ਘਰੇਲੂ ਕੁਨੈਕਸ਼ਨ ਪ੍ਰਾਪਤ ਉਪਭੋਗਤਾ ਪ੍ਰਭਾਵਿਤ ਹੋ ਜਾਂਦੇ ਹਨ ਪਰ ਇਸ ਵੱਲ ਨਿਗਮ ਦੇ ਉੱਚ ਅਧਿਕਾਰੀਆਂ ਜਾਂ ਕਰਮਚਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਕੋਈ ਦਿਲਚਸਪੀ ਨਹੀਂ। ਇਸ ਸਬੰਧੀ ਰੋਸ ਜ਼ਾਹਿਰ ਕਰਦਿਆਂ ਘਰੇਲੂ ਕੁਨੈਕਸ਼ਨ ਪ੍ਰਾਪਤ ਸ: ਸਾਧੂ ਸਿੰਘ ਸਾਬਕਾ ਬੀ. ਪੀ. ਉ, ਰਣਜੀਤ ਸਿੰਘ ਥਿੰਦ, ਬਿਕਰਮਜੀਤ ਸਿੰਘ ਥਿੰਦ, ਕੰਵਲਪ੍ਰੀਤ ਸਿੰਘ ਕੌੜਾ, ਸਰਵਣ ਸਿੰਘ ਚੰਦੀ, ਬਲਵੰਤ ਸਿੰਘ, ਮਹਿੰਦਰ ਸਿੰਘ, ਹਰਨਾਮ ਸਿੰਘ, ਚਰਨ ਸਿੰਘ , ਸੁਲੱਖਣ ਸਿੰਘ, ਜਗਤਾਰ ਸਿੰਘ, ਬਲਵਿੰਦਰ ਸਿੰਘ ਆਦਿ ਤੋ ਇਲਾਵਾ ਅਨੇਕਾਂ ਉਪਭੋਗਤਾਵਾਂ ਨੇ ਆਖਿਆ ਕਿ ਬਿੱਲ ਤਾਂ ਹਰ ਮਹੀਨੇ ਬਿਨਾ ਦੇਰੀ ਆਉਂਦਾ ਹੈ। ਪਰ ਟੈਲੀਫ਼ੋਨ ਤੇ ਇੰਟਰਨੈੱਟ ਕਈ ਕਈ ਦਿਨ ਬੰਦ ਰਹਿਣ ਕਾਰਨ ਅਸੀਂ ਡਾਢੇ ਪ੍ਰੇਸ਼ਾਨ ਹਾਂ। ਇਸ ਸਬੰਧੀ ਕਈ ਵਾਰੀ ਸਬੰਧਿਤ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਚੁੱਕੇ ਹਾਂ ਜਦਕਿ ਫਿਰ ਵੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ ਸਗੋਂ ਅਧਿਕਾਰੀ ਲਾਰਿਆਂ ਵਿੱਚ ਹੀ ਸਮਾ ਲੰਘਾ ਰਹੇ ਹਨ ਕਿ ਬੱਸ ਜਲਦੀ ਸਭ ਠੀਕ ਹੋ ਜਾਵੇਗਾ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਜੇਕਰ ਇਸੇ ਤਰਾਂ ਕਈ ਕਈ ਦਿਨ ਟੈਲੀਫ਼ੋਨ ਤੇ ਇੰਟਰਨੈੱਟ ਬੰਦ ਰਹਿਣ ਦੇ ਬਾਵਜੂਦ ਪੂਰਾ ਬਿੱਲ ਭਰਨਾ ਪੈਣਾ ਹੈ ਤਾਂ ਇਸ ਤੋਂ ਚੰਗਾ ਕੁਨੈਕਸ਼ਨ ਪੱਕੇ ਹੀ ਕੱਟ ਦਿਓ। ਇਸ ਸਬੰਧੀ ਜਦੋਂ ਬੂਲਪੁਰ ਐਕਸਚੇਂਜ ਦੇ ਕਰਮਚਾਰੀਆਂ ਨਾਲ ਸੰਪਰਕ ਕੀਤਾ ਗਿਆ ਹੈ ਉਹਨਾ ਕਿਹਾ ਕਿ ਐਕਸਚੇਂਜ ਵਿੱਚ ਬੈਟਰੀਆਂ ਕਾਫ਼ੀ ਪੁਰਾਣੀਆਂ ਹਨ ਜੋ ਕਿ ਜਲਦੀ ਬੰਦ ਹੋ ਜਾਂਦੀਆਂ ਹਨ ਜਿਸ ਕਰਕੇ ਇਹ ਮੁਸ਼ਕਲ ਆਉਂਦੀ ਹੈ