ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਬੂਲਪੁਰ ਦੇ ਦੋ ਸੂਝਵਾਨ ਤੇ ਮਿਹਨਤੀ ਕਿਸਾਨਾਂ ਨੇ ਆਪਣੇ ਖੇਤਾਂ ਚ ਨਵੀਨਤਮ ਤਰੀਕੇ ਨਾਲ ਪਿਆਜ ਦੀ ਰਿਕਾਰਡ ਪੈਦਾਵਾਰ ਕਰਕੇ ਭਾਰਤ ਦੇ ਕਿਸਾਨਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ । ਹੋਰ ਵੀ ਰੌਚਕ ਤੱਥ ਇਹ ਹੈ ਕਿ ਇੱਕ ਇੱਕ ਪਿਆਜ ਦਾ ਭਾਰ ਇੱਕ ਕਿਲੋ ਤੋ ਵੀ ਵੱਧ ਹੈ । ਪਿੰਡ ਬੂਲਪੁਰ ਦੇ ਕਿਸਾਨ ਸੁਰਜੀਤ ਸਿੰਘ ਥਿੰਦ ਨੇ ਆਪਣੇ ਖੇਤਾਂ ਚ 1ਕਿੱਲੋ 225 ਗ੍ਰਾਮ ਦਾ ਇੱਕ ਪਿਆਜ ਤੇ ਕਿਸਾਨ ਰਣਜੀਤ ਸਿੰਘ ਥਿੰਦ ਬੂਲਪੁਰ ਨੇ 1 ਕਿੱਲੋ 150 ਗ੍ਰਾਮ ਦਾ ਇੱਕ ਪਿਆਜ ਪੈਂਦਾ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ ।
ਏਨੇ ਵੱਡੇ ਵੱਡੇ ਪਿਆਜਾਂ ਨੂੰ ਵੇਖਣ ਲਈ ਗੁਆਂਢੀ ਪਿੰਡਾਂ ਦੇ ਕਿਸਾਨ ਉਨ੍ਹਾਂ ਦੇ ਖੇਤਾਂ ਚ ਆ ਰਹੇ ਹਨ ਤੇ ਖੇਤੀਬਾੜੀ ਮਾਹਿਰ ਵੀ ਉਨ੍ਹਾਂ ਦੇ ਨਵੇਂ ਤਰੀਕੇ ਤੋਂ ਪ੍ਰਭਾਵਿਤ ਹਨ । ਇਹ ਦੋਵੇ ਕਿਸਾਨ ਪਿਛਲੇ ਕਈ ਦਹਾਕਿਆਂ ਤੋ ਸ਼ਬਜੀਆ ਦੀ ਕਾਸ਼ਤ ਕਰਦੇ ਆ ਰਹੇ ਹਨ ।ਵਰਨਣਯੋਗ ਹੈ ਕਿ ਕਿਸਾਨ ਰਣਜੀਤ ਸਿੰਘ ਥਿੰਦ ਨੇ ਸੰਨ 2012 ਵਿੱਚ 990 ਗਰਾਮ ਤੇ ਕਿਸਾਨ ਸੁਰਜੀਤ ਸਿੰਘ ਥਿੰਦ ਨੇ ਸੰਨ 2017 ਵਿੱਚ 900 ਗਰਾਮ ਭਾਰੇ ਪਿਆਜ ਪੈਂਦਾ ਕੀਤੇ ਸਨ। ਕਿਸਾਨਾਂ ਨੇ ਦੱਸਿਆ ਕਿ ਇਹ ਪਿਆਜ ਜਾਪਾਨੀ ਬੀਜ ਤੋ ਤਿਆਰ ਕੀਤੇ ਗਏ ਹਨ ਤੇ ਇਹਨਾਂ ਪਿਆਜਾਂ ਵਿੱਚ ਕੁੜੱਤਣ ਬਿਲਕੁਲ ਵੀ ਨਹੀਂ ਹੈ । ਇਸ ਦੀ ਵਰਤੋਂ ਸਲਾਦ ਵਿੱਚ ਸਭ ਤੋਂ ਜਿਆਦਾ ਕੀਤੀ ਜਾਂਦੀ ਹੈ ।
ਕੀ ਕਹਿਣਾ ਹੈ ਕਿਸਾਨ ਰਣਜੀਤ ਸਿੰਘ ਥਿੰਦ ਦਾ :- ਇਸ ਸੰਬੰਧੀ ਕਿਸਾਨ ਰਣਜੀਤ ਸਿੰਘ ਥਿੰਦ ਨੇ ਦੱਸਿਆ ਕਿ ਮੈ ਪਿਛਲੇ ਚਾਰ ਦਹਾਕਿਆਂ ਤੋ ਸ਼ਬਜੀਆ ਦੀ ਕਾਸ਼ਤ ਕਰਦਾ ਆ ਰਿਹਾ ਹਾਂ । ਟਮਾਟਰ, ਖਰਬੂਜ਼ਾ, ਜਚਨੀ, ਪਿਆਜ ਤੇ ਲੱਸਣ ਦੀ ਕਾਸ਼ਤ ਕਾਫੀ ਚਿਰ ਕਰਨ ਤੋ ਬਾਅਦ, 24 ਕੁ ਸਾਲ ਤੋ ਮੈ ਸ਼ਿਮਲਾ ਮਿਰਚ ਤੇ ਲੱਸਣ ਦੀ ਰਲਵੀ ਖੇਤੀ ਹੀ ਕਰ ਰਿਹਾ ਹਾਂ । ਮੇਰਾ ਇਕ ਤਜਰਬਾ ਹੈ ਕਿ ਜਿਥੇ ਸ਼ਿਮਲਾ ਮਿਰਚ ਦੇ ਨਾਲ ਲੱਸਣ ਜਾਂ ਪਿਆਜ ਦੀ ਰਲਵੀ ਖੇਤੀ ਕੀਤੀ ਜਾਵੇ ਉਥੇ ਸ਼ਿਮਲਾ ਮਿਰਚ ਦਾ ਜਿੱਥੇ ਝਾੜ ਵੱਧਦਾ ਹੈ ਉੱਥੇ ਬੀਮਾਰੀ ਦਾ ਹਮਲਾ ਵੀ ਘੱਟ ਹੁੰਦਾ ਹੈ ।
ਉਨ੍ਹਾਂ ਦੱਸਿਆ ਕਿ ਪਿਆਜ ਬਹੁਤ ਸਵਾਦੀ ਹੋਣ ਕਾਰਨ ਇਹਨਾਂ ਪਿਆਜਾਂ ਦੀ ਕਾਫੀ ਡਿਮਾਂਡ ਹੈ। ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਦੇ ਪ੍ਰਧਾਨ ਜਥੇ ਪਰਮਿੰਦਰ ਸਿੰਘ ਖਾਲਸਾ ਨੇ ਉਕਤ ਦੋਵੇ ਮਿਹਨਤੀ ਕਿਸਾਨਾਂ ਦੇ ਜਜਬੇ ਤੇ ਮਿਹਨਤ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਦੋਹਾਂ ਕਿਸਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਖੇਤੀਬਾੜੀ ਵਿਭਾਗ ਨੂੰ ਵੀ ਅਜਿਹੇ ਮਿਹਨਤੀ ਤੇ ਸੂਝਵਾਨ ਕਿਸਾਨਾਂ ਦਾ ਮਾਨ ਸਨਮਾਨ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਉਕਤ ਕਿਸਾਨ ਬਦਲਵੀਂ ਫਸਲ ਦੀ ਸਫਲਤਾ ਲਈ ਹੋਰ ਕਿਸਾਨਾਂ ਲਈ ਵੀ ਪ੍ਰੇਰਨਾ ਸਰੋਤ ਹਨ ।