ਮੰਗਲਵਾਰ 14 ਜਨਵਰੀ 2025 (1 ਮਾਘ ਸੰਮਤ 556 ਨਾਨਕਸ਼ਾਹੀ)
ਧਨਾਸਰੀ ਮਹਲਾ ੫ ॥ ਦੀਨ ਦਰਦ ਨਿਵਾਰਿ ਠਾਕੁਰ ਰਾਖੈ ਜਨ ਕੀ ਆਪਿ ॥ ਤਰਣ ਤਾਰਣ ਹਰਿ ਨਿਧਿ ਦੂਖੁ ਨ ਸਕੈ ਬਿਆਪਿ ॥੧॥ ਸਾਧੂ ਸੰਗਿ ਭਜਹੁ ਗੁਪਾਲ ॥ ਆਨ ਸੰਜਮ ਕਿਛੁ ਨ ਸੂਝੈ ਇਹ ਜਤਨ ਕਾਟਿ ਕਲਿ ਕਾਲ ॥ ਰਹਾਉ ॥ ਆਦਿ ਅੰਤਿ ਦਇਆਲ ਪੂਰਨ ਤਿਸੁ ਬਿਨਾ ਨਹੀ ਕੋਇ ॥ ਜਨਮ ਮਰਣ ਨਿਵਾਰਿ ਹਰਿ ਜਪਿ ਸਿਮਰਿ ਸੁਆਮੀ ਸੋਇ ॥੨॥ ਬੇਦ ਸਿੰਮ੍ਰਿਤਿ ਕਥੈ ਸਾਸਤ ਭਗਤ ਕਰਹਿ ਬੀਚਾਰੁ ॥ ਮੁਕਤਿ ਪਾਈਐ ਸਾਧਸੰਗਤਿ ਬਿਨਸਿ ਜਾਇ ਅੰਧਾਰੁ ॥੩॥ ਚਰਨ ਕਮਲ ਅਧਾਰੁ ਜਨ ਕਾ ਰਾਸਿ ਪੂੰਜੀ ਏਕ ॥ ਤਾਣੁ ਮਾਣੁ ਦੀਬਾਣੁ ਸਾਚਾ ਨਾਨਕ ਕੀ ਪ੍ਰਭ ਟੇਕ ॥੪॥੨॥੨੦॥ {ਪੰਨਾ 675}
ਪਦਅਰਥ: ਦੀਨ = ਗਰੀਬ, ਅਨਾਥ। ਨਿਵਾਰਿ = ਦੂਰ ਕਰ ਕੇ। ਜਨ = ਸੇਵਕ। ਰਾਖੈ = ਲਾਜ ਰੱਖਦਾ ਹੈ। ਤਰਣ = ਜਹਾਜ਼। ਨਿਧਿ = ਖ਼ਜ਼ਾਨਾ। ਨ ਸਕੈ ਬਿਆਪਿ = ਪੋਹ ਨਹੀਂ ਸਕਦਾ।੧।
ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਗੋਪਾਲ = ਧਰਤੀ ਦਾ ਪਾਲਣ ਵਾਲਾ। ਆਨ = {अन्य} ਕੋਈ ਹੋਰ। ਸੰਜਮ = ਜੁਗਤਿ। ਕਟਿ = ਕੱਟ ਲੈ। ਕਲਿ ਕਾਲ = ਸੰਸਾਰ ਦੀ ਕਲਪਣਾ, ਜਗਤ ਦੇ ਝੰਬੇਲੇ।ਰਹਾਉ।
ਆਦਿ = ਸ਼ੁਰੂ ਤੋਂ। ਅੰਤਿ = ਅਖ਼ੀਰ ਵਿਚ। ਆਦਿ ਅੰਤਿ = ਜਗਤ ਦੇ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਸਦਾ ਹੀ। ਦਇਆਲ = ਦਇਆ ਦਾ ਘਰ। ਪੂਰਨ = ਸਰਬ = ਵਿਆਪਕ। ਨਿਵਾਰਿ = ਦੂਰ ਕਰ ਲੈ। ਜਪਿ = ਜਪ ਕੇ। ਸੋਇ = ਉਹੀ।੨।
ਕਰਹਿ = ਕਰਦੇ ਹਨ। ਮੁਕਤਿ = (ਜਗਤ ਦੇ ਝਗੜਿਆਂ ਝੰਬੇਲਿਆਂ ਤੋਂ) ਖ਼ਲਾਸੀ। ਅੰਧਾਰੁ = ਹਨੇਰਾ।੩।
ਅਧਾਰੁ = ਆਸਰਾ। ਸਾਚਾ = ਸਦਾ ਕਾਇਮ ਰਹਿਣ ਵਾਲਾ।੪।
ਅਰਥ: ਹੇ ਭਾਈ! ਗੁਰੂ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦਾ ਨਾਮ ਜਪਿਆ ਕਰ। ਇਹਨਾਂ ਜਤਨਾਂ ਨਾਲ ਹੀ ਸੰਸਾਰ ਦੇ ਝੰਬੇਲਿਆਂ ਦੀ ਫਾਹੀ ਕੱਟ। (ਮੈਨੂੰ ਇਸ ਤੋਂ ਬਿਨਾ) ਹੋਰ ਕੋਈ ਜੁਗਤਿ ਨਹੀਂ ਸੁੱਝਦੀ।ਰਹਾਉ।
ਹੇ ਭਾਈ! ਪਰਮਾਤਮਾ ਅਨਾਥਾਂ ਦੇ ਦੁੱਖ ਦੂਰ ਕਰ ਕੇ ਆਪਣੇ ਸੇਵਕਾਂ ਦੀ ਲਾਜ ਆਪ ਰੱਖਦਾ ਹੈ। ਉਹ ਪ੍ਰਭੂ (ਸੰਸਾਰ-ਸਮੁੰਦਰ ਤੋਂ ਪਾਰ) ਲੰਘਾਣ ਵਾਸਤੇ (ਮਾਨੋ) ਜਹਾਜ਼ ਹੈ, ਉਹ ਹਰੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, (ਉਸ ਦੀ ਸਰਨ ਪਿਆਂ ਕੋਈ) ਦੁੱਖ ਪੋਹ ਨਹੀਂ ਸਕਦਾ।੧।
ਹੇ ਭਾਈ! ਜੇਹੜਾ ਦਇਆ-ਦਾ-ਘਰ ਸਰਬ-ਵਿਆਪਕ ਪ੍ਰਭੂ ਸਦਾ ਹੀ (ਜੀਵਾਂ ਦੇ ਸਿਰ ਉਤੇ ਰਾਖਾ) ਹੈ ਤੇ ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਉਸੇ ਮਾਲਕ ਦਾ ਨਾਮ ਸਦਾ ਸਿਮਰਿਆ ਕਰ, ਉਸੇ ਹਰੀ ਦਾ ਨਾਮ ਜਪ ਕੇ ਆਪਣਾ ਜਨਮ-ਮਰਨ ਦਾ ਗੇੜ ਦੂਰ ਕਰ।੨।
ਹੇ ਭਾਈ! ਵੇਦ ਸਿੰਮ੍ਰਿਤੀ ਸ਼ਾਸਤਰ (ਹਰੇਕ ਧਰਮ ਪੁਸਤਕ ਜਿਸ ਪਰਮਾਤਮਾ ਦਾ) ਜ਼ਿਕਰ ਕਰਦਾ ਹੈ, ਭਗਤ ਜਨ (ਭੀ ਜਿਸ ਪਰਮਾਤਮਾ ਦੇ ਗੁਣਾਂ ਦਾ) ਵਿਚਾਰ ਕਰਦੇ ਹਨ, ਸਾਧ ਸੰਗਤਿ ਵਿਚ (ਉਸ ਦਾ ਨਾਮ ਸਿਮਰ ਕੇ ਜਗਤ ਦੇ ਝੰਬੇਲਿਆਂ ਤੋਂ) ਖ਼ਲਾਸੀ ਮਿਲਦੀ ਹੈ, (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ।੩।
ਹੇ ਨਾਨਕ! ਆਖ-ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨ ਹੀ ਭਗਤਾਂ (ਦੇ ਆਤਮਕ ਜੀਵਨ) ਦਾ ਸਰਮਾਇਆ ਹੈ, ਪਰਮਾਤਮਾ ਦੀ ਓਟ ਹੀ ਉਹਨਾਂ ਦਾ ਬਲ ਹੈ, ਸਹਾਰਾ ਹੈ, ਸਦਾ ਕਾਇਮ ਰਹਿਣ ਵਾਲਾ ਆਸਰਾ ਹੈ।੪।੨।੨੦।