ਸੋਮਵਾਰ 27 ਅਕਤੂਬਰ 2025 (11 ਕਤਿਕਿ ਸੰਮਤ 557 ਨਾਨਕਸ਼ਾਹੀ)
ਸਲੋਕੁ ਮਃ ੩ ॥ ਹਉਮੈ ਮਮਤਾ ਮੋਹਣੀ ਮਨਮੁਖਾ ਨੋ ਗਈ ਖਾਇ ॥ ਜੋ ਮੋਹਿ ਦੂਜੈ ਚਿਤੁ ਲਾਇਦੇ ਤਿਨਾ ਵਿਆਪਿ ਰਹੀ ਲਪਟਾਇ ॥ ਗੁਰ ਕੈ ਸਬਦਿ ਪਰਜਾਲੀਐ ਤਾ ਏਹ ਵਿਚਹੁ ਜਾਇ ॥ ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥ ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥੧॥ {ਪੰਨਾ 513}
ਪਦਅਰਥ: ਮਮਤਾ = (ਮਮ = ਮੇਰੀ। ਮਮਤਾ = ਇਹ ਖ਼ਿਆਲ ਕਿ ਫਲਾਣੀ ਚੀਜ਼ ਮੇਰੀ ਬਣ ਜਾਏ ਜਾਂ ਮੇਰੀ ਹੈ) ਅਪਣੱਤ। ਮੋਹਣੀ = ਮੋਹ ਲੈਣ ਵਾਲੀ, ਠਗਣੀ, ਚੁੜੇਲ। ਲਪਟਾਇ = ਚੰਬੜ ਕੇ। ਪਰਜਾਲੀਐ = ਚੰਗੀ ਤਰ੍ਹਾਂ ਸਾੜੀਦੀ ਹੈ। ਮਾਰਣੁ = (ਸੰਖੀਏ ਆਦਿਕ ਜ਼ਹਿਰ ਨੂੰ) ਕੁਸ਼ਤਾ ਕਰਨ ਵਾਲੀ ਬੂਟੀ।
ਅਰਥ: ਹਉਮੈ ਤੇ ਅਪਣੱਤ (ਸਰੂਪ ਵਾਲੀ ਮਾਇਆ, ਮਾਨੋ) ਚੁੜੇਲ ਹੈ ਜੋ ਆਪ-ਹੁਦਰਿਆਂ ਨੂੰ ਹੜੱਪ ਕਰ ਜਾਂਦੀ ਹੈ, ਜੋ ਮਨੁੱਖ (ਰੱਬ ਨੂੰ ਛੱਡ ਕਿਸੇ) ਹੋਰ ਦੇ ਮੋਹ ਵਿਚ ਚਿੱਤ ਜੋੜਦੇ ਹਨ ਉਹਨਾਂ ਨੂੰ ਚੰਬੜ ਕੇ ਆਪਣੇ ਵੱਸ ਵਿਚ ਕਰ ਲੈਂਦੀ ਹੈ। ਜੇ ਗੁਰੂ ਦੇ ਸ਼ਬਦ ਨਾਲ ਇਸ ਨੂੰ ਚੰਗੀ ਤਰ੍ਹਾਂ ਸਾੜੀਏ (ਜਿਵੇਂ, ਚੰਬੜੇ ਹੋਏ ਭੂਤਾਂ ਚੁੜੇਲਾਂ ਨੂੰ ਮਾਂਦਰੀ ਲੋਕ ਅੱਗ ਨਾਲ ਸਾੜਨ ਦਾ ਡਰਾਵਾ ਦੇਂਦੇ ਸੁਣੀਦੇ ਹਨ) ਤਾਂ ਇਹ ਅੰਦਰੋਂ ਨਿਕਲਦੀ ਹੈ; ਸਰੀਰ ਤੇ ਮਨ ਸੁਅੱਛ ਹੋ ਜਾਂਦਾ ਹੈ; ਪ੍ਰਭੂ ਦਾ ਨਾਮ ਮਨ ਵਿਚ ਆ ਵੱਸਦਾ ਹੈ।
ਹੇ ਨਾਨਕ! ਇਸ ਮਾਇਆ (ਸੰਖੀਏ ਨੂੰ ਕੁਸ਼ਤਾ ਕਰਨ) ਦੀ ਬੂਟੀ ਇੱਕ ਹਰਿ-ਨਾਮ ਹੀ ਹੈ ਜੋ ਗੁਰੂ ਤੋਂ ਹੀ ਮਿਲ ਸਕਦਾ ਹੈ।੧।
ਮਃ ੩ ॥ ਇਹੁ ਮਨੁ ਕੇਤੜਿਆ ਜੁਗ ਭਰਮਿਆ ਥਿਰੁ ਰਹੈ ਨ ਆਵੈ ਜਾਇ ॥ ਹਰਿ ਭਾਣਾ ਤਾ ਭਰਮਾਇਅਨੁ ਕਰਿ ਪਰਪੰਚੁ ਖੇਲੁ ਉਪਾਇ ॥ ਜਾ ਹਰਿ ਬਖਸੇ ਤਾ ਗੁਰ ਮਿਲੈ ਅਸਥਿਰੁ ਰਹੈ ਸਮਾਇ ॥ ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ ॥੨॥ {ਪੰਨਾ 513}
ਪਦਅਰਥ: ਕੇਤੜਿਆ ਜੁਗ = ਕਈ ਜੁਗ, ਬਹੁਤ ਲੰਮਾ ਅਰਸਾ। ਹਰਿ ਭਾਣਾ = ਪ੍ਰਭੂ ਦੀ ਰਜ਼ਾ ਵਿਚ। ਭਰਮਾਇਅਨੁ = ਭਰਮਾਇਆ ਉਸ (ਪ੍ਰਭੂ) ਨੇ। ਪਰਪੰਚੁ = ਠੱਗਣ ਵਾਲਾ (ਸੰ: ਪ੍ਰਪੰਚ, ਇਹ ਦਿੱਸਦਾ ਜਗਤ ਜੋ ਕਈ ਰੰਗਾਂ ਵਾਲਾ ਹੈ ਤੇ ਭੁਲੇਖੇ ਵਿਚ ਪਾਂਦਾ ਹੈ। ਜਾਇ = ਜੰਮਦਾ ਹੈ।
ਅਰਥ: (ਮਨੁੱਖ ਦਾ) ਇਹ ਮਨ ਕਈ ਜੁਗ ਭਟਕਦਾ ਰਹਿੰਦਾ ਹੈ (ਪਰਮਾਤਮਾ ਵਿਚ) ਟਿਕਦਾ ਨਹੀਂ ਤੇ ਜੰਮਦਾ ਮਰਦਾ ਰਹਿੰਦਾ ਹੈ; ਪਰ ਇਹ ਗੱਲ ਪ੍ਰਭੂ ਨੂੰ (ਏਸੇ ਤਰ੍ਹਾਂ) ਭਾਉਂਦੀ ਹੈ ਕਿ ਉਸ ਨੇ ਇਹ ਠੱਗਣ ਵਾਲੀ (ਜਗਤ-ਖੇਡ ਬਣਾ ਕੇ (ਜੀਵਾਂ ਨੂੰ ਇਸ ਵਿਚ) ਭਰਮਾਇਆ ਹੋਇਆ ਹੈ।
ਜਦੋਂ ਪ੍ਰਭੂ (ਆਪ) ਮਿਹਰ ਕਰਦਾ ਹੈ ਤਾਂ (ਜੀਵ ਨੂੰ) ਗੁਰੂ ਮਿਲਦਾ ਹੈ, (ਫਿਰ) ਇਹ (ਪ੍ਰਭੂ ਵਿਚ) ਜੁੜ ਕੇ ਟਿਕਿਆ ਰਹਿੰਦਾ ਹੈ; (ਇਸ ਤਰ੍ਹਾਂ) ਹੇ ਨਾਨਕ! ਮਨ ਅੰਦਰੋਂ ਹੀ (ਪ੍ਰਭੂ-ਨਾਮ ਵਿਚ) ਪਤੀਜ ਜਾਂਦਾ ਹੈ, ਫਿਰ ਇਸ ਦਾ ਨਾਹ ਕੁਝ ਮਰਦਾ ਹੈ ਨਾਹ ਜੰਮਦਾ ਹੈ।੨।
ਪਉੜੀ ॥ ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ ॥ ਕਾਇਆ ਅੰਦਰਿ ਆਪਿ ਵਸਿ ਰਹਿਆ ਆਪੇ ਰਸ ਭੋਗੀ ॥ ਆਪਿ ਅਤੀਤੁ ਅਲਿਪਤੁ ਹੈ ਨਿਰਜੋਗੁ ਹਰਿ ਜੋਗੀ ॥ ਜੋ ਤਿਸੁ ਭਾਵੈ ਸੋ ਕਰੇ ਹਰਿ ਕਰੇ ਸੁ ਹੋਗੀ ॥ ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ ॥੧੩॥ {ਪੰਨਾ 514}
ਪਦਅਰਥ: ਕਾਇਆ = ਮਨੁੱਖਾ ਸਰੀਰ। ਅਤੀਤੁ = ਵਿਰਕਤ। ਅਲਿਪਤੁ = ਜਿਸ ਉਤੇ (ਮਾਇਆ ਦਾ) ਅਸਰ ਨਾ ਹੋ ਸਕੇ। ਨਿਰਜੋਗੁ = ਨਿਰਬੰਧ, ਮੁਕਤ, ਅਨ = ਜੁੜਿਆ। ਵਿਜੋਗੀ = ਵਿਛੋੜੇ, ਵਿਜੋਗ।
ਅਰਥ: ਮਨੁੱਖਾ-ਸਰੀਰ (ਮਾਨੋ,) ਇਕ ਵੱਡਾ ਕਿਲ੍ਹਾ ਹੈ ਜੋ ਮਨੁੱਖ ਨੂੰ ਭਾਗਾਂ ਨਾਲ ਮਿਲਦਾ ਹੈ, ਇਸ ਸਰੀਰ ਵਿਚ ਪ੍ਰਭੂ ਆਪ ਵੱਸ ਰਿਹਾ ਹੈ ਤੇ (ਕਿਤੇ ਤਾਂ) ਰਸ ਭੋਗ ਰਿਹਾ ਹੈ, (ਕਿਤੇ) ਆਪ ਜੋਗੀ ਪ੍ਰਭੂ ਵਿਰਕਤ ਹੈ, ਮਾਇਆ ਦੇ ਅਸਰ ਤੋਂ ਪਰੇ ਹੈ ਤੇ ਅਨ-ਜੁੜਿਆ ਹੈ। ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ, ਜੋ ਕੁਝ ਪ੍ਰਭੂ ਕਰਦਾ ਹੈ ਉਹੀ ਹੁੰਦਾ ਹੈ (ਜੀਵਾਂ ਨੂੰ ‘ਰਸ ਭੋਗੀ’ ਬਨਾਣ ਵਾਲਾ ਭੀ ਆਪ ਹੈ ਤੇ ‘ਅਤੀਤੁ ਅਲਿਪਤੁ’ ਬਨਾਣ ਵਾਲਾ ਭੀ ਆਪ)।
ਜੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਸਿਮਰੀਏ ਤਾਂ (ਮਾਇਕ ਰਸ-ਰੂਪ) ਸਾਰੇ ਵਿਛੋੜੇ (ਭਾਵ, ਪ੍ਰਭੂ ਤੋਂ ਵਿਛੋੜੇ ਦਾ ਮੂਲ) ਦੂਰ ਹੋ ਜਾਂਦੇ ਹਨ।੧੩।